ਸਰੀ ( ਸੰਦੀਪ ਧੰਜੂ)- ਬੀਤੇ ਦਿਨੀਂ ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਵਲੋਂ ਆਪਣਾ 12ਵਾਂ ਸਾਲਾਨਾ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਸੰਸਥਾ 2014 ਤੋਂ ਬੇਘਰੇ ਲੋਕਾਂ ਦੀ ਸਹਾਇਤਾ ਕਰਨ, ਬਜ਼ੁਰਗਾਂ ਦੀ ਸੇਵਾ ਅਤੇ ਮਹੱਤਵਪੂਰਨ ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰ ਰਹੀ ਹੈ।
ਸਮਾਗਮ ਦੌਰਾਨ ਮੇਅਰ ਬਰੈਂਡਾ ਲੌਕ, ਸਾਬਕਾ ਮੇਅਰ ਡੱਗ ਮੈਕੱਲਮ, ਉਘੇ ਬਿਜਨਸਮੈਨ ਮਨਜੀਤ ਸਿੰਘ ਲਿਟ, ਬਲਦੇਵ ਸਿੰਘ ਬਾਠ ਬਸੰਤ ਮੋਟਰਜ਼, ਗੁਰਦੇਵ ਸਿੰਘ ਸੰਧੂ, ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਤੇ ਹੋਰ ਕਈ ਉਘੀਆਂ ਹਸਤੀਆਂ ਨੇ ਸ਼ਮੂਲੀਅਤ ਕੀਤੀ ਤੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਸੰਸਥਾ ਨਾਲ ਜੁੜੇ ਮੈਂਬਰਾਂ ਤੇ ਕਲਾਕਾਰਾਂ ਵਲੋਂ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨਾਲ ਸਮਾਗਮ ਨੂੰ ਯਾਦਗਾਰੀ ਬਣਾਇਆ। ਪ੍ਰਬੰਧਕਾਂ ਜਿਹਨਾਂ ਵਿਚ ਅਮਨ ਕਲੇਰ, ਜਤਿੰਦਰ ਸਿੰਘ ਭਾਟੀਆ ਤੇ ਮੀਰਾ ਗਿੱਲ ਸਮੇਤ ਹੋਰ ਹਾਜ਼ਰ ਸਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸੰਸਥਾ ਦੇ ਉਦੇਸ਼ ਦੀ ਪੂਰਤੀ ਲਈ ਭਾਈਚਾਰੇ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ।










