Mar 7, 2026

ਕੈਨੇਡਾ ਬਾਰਡਰ ਸਰਵਿਸ ਏਜੰਸੀ ਵਲੋਂ ਹੈਰਾਨੀਜਨਕ ਖੁਲਾਸਾ- ਕੈਨੇਡੀਅਨ ਇਮੀਗ੍ਰੇਸ਼ਨ  ਨਾਲ ਖਿਲਵਾੜ ਦੀ ਅਨੋਖੀ ਮਿਸਾਲ-

ਵੈਨਕੂਵਰ ( ਦੇ ਪ੍ਰ ਬਿ)- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਕਹਿਣਾ ਹੈ ਕਿ ਜਬਰੀ ਵਸੂਲੀ ਤੇ ਗੋਲੀਬਾਰੀ  ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 15 ਵਿਦੇਸ਼ੀ ਅਪਰਾਧੀਆਂ ਨੇ ਕੈਨੇਡਾ ਵਿੱਚ ਸ਼ਰਨਾਰਥੀ ਦਰਜੇ ਲਈ ਅਪਲਾਈ ਕਰ ਰੱਖਿਆ ਹੈ। ਸੀ ਬੀ ਐਸ ਏ ਦੇ ਬਿਆਨ ਵਿੱਚ ਨਾ ਤਾਂ ਇਹਨਾਂ ਵਿਦੇਸ਼ੀ ਅਪਰਾਧੀਆਂ ਦੀ ਕੌਮੀਅਤ ਦਾ ਖੁਲਾਸਾ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਅਰਜ਼ੀਆਂ ਬਾਰੇ ਵੇਰਵੇ ਦਿੱਤੇ ਗਏ ਹਨ ਪਰ ਸਰੀ ਦੀ  ਮੇਅਰ ਬ੍ਰੈਂਡਾ ਲੌਕ ਨੇ ਇਕ ਬਿਆਨ ਰਾਹੀ ਇਸ ਖੁਲਾਸੇ ਤੇ ਹੈਰਾਨੀ ਪ੍ਰਗਟ ਕੀਤੀ  ਕਿ ਸ਼ੱਕੀ ਅਪਰਾਧੀ ਦੇਸ਼ ਨਿਕਾਲੇ ਤੋਂ ਬਚਣ ਲਈ ਕੈਨੇਡਾ ਵਿਚ ਸ਼ਰਨਾਰਥੀ ਦਰਜੇ ਲੈਣ ਲਈ ਅਰਜੀਆਂ ਲਗਾ ਰਹੇ ਹਨ।

ਮੇਅਰ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਜਬਰੀ ਵਸੂਲੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੇ ਸਰੀ ਸ਼ਹਿਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਸਰੀ ਨਿਵਾਸੀ ਅਜਿਹੇ ਅਪਰਾਧੀਆਂ ਵਲੋਂ ਕੈਨੇੇਡਾ ਵਿਚ ਸ਼ਰਨ ਲੈਣ ਲਈ ਪਾਈਆਂ ਗਈਆਂ ਅਰਜੀਆਂ ਰਾਹੀਂ ਇਮੀਗ੍ਰੇਸ਼ਨ ਕਨੂੰਨਾਂ ਦੀ ਦੁਰਵਰਤੋਂ ਨੂੰ ਲੈਕੇ ਹੈਰਾਨ ਹਨ। ਉਹਨਾਂ ਹੋਰ ਕਿਹਾ ਕਿ ਅਜਿਹੇ ਅਪਰਾਧੀਆਂ ਨੂੰ ਤੁਰੰਤ ਦੇਸ਼ ਨਿਕਾਲੇ ਦੀ ਸਜ਼ਾ ਲਈ ਫੈਡਰਲ ਸਰਕਾਰ ਨੂੰ  ਇਮੀਗ੍ਰੇਸ਼ਨ ਕਨੂੰਨ ਵਿਚ ਸੁਧਾਰ ਦੀ ਲੋੜ ਹੈ। ਸਰੀ ਪੁਲਿਸ ਦੇ ਅਨੁਸਾਰ ਇਸ ਸਾਲ ਸ਼ਹਿਰ ਵਿਚ 106 ਜਬਰੀ ਵਸੂਲੀਆਂ ਦੇ ਮਾਮਲੇ ਸਾਹਮਣੇ ਆਏ ਹਨ।

ਸੂਬਾ ਸਰਕਾਰ ਵਲੋਂ ਜਬਰੀ ਵਸੂਲੀਆਂ ਦੀ ਘਟਨਾਵਾਂ ਨੂੰ ਠੱਲ ਪਾਉਣ ਲਈ ਬਣਾਏ ਗਏ ਵਿਸ਼ੇਸ਼ ਸੈਲ ਵਲੋ ਅਪਰਾਧੀਆਂ ਖਿਲਾਫ ਕਾਰਵਾਈ ਕਰਦਿਆਂ ਜਦੋਂ ਇਹਨਾਂ ਦੇ ਕੇਸ ਕੈਨੇਡਾ ਬਾਰਡਰ ਸੀਕਿਊਰਟੀ ਏੰਜਸੀ ਨੂੰ ਭੇਜੇ ਗਏ ਤਾਂ ਏਜੰਸੀ ਵਲੋਂ ਅਪਰਾਧੀਆਂ ਦੁਆਰਾ ਸ਼ਰਨਾਰਥੀਆਂ ਅਰਜੀ ਲਗਾਏ ਜਾਣ ਦਾ ਖੁਲਾਸਾ ਕਰਿਦਾਂ ਕਿਹਾ ਕਿ ਕੈਨੇਡਾ ਦਾ ਕਨੂੰਨ ਅਜਿਹੀ ਕਿਸੇ ਵੀ ਅਰਜੀ ਦੀ ਸੁਣਵਾਈ ਦੀ ਇਜਾਜ਼ਤ ਦਿੰਦਾ ਹੈ। ਇਸ ਮਾਮਲੇ ਵਿਚ ਕਿਸੇ ਵੀ ਅਪਰਾਧੀ ਵਲੋਂ ਲਗਾਈ ਗਈ ਅਰਜੀ ਦੇ ਯੋਗ ਜਾਂ ਆਯੋਗ ਹੋਣ ਸਬੰਧੀ ਕੈਨੇਡਾ ਦੇ ਸ਼ਰਨਾਰਥੀ ਬੋਰਡ ਵਲੋਂ ਫੈਸਲਾ ਸੁਣਾਏ ਜਾਣ ਤੱਕ ਏਜੰਸੀ ਕੋਈ ਕਾਰਵਾਈ ਨਹੀ ਕਰ ਸਕਦੀ। ਅਪਰਾਧੀਆਂ ਦੁਆਰਾ ਕੈਨੇਡੀਅਨ ਇਮੀਗ੍ਰੇਸ਼ਨ ਕਨੂੰਨ ਦੀ ਦੁਰਵਰਤੋਂ ਕੀਤੇ ਜਾਣ ਦੇ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੀ ਬੀ ਐਸ ਏ ਦਾ ਕਹਿਣਾ ਹੈ ਕਿ ਗੰਭੀਰ ਅਪਰਾਧਾਂ ਜਾਂ ਸੰਗਠਿਤ ਅਪਰਾਧ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਦੁਆਰਾ ਸ਼ਰਨਾਰਥੀ ਦਾਅਵੇ ਲਈ ਪਾਈ ਗਈ ਅਰਜੀ ਨੂੰ ਰੱਦ ਕੀਤੇ ਜਾਣ ਲਈ ਇਮੀਗ੍ਰੇਸ਼ਨ ਬੋਰਡ ਤੋ ਮੰਗ ਕਰਨਗੇ।

ਇਮੀਗ੍ਰੇਸ਼ਨ ਮਾਹਿਰਾਂ ਦਾ ਵੀ ਕਹਿਣਾ ਹੈ  ਕਿ ਇਮੀਗ੍ਰੇਸ਼ਨ ਸ਼ਰਨਾਰਥੀ ਬੋਰਡ ਉਨ੍ਹਾਂ ਦੇ ਸ਼ਰਨਾਰਥੀ ਦਾਅਵਿਆਂ ਨੂੰ ਉਹਨਾਂ ਵਲੋਂ ਕੀਤੇ ਗਈਆਂ ਅਪਰਾਧਿਕ ਕਾਰਵਾਈਆਂ ਦੇ ਆਧਾਰ ‘ਤੇ ਰੱਦ ਕਰ ਸਕਦਾ ਹੈ ।ਇਹ ਵੀ ਹੈ ਕਿ ਸ਼ਰਨਾਰਥੀ ਅਰਜੀਆਂ ਦੀ ਸੁਣਵਾਈ ਕਾਰਣ ਸ਼ੱਕੀ ਅਪਰਾਧੀਆਂ ਨੂੰ ਦੇਸ਼ ਨਿਕਾਲੇ ਦੀ ਕਾਰਵਾਈਆਂ ਸਾਲਾਂ ਤੱਕ ਲਟਕ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਸਤੰਬਰ ਵਿੱਚ, ਬੀ.ਸੀ. ਸਰਕਾਰ ਨੇ “ਜਬਰੀ ਵਸੂਲੀ ਨਾਲ ਸਬੰਧਿਤ ਅਪਰਾਧਿਕ ਕਾਰਵਾਈਆਂ ਨਾਲ  ਨਜਿੱਠਣ ਲਈ ਇੱਕ ਜਬਰੀ ਵਸੂਲੀ ਟਾਸਕ ਫੋਰਸ ਦਾ ਗਠਨ ਕੀਤਾ ਸੀ। ਆਰ ਸੀ ਐਮ ਪੀ ਦੀ ਅਗਵਾਈ ਵਾਲੀ ਇਸ ਟਾਸਕ ਫੋਰਸ ਵਿਚ ਸਰੀ ਪੁਲਿਸ ਅਤੇ ਇਮੀਗ੍ਰੇਸ਼ਨ ਅਧਿਕਾਰੀ ਵੀ ਸ਼ਾਮਿਲ ਹਨ।  ਸੀ.ਬੀ.ਐਸ.ਏ. ਵੀ ਇਸ ਟਾਸਕ ਫੋਰਸ ਦਾ ਇੱਕ “ਅਨਿੱਖੜਵਾਂ ਅੰਗ” ਹੈ।
4 ਦਸੰਬਰ ਤੱਕ, ਸੀ.ਬੀ.ਐਸ.ਏ. ਨੇ ਜਬਰੀ ਵਸੂਲੀ ਟਾਸਕ ਫੋਰਸ ਦੁਆਰਾ ਪਛਾਣੇ ਗਏ ਵਿਦੇਸ਼ੀ ਨਾਗਰਿਕਾਂ ਬਾਰੇ 96 ਜਾਂਚਾਂ ਖੋਲ੍ਹੀਆਂ ਸਨ। ਉਨ੍ਹਾਂ ਵਿੱਚੋਂ ਗਿਆਰਾਂ ਨੂੰ ਦੇਸ਼ ਨਿਕਾਲੇ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਅਤੇ ਪੰਜ ਨੂੰ ਪਹਿਲਾਂ ਹੀ ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਹੈ। ਇਹਨਾਂ ਵਿਚ ਉਹ ਵਿਅਕਤੀ ਸ਼ਾਮਿਲ ਹਨ ਜਿਹਨਾਂ ਦੇ  ਵਿਦਿਆਰਥੀ ਜਾਂ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਸੀ।