Mar 7, 2026

ਲਿਬਰਲ ਪਾਰਟੀ ਬਹੁਮਤ ਦੇ ਨੇੜੇ ਪੁੱਜੀ-

ਓਟਾਵਾ-ਉਨਟਾਰੀਓ ਤੋਂ ਇਕ ਹੋਰ ਕੰਸਰਵੇਟਿਵ ਐਮ ਪੀ ਨੇ ਪ੍ਰਧਾਨ ਮੰਤਰੀ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਕਾਕਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ ਜਿਸ ਨਾਲ ਘੱਟ ਗਿਣਤੀ ਸਰਕਾਰ ਸਦਨ ਵਿਚ ਕੇਵਲ ਇਕ ਸੀਟ ਘੱਟ ਬਹੁਮਤ ਦੇ ਨੇੜੇ ਪੁੱਜ ਗਈ ਹੈ।  ਓਨਟਾਰੀਓ ਦੇ ਸੰਸਦ ਮੈਂਬਰ ਮਾਈਕਲ ਮਾ ਨੇ ਵੀਰਵਾਰ ਸ਼ਾਮ ਨੂੰ ਇੱਕ ਬਿਆਨ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਘੱਟ ਗਿਣਤੀ ਕਾਕਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਵੰਡ ‘ਤੇ ਨਹੀਂ ਬਲਕਿ ਸਮੱਸਿਆ ਦੇ ਹੱਲ ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ।

ਮਾਈਕਲ ਮਾ ਹਾਲ ਹੀ ਦੇ ਹਫ਼ਤਿਆਂ ਵਿੱਚ ਦਲ ਬਦਲੀ ਕਰਨ ਵਾਲੇ  ਦੂਜੇ ਕੰਸਰਵੇਟਿਵ ਮੈਂਬਰ ਹਨ। ਇਸਤੋਂ ਪਹਿਲਾਂ ਨੋਵਾ ਸਕੋਸ਼ੀਆ ਦੇ ਸੰਸਦ ਮੈਂਬਰ ਕ੍ਰਿਸ ਡੀ’ਐਂਟਰਮੋਂਟ ਨਵੰਬਰ ਵਿੱਚ ਲਿਬਰਲ ਕਾਕਸ ਵਿੱਚ ਸ਼ਾਮਲ ਹੋਏ ਸਨ।  ਲਿਬਰਲਾਂ ਕੋਲ ਹੁਣ ਸਦਨ ਦੀਆਂ  343 ਵਿੱਚੋਂ 171 ਸੀਟਾਂ ਹਨ।

ਇੱਕ ਹੋਰ ਸੰਸਦ ਮੈਂਬਰ ਦਾ ਲਿਬਰਲ ਵਿਚ ਚਲੇ ਜਾਣਾ ਕੰਸਰਵੇਟਿਵ ਆਗੂ ਪੋਲੀਵਰ ਲਈ ਇੱਕ ਹੋਰ ਝਟਕਾ ਹੈ। ਅਪ੍ਰੈਲ ਦੀਆਂ ਚੋਣਾਂ ਵਿੱਚ ਲਿਬਰਲਾਂ ਨੂੰ ਹਰਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ, ਹੁਣ ਪੋਲੀਅਰ ਨੂੰ  ਜਨਵਰੀ ਵਿੱਚ ਇੱਕ ਪਾਰਟੀ ਕਨਵੈਨਸ਼ਨ ਦੌਰਾਨ ਲੀਡਰਸ਼ਿਪ ਸਮੀਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਆਪਣੇ ਫੈਸਲੇ ਦਾ ਐਲਾਨ ਕਰਨ ਤੋਂ ਕੁਝ ਘੰਟਿਆਂ ਬਾਅਦ, ਮਿਸਟਰ ਮਾ ਨੇ ਸੈਂਕੜੇ ਲਿਬਰਲਾਂ ਨੂੰ ਸੰਬੋਧਨ ਕਰਦਿਆਂ ਆਪਣੇ ਫੈਸਲੇ ਨੂੰ ਦੇਸ਼ ਹਿੱਤ ਵਿਚ ਦੱਸਿਆ ਜਦੋਂਕਿ ਮਿਸਟਰ ਕਾਰਨੀ ਨੇ ਉਹਨਾਂ ਦਾ ਸਵਾਗਤ ਕਰਦਿਆਂ ਕ੍ਰਿਸਮਿਸ ਦੀਆਂ ਛੁਟੀਆਂ ਦੀ ਵਧਾਈ ਦਿੱਤੀ।