Mar 7, 2026
ਸਰਕਾਰ ਨੇ ਪਿਛਲੇ ਹੜਾਂ ਤੋਂ ਕਈ ਸਬਕ ਨਹੀ ਲਿਆ- ਐਬਸਫੋਰਡ ਦੇ ਮੇਅਰ ਵਲੋਂ ਨਿਰਾਸ਼ਾ ਪ੍ਰਗਟ-
ਵੈਨਕੂਵਰ,10 ਦਸੰਬਰ (ਮਲਕੀਤ ਸਿੰਘ )-ਭਾਰੀ ਬਾਰਿਸ਼ ਨਾਲ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਣ ਐਬਟਸਫੋਰਡ ਨੇੜੇ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਈਵੇਅ ਉਪਰ ਵਟਕਾਮ ਤੋਂ ਨੰਬਰ 3 ਤੱਕ ਪਾਣੀ ਭਰ ਗਿਆ ਹੈ। ਦੂਸਰੇ ਪਾਸੇ  ਹੋਪ ਅਤੇ ਮੈਨਿੰਗ ਪਾਰਕ ਵਿਚਾਲੇ ਵੀ  ਹਾਈਵੇਅ 3 ਬੰਦ ਰਹੇਗਾ।
ਸੂਬੇ ਦੇ  ਫਰੇਜ਼ਰ  ਵੈਲੀ ਪਹਾੜੀ ਖੇਤਰ ਚ ਪਿਛਲੇ ਦੋ ਹਫਤੇ ਤੋਂ ਲਗਾਤਾਰ ਪੈ ਰਹੀ ਹਲਕੀ ਤੋਂ ਦਰਮਿਆਨੀ ਬਾਰਸ ਕਾਰਨ ਦਰਿਆਈ  ਖੇਤਰਾਂ ਚ ਪਾਣੀ ਦਾ ਪੱਧਰ ਵਧਣਾ ਲਗਾਤਾਰ ਜਾਰੀ ਹੈ ਜਿਸ ਦੇ ਮੱਦੇ ਨਜ਼ਰ ਪ੍ਰਸ਼ਾਸਨ ਵੱਲੋਂ ਨੀਵੇਂ ਥਾਂ ਤੇ ਬਣੇ ਕੁਝ ਘਰਾਂ ਦੇ ਪਰਿਵਾਰਾਂ ਨੂੰ ਉਥੋਂ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ ਦੀ ਹਦਾਇਤ ਜਾਰੀ ਕੀਤੀ ਗਈ ਹੈ।  ਹੁਣ ਤੱਕ ਪ੍ਰਾਪਤ ਤਾਜ਼ਾ ਵੇਰਵੇ ਮੁਤਾਬਕ ਪ੍ਰਸ਼ਾਸਨ ਵੱਲੋਂ ਅਜਿਹੇ ਤਕਰੀਬਨ 350 ਤੋਂ ਵੱਧ ਘਰਾਂ ਨੂੰ ਖਾਲੀ ਕਰਨ ਦੀ ਸੂਚੀ ਜਾਰੀ ਕੀਤੀ ਗਈ ਹੈ।  ਸਮੁੱਚੇ ਫਰੇਜਰ ਵੈਲੀ ਇਲਾਕੇ ਵਿੱਚ ਪਾਣੀ ਦੀ ਸੰਭਾਵਿਤ  ਤਬਾਹੀ ਨੂੰ ਵੇਖਦਿਆਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਉੱਥੋਂ ਦੇ ਵਸਨੀਕਾਂ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਇਥੋਂ ਦੇ ਕਈ ਇਲਾਕਿਆਂ ਚ ਮੀਂਹ ਦਾ ਪਾਣੀ ਇਕੱਤਰ ਹੋਣ ਕਾਰਨ ਲੋਅਰਮੈਂਡ ਤੋਂ ਬਾਹਰ ਜਾਣ ਵਾਲੀਆਂ ਲਗਭਗ ਸਾਰੀਆਂ ਪ੍ਰਮੁੱਖ ਸੜਕਾਂ ਤੇ ਆਰਜੀ ਤੌਰ ਤੇ ਆਵਾਜਾਈ ਰੋਕ ਦਿੱਤੀ ਗਈ ਹੈ।

ਇਸੇ ਦੌਰਾਨ ਐਬਸਫੋਰਡ ਦੇ ਮੇਅਰ ਰੌਸ ਸੀਮਨਜ ਨੇ ਇਲਾਕੇ ਵਿਚ ਹੜਾਂ ਵਰਗੀ ਸਥਿਤੀ ਅਤੇ ਸਰਕਾਰ ਦੇ ਵਿਹਾਰ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਫੈਡਰਲ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ 2021 ਦੇ ਹੜ੍ਹ ਤੋਂ ਬਾਅਦ, ਐਬਟਸਫੋਰਡ ਅਤੇ ਗੁਆਂਢੀ ਨਗਰ ਪਾਲਿਕਾਵਾਂ ਨੇ ਦੁਬਾਰਾ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਜ਼ਰੂਰੀ ਨਵੇਂ ਬੁਨਿਆਦੀ ਢਾਂਚੇ ਦੀ ਇੱਕ ਲੜੀ ਦੀ ਪਛਾਣ ਕੀਤੀ ਸੀ, ਪਰ ਉਨ੍ਹਾਂ ਪ੍ਰੋਜੈਕਟਾਂ ਲਈ ਫੰਡਿੰਗ ਲਈ  ਬੇਨਤੀਆਂ ਨੂੰ ਸਰਕਾਰ ਵਲੋਂ ਵੱਡੇ ਪੱਧਰ ‘ਤੇ ਅਣਡਿੱਠਾ ਕੀਤਾ ਗਿਆ ।

ਉਹਨਾਂ ਹੋਰ ਕਿਹਾ ਕਿ ਸਾਨੂੰ ਫੈਡਰਲ ਸਰਕਾਰ ਦੇ ਖਾਲੀ ਵਾਅਦਿਆਂ ਦੀ ਲੋੜ ਨਹੀਂ। ਸ਼ੁੱਕਰਵਾਰ ਤੱਕ, ਇਸ ਹਫ਼ਤੇ ਭਾਰੀ ਬਾਰਸ਼ ਕਾਰਣ  450 ਜਾਇਦਾਦਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਜਦੋਂਕਿ  1,700 ਹੋਰਾਂ ਨੂੰ ਸੁਰੱਖਿਅਤ ਨਿਕਲਣ ਦੀ ਚੇਤਾਵਨੀ ਦਿੱਤੀ ਗਈ।  ਚਾਰ ਸਾਲ ਪਹਿਲਾਂ, ਵਾਸ਼ਿੰਗਟਨ ਰਾਜ ਵਿੱਚ ਨੂਕਸੈਕ ਨਦੀ ਆਪਣੇ ਕੰਢਿਆਂ ਤੋਂ ਭਰ ਗਈ ਸੀ, ਜਿਸ ਨਾਲ ਸਰਹੱਦ ਪਾਰ ਅਤੇ ਐਬਟਸਫੋਰਡ ਵਿੱਚ ਪਾਣੀ ਦਾ ਇੱਕ ਵੱਡਾ ਵਹਾਅ ਆਇਆ ਸੀ। 2021 ਦੇ ਹੜ੍ਹ ਨੇ 280 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਕੀਤਾ ਸੀ ਤੇ ਲੱਖਾਂ ਫਾਰਮ ਜਾਨਵਰ ਮਾਰੇ ਗਏ ਅਤੇ ਮੈਟਰੋ ਵੈਨਕੂਵਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚਕਾਰ ਆਵਾਜਾਈ ਸੰਪਰਕ ਬੰਦ ਹੋ ਗਿਆ ਸੀ। ਸਰਕਾਰ ਨੂੰ ਉਹਨਾਂ ਹੜਾਂ ਤੋ ਸਬਕ ਲੈਂਦਿਆਂ ਹੜ ਰੋਕੂ ਪ੍ਰਬੰਧ ਕਰਨ ਦੀ ਲੋੜ ਸੀ ਪਰ ਲਗਦਾ ਹੈ ਕਿ ਸਰਕਾਰ ਨੇ ਕੋਈ ਸਬਕ ਨਹੀ ਲਿਆ।