ਇਮੀਗ੍ਰੇਸ਼ਨ ਨੀਤੀ ਨਾਲ ਖਿਲਵਾੜ ਦੀ ਵਿਕੋਲਿਤਰੀ ਮਿਸਾਲ–
-ਸੁਖਵਿੰਦਰ ਸਿੰਘ ਚੋਹਲਾ-
ਪਿਛਲੇ ਕੁਝ ਸਮੇਂ ਤੋਂ ਕੈਨੇਡੀਅਨ ਪੰਜਾਬੀ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਜਬਰੀ ਵਸੂਲੀ, ਗੋਲੀਬਾਰੀ ਤੇ ਜਾਨੋਂ ਮਾਰਨ ਦੀ ਧਮਕੀਆਂ ਦੇ ਵੱਡੇ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਵਿਦੇਸ਼ੀ ਧਰਤੀ ਤੋਂ ਕਾਰਜਸ਼ੀਲ ਇਕ ਗੈਂਗਸਟਰ ਗਰੁੱਪ ਨਾਲ ਸਬੰਧਿਤ ਗੈਂਗਸਟਰਾਂ ਵਲੋਂ ਲਗਾਤਾਰ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨੇ ਬਣਾਏ ਜਾਣ, ਇਥੋਂ ਤੱਕ ਕਿ ਫਿਰੌਤੀ ਦੀ ਵਸੂਲੀ ਲਈ ਜਾਨੋਂ ਮਾਰੇ ਜਾਣ ਦੀਆਂ ਘਟਨਾਵਾਂ ਕਾਰਣ ਪੂਰੇ ਕੈਨੇਡਾ ਵਿਚ ਪੰਜਾਬੀ ਭਾਈਚਾਰਾ ਇਕ ਡਰ ਤੇ ਸਹਿਮ ਦੇ ਮਾਹੌਲ ਵਿਚ ਜੀਣ ਲਈ ਮਜ਼ਬੂਰ ਹੈ। ਕੁਝ ਸਮਾਜਿਕ ਸੰਸਥਾਵਾਂ ਤੇ ਕਾਰੋਬਾਰੀਆਂ ਦੇ ਗਰੁੱਪਾਂ ਵਲੋਂ ਗੈਂਗਸਟਰਾਂ ਦੀ ਇਸ ਦਹਿਸ਼ਤ ਖਿਲਾਫ ਵੱਡੇ ਇਕੱਠ ਕਰਨ, ਪੁਲਿਸ ਤੰਤਰ ਅਤੇ ਸਰਕਾਰਾਂ ਉਪਰ ਦਬਾਅ ਪਾਉਣ ਉਪਰੰਤ ਪਿਛਲੇ ਕੁਝ ਸਮੇਂ ਤੋਂ ਇਸ ਸਮੱਸਿਆ ਨਾਲ ਨਿਪਟਣ ਲਈ ਕੁਝ ਗੰਭੀਰ ਯਤਨ ਸਾਹਮਣੇ ਆਏ ਹਨ। ਬੀਸੀ ਸਰਕਾਰ ਵਲੋਂ ਫੈਡਰਲ ਸਰਕਾਰ ਦੀ ਮਦਦ ਨਾਲ ਇਹਨਾਂ ਘਟਨਾਵਾਂ ਨਾਲ ਨਿਪਟਣ ਲਈ ਇਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ। ਸਰੀ ਸਿਟੀ ਤੇ ਪ੍ਰਾਂਤਕ ਸਰਕਾਰ ਦੇ ਵਿਸ਼ੇਸ਼ ਉਦਮ ਦੇ ਨਾਲ ਫੈਡਰਲ ਸਰਕਾਰ ਵਲੋਂ ਇਸ ਟਾਸਕ ਫੋਰਸ ਦੇ ਪ੍ਰਭਾਵੀ ਢੰਗ ਨਾਲ ਕੰਮ ਕਰਨ ਅਤੇ ਤੁਰੰਤ ਨਤੀਜੇ ਦੇਣ ਲਈ ਵਿਸ਼ੇਸ਼ ਫੰਡਿੰਗ ਦੇ ਵੀ ਐਲਾਨ ਹੋਏ। ਪੁਲਿਸ ਅਤੇ ਸਰਕਾਰਾਂ ਦੇ ਗੰਭੀਰ ਯਤਨਾਂ ਦੇ ਬਾਵਜੂਦ ਗੈਂਗਸਟਰਾਂ ਵਲੋਂ ਆਪਣੀਆਂ ਕਾਰਵਾਈਆਂ ਨੂੰ ਬੇਖੌਫ ਜਾਰੀ ਰੱਖੇ ਜਾਣ ਉਪਰ ਕਈ ਸਵਾਲ ਵੀ ਉਠੇ ਪਰ ਇਸ ਦੌਰਾਨ ਆਰ ਸੀ ਐਮ ਪੀ ਤੇ ਮਿਊਂਸਪਲ ਪੁਲਿਸ ਵਲੋਂ ਮਿਲਕੇ ਕੀਤੇ ਗਏ ਅਪ੍ਰੇਸ਼ਨਾਂ ਨੂੰ ਕੁਝ ਸਫਲਤਾ ਵੀ ਮਿਲੀ। ਪਿਛਲੇ ਥੋੜੇ ਸਮੇਂ ਦੌਰਾਨ ਜਬੂਰੀ ਵਸੂਲੀ ਅਤੇ ਗੋਲੀਬਾਰੀਆਂ ਦੀਆਂ ਸੈਂਕੜੇ ਤੋਂ ਉਪਰ ਘਟਨਾਵਾਂ ਰਿਪੋਰਟ ਹੋਈਆਂ ਜਿਹਨਾਂ ਦੀ ਵਿਸ਼ੇਸ਼ ਟਾਸਕ ਫੋਰਸ ਦੁਆਰਾ ਜਾਂਚ ਚੱਲ ਰਹੀ ਹੈ। ਇਸੇ ਦੌਰਾਨ ਖਬਰ ਆਈ ਕਿ ਵਿਸ਼ੇਸ਼ ਟਾਸਕ ਫੋਰਸ ਦੀ ਜਾਂਚ ਦੇ ਨਤੀਜੇ ਵਜੋਂ 5 ਅਪਰਾਧੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਭਾਵੇਂਕਿ ਇਹਨਾਂ ਡਿਪੋਰਟ ਕੀਤੇ ਗੈਂਗਸਟਰਾਂ ਦੇ ਨਾਮ ਤੇ ਪਤੇ ਟਾਸਕ ਫੋਰਸ ਦੁਆਰਾ ਜਾਰੀ ਨਹੀ ਕੀਤੇ ਗਏ ਪਰ ਇਸ ਦੌਰਾਨ ਦਿੱਲੀ ਪੁਲਿਸ ਦੁਆਰਾ ਕੈਨੇਡਾ ਤੋਂ ਫਰਾਰ ਇਕ ਗੈਂਗਸਟਰ ਨੂੰ ਲੁਧਿਆਣਾ ਸ਼ਹਿਰ ਤੋਂ ਗ੍ਰਿਫਤਾਰ ਕਰਨ ਤੇ ਉਸ ਦੇ ਕਬਜੇ ਚੋ ਮਾਰੂ ਹਥਿਆਰ ਬਰਾਮਦ ਹੋਣ ਦੇ ਨਾਲ ਦਿੱਲੀ ਪੁਲਿਸ ਨੂੰ ਜੋ ਜਾਣਕਾਰੀ ਹਾਸਲ ਹੋਈ, ਉਸਨੇ ਇੰਡੀਆ-ਕੈਨੇਡਾ ਵਿਚ ਗੈਂਗਸਟਰ ਨੈਟਵਰਕ ਦੇ ਖਤਰਨਾਕ ਇਰਾਦਿਆਂ ਤੇ ਯੋਜਨਾਵਾਂ ਦਾ ਪਰਦਾ ਫਾਸ਼ ਕੀਤਾ। ਬਾਲੀਵੁੱਡ ਦੇ ਇਕ ਉਘੇ ਕਾਮੇਡੀ ਕਲਾਕਾਰ ਦੇ ਸਰੀ ਵਿਚ ਸਥਿਤ ਰੈਸਤਰਾਂ ਉਪਰ ਲਗਾਤਾਰ ਗੋਲੀਬਾਰੀ ਤੇ ਸੋਸ਼ਲ ਮੀਡੀਆ ਉਪਰ ਆਪਣੀਆਂ ਕਾਰਵਾਈਆਂ ਨੂੰ ਵਡਿਆਉਣ ਤੇ ਡਰਾਉਣ ਵਾਲੇ ਗੈਂਗਸਟਰਾਂ ਬਾਰੇ ਇੰਡੀਆ ਪੁਲਿਸ ਨੂੰ ਮਿਲੀ ਜਾਣਕਾਰੀ ਉਪਰੰਤ ਕੈਨੇਡਾ ਪੁਲਿਸ ਉਪਰ ਵੀ ਇਹਨਾਂ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਲਈ ਦਬਾਅ ਵਧਿਆ। ਇਕ ਤਾਜਾ ਜਾਣਕਾਰੀ ਮੁਤਾਬਿਕ ਬੀ ਸੀ ਦੀ ਵਿਸ਼ੇਸ਼ ਟਾਸਕ ਫੋਰਸ ਵਲੋਂ ਪਿਛਲੇ ਕੁਝ ਸਮੇਂ ਦੌਰਾਨ ਸਰੀ ਅਤੇ ਕੁਝ ਹੋਰ ਥਾਵਾਂ ਤੋਂ ਵੱਡੀ ਗਿਣਤੀ ਵਿਚ ਫੜੇ ਗਏ ਗੈਂਗਸਟਰਾਂ ਨੂੰ ਡਿਪੋਰਟ ਕੀਤੇ ਜਾਣ ਦੀ ਚਾਰਾਜੋਈ ਆਰੰਭੀ ਗਈ। ਪਰ ਇਸੇ ਦੌਰਾਨ ਅਪਰਾਧੀਆਂ ਦੇ ਡਿਪੋਰਟੇਸ਼ਨ ਦੀ ਕਾਰਵਾਈ ਨੂੰ ਅੰਜਾਮ ਦੇਣ ਵਾਲੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਜੋ ਖੁਲਾਸਾ ਕੀਤਾ, ਉਹ ਬਹੁਤ ਹੀ ਹੈਰਾਨੀਜਨਕ ਤੇ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਨਾਲ ਖਿਲਵਾੜ ਦੀ ਇਕ ਵਿਕੋਲਿਤਰੀ ਮਿਸਾਲ ਹੈ। ਏਜੰਸੀ ਦਾ ਕਹਿਣਾ ਹੈ ਕਿ ਵਿਸ਼ੇਸ਼ ਟਾਸਕ ਫੋਰਸ ਦੁਆਰਾ ਫੜੇ ਗਏ ਜਿਹੜੇ ਅਪਰਾਧੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਆਰੰਭੀ ਗਈ, ਉਹਨਾਂ ਵਿਚ 15 ਅਪਰਾਧੀ ਅਜਿਹੇ ਹਨ ਜਿਹਨਾਂ ਨੇ ਕੈਨੇਡਾ ਵਿਚ ਸ਼ਰਨਾਰਥੀ ਸਟੇਟਸ ਲਈ ਅਰਜੀਆਂ ਲਗਾ ਰੱਖੀਆਂ ਹਨ। ਏਜੰਸੀ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਸ਼ਰਨਾਰਥੀ ਬੋਰਡ ਦੁਆਰਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹ ਇਹਨਾਂ ਅਪਰਾਧੀਆਂ ਖਿਲਾਫ ਡਿਪੋਰਟੇਸ਼ਨ ਦੀ ਕਾਰਵਾਈ ਨੂੰ ਰੋਕਣ ਲਈ ਮਜਬੂਰ ਹਨ। ਏਜੰਸੀ ਦੇ ਇਸ ਖੁਲਾਸੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਦੇ ਨਾਲ ਕੈਨੇਡੀਅਨ ਪ੍ਰਬੰਧ ਅਤੇ ਪ੍ਰਵਾਸੀ ਭਾਈਚਾਰਿਆਂ ਦੇ ਸਮਾਜਿਕ ਤਾਣੇ ਬਾਣੇ ਉਪਰ ਵੀ ਕਈ ਸਵਾਲ ਖੜੇ ਕੀਤੇ ਹਨ। ਇਹਨਾਂ ਅਪਰਾਧੀਆਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਲਈ ਕੈਨੇਡਾ ਦੇ ਸ਼ਰਨਾਰਥੀ ਕਨੂੰਨ ਵਿਚ ਸੋਧ ਦੇ ਨਾਲ ਇਮੀਗ੍ਰੇਸ਼ਨ ਨੀਤੀਆਂ ਵਿਚ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਹੈ। ਸਰੀ ਦੀ ਮੇਅਰ ਨੇ ਏਜੰਸੀ ਦੇ ਇਸ ਖੁਲਾਸੇ ਤੇ ਹੈਰਾਨੀ ਪ੍ਰਗਟ ਕਰਦਿਆਂ ਫੈਡਰਲ ਸਰਕਾਰ ਨੂੰ ਭਾਵੇਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਪਰ ਅੰਕੜੇ ਬੋਲਦੇ ਹਨ ਕਿ ਇਮੀਗ੍ਰੇਸ਼ਨ ਸ਼ਰਨਾਰਥੀ ਬੋਰਡ ਵਲੋਂ ਲੱਖਾਂ ਦੀ ਗਿਣਤੀ ਵਿਚ ਲੰਬਿਤ ਪਈਆਂ ਅਰਜੀਆਂ ਦਾ ਨਿਪਟਾਰਾ ਇਤਨਾ ਸਹਿਜ ਨਹੀ।
ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ 2023 ਦੌਰਾਨ ਕੈਨੇਡਾ ਵਿੱਚ 144,000 ਤੋਂ ਵੱਧ ਪ੍ਰਵਾਸੀਆਂ ਨੇ ਸ਼ਰਣ ਦਾ ਦਾਅਵਾ ਕੀਤਾ ਸੀ। ਇਹ ਅੰਕੜਾ 2015 ਵਿੱਚ ਲਿਬਰਲ ਸਰਕਾਰ ਬਣਨ ਤੋਂ ਪਹਿਲਾਂ ਦੇ ਕਿਸੇ ਵੀ ਸਾਲ ਨਾਲੋਂ ਕਈ ਗੁਣਾ ਵੱਧ ਹੈ। ਇੱਕ ਦਹਾਕਾ ਪਹਿਲਾਂ ਤੱਕ, ਕੈਨੇਡਾ ਵਿਚ ਪ੍ਰਤੀ ਸਾਲ ਔਸਤਨ 25,000 ਤੋਂ ਘੱਟ ਸ਼ਰਣ ਦੇ ਦਾਅਵੇ ਕੀਤੇ ਜਾਂਦੇ ਸਨ। ਤਤਕਾਲੀ ਪ੍ਰਧਾਨ ਮੰਤਰੀ ਟਰੂਡੋ ਵਲੋਂ ਇਮੀਗ੍ਰੇਸ਼ਨ ਨੀਤੀਆਂ ਵਿਚ ਵੱਡੀਆਂ ਤਬਦੀਲੀਆਂ ਕਾਰਣ ਕੈਨੇਡਾ ਵਿਚ ਅਸੰਤੁਲਿਤ ਹੋਏ ਇਮੀਗ੍ਰੇਸ਼ਨ ਸਿਸਟਮ ਨੇ ਕਈ ਹੋਰ ਅਲਾਮਤਾਂ ਨੂੰ ਵੀ ਜਨਮ ਦਿੱਤਾ। ਟਰੂਡੋ ਸਰਕਾਰ ਦੀ ਕੌਮਾਂਤਰੀ ਵਿਦਿਆਰਥੀਆਂ ਨੂੰ ਲਿਆਉਣ ਦੀ ਨੀਤੀ ਤੇ ਸਿੱਖਿਆ ਸੰਸਥਾਵਾਂ ਨੂੰ ਸਟੂਡੈਂਟ ਵੀਜੇ ਲਈ ਭਾਰੀ ਛੋਟਾਂ ਨੇ ਵੀ ਕਈ ਵਿਗਾੜ ਪੈਦਾ ਕੀਤੇ। ਅੰਕੜੇ ਦਸਦੇ ਹਨ ਕਿ ਕੈਨੇਡਾ ਵਿਚ 80 ਤੋਂ ਵੱਧ ਅਜਿਹੀਆਂ ਸਿਖਿਆ ਸੰਸਥਾਵਾਂ ਸਨ ਜਿਹਨਾਂ ਵਿਚ ਆਉਣ ਵਾਲੇ ਵਿਦਿਆਰਥੀਆਂ ਨੇ ਆਪਣੀ ਪੜਾਈ ਪੂਰੀ ਕਰਨ ਦੀ ਬਿਜਾਏ ਸ਼ਰਨਾਰਥੀ ਦਾਅਵੇ ਕਰਨ ਨੂੰ ਤਰਜੀਹ ਦਿੱਤੀ। ਇਹਨਾਂ ਵਿਚ ਕੁਝ ਇਕ ਸੰਸਥਾਵਾਂ ਅਜਿਹਆਂ ਵੀ ਹਨ ਜਿਹਨਾਂ ਨੂੰ ਜਿਤਨੇ ਸਟੱਡੀ ਪਰਮਿਟ ਜਾਰੀ ਹੋਏ, ਉਹਨਾਂ ਚੋ ਉਤਨੇ ਹੀ ਸ਼ਰਨਾਰਥੀ ਦਾਅਵੇ ਕੀਤੇ ਗਏ। ਸਾਲ 2020 ਵਿੱਚ ਇੰਸਟੀਚਿਊਟ ਆਫ਼ ਟੈਕਨਾਲੋਜੀ ਡਿਵੈਲਪਮੈਂਟ ਆਫ਼ ਕੈਨੇਡਾ ਨੂੰ 10 ਸਟੱਡੀ ਪਰਮਿਟ ਮਨਜ਼ੂਰ ਕੀਤੇ ਗਏ ਸਨ ਅਤੇ ਉਸਦੇ 10 ਹੀ ਸ਼ਰਣ ਦੇ ਦਾਅਵੇ ਸਨ। 2023 ਵਿੱਚ, ਕੈਨੇਡੀਅਨ ਟੈਕਨਾਲੋਜੀ ਕਾਲਜ ਵਿੱਚ 10 ਅਧਿਐਨ ਪਰਮਿਟ ਮਨਜ਼ੂਰ ਕੀਤੇ ਗਏ ਸਨ ਅਤੇ 10 ਸ਼ਰਣ ਦੇ ਦਾਅਵੇ। 2024 ਵਿੱਚ ਟੋਰਾਂਟੋ ਦੇ ਇਕ ਹੋਰ ਕਾਲਜ ਵਿੱਚ 330 ਅਧਿਐਨ ਪਰਮਿਟ ਮਨਜ਼ੂਰ ਕੀਤੇ ਗਏ ਸਨ ਅਤੇ 280 ਸ਼ਰਣ ਦੇ ਦਾਅਵੇ ਕੀਤੇ ਗਏ ਸਨ। 2018 ਤੋਂ 2024 ਤੱਕ, ਮਨਜ਼ੂਰ ਕੀਤੇ ਗਏ 17 ਲੱਖ 47,940 ਸਟੱਡੀ ਪਰਮਿਟਾਂ ਵਿੱਚੋਂ 33,985 ਵਿਦਿਆਰਥੀਆਂ ਨੇ ਸ਼ਰਣ ਲਈ ਅਰਜ਼ੀ ਦਿੱਤੀ।
ਸਮਝਿਆ ਜਾ ਸਕਦਾ ਹੈ ਕਿ ਕਿਵੇਂ ਇਕ- ਇਕ ਕਮਰੇ ਵਿਚ ਖੁਲੀਆਂ ਸਿੱਖਿਆ ਸੰਸਥਾਵਾਂ ਨੂੰ ਤਤਕਾਲੀ ਸਰਕਾਰ ਨੇ ਮਨਜੂਰੀਆਂ ਦਿੱਤੀਆਂ ਤੇ ਉਹਨਾਂ ਵਲੋਂ ਸਿੱਖਿਆ ਨੂੰ ਵਪਾਰ ਬਣਾਉਂਦਿਆਂ ਸਟੱਡੀ ਪਰਮਿਟਾਂ ਦੀ ਦੁਰਵਰਤੋਂ ਕੀਤੀ ਗਈ। ਇਹਨਾਂ ਫਰਾਡ ਸੰਸਥਾਵਾਂ ਵਲੋਂ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਨਾਲ ਕੀਤੇ ਗਏ ਖਿਲਵਾੜ ਦੇ ਨਤੀਜੇ ਵਜੋਂ ਕੈਨੇਡਾ ਪੁੱਜੇ ਅਪਰਾਧੀ ਕਿਸਮ ਦੇ ਲੋਕ ਅੱਜ ਕੈਨੇਡਾ ਅਤੇ ਅਮਨ ਪਸੰਦ ਸ਼ਹਿਰੀਆਂ ਲਈ ਇਕ ਵੱਡੀ ਸਮੱਸਿਆ ਬਣ ਗਏ ਹਨ। ਹੁਣ ਇਹਨਾਂ ਅਪਰਾਧੀ ਕਿਸਮ ਦੇ ਲੋਕਾਂ ਵਲੋਂ ਕੈਨੇਡਾ ਵਿਚ ਰਹਿਣ ਲਈ ਸ਼ਰਨਾਰਥੀ ਦਾਅਵਿਆਂ ਦਾ ਖੁਲਾਸਾ ਪਰਵਾਸੀ ਪੰਜਾਬੀ ਤੇ ਭਾਰਤੀ ਭਾਈਚਾਰੇ ਨੂੰ ਬਦਨਾਮ ਕਰਨ ਦੇ ਨਾਲ ਮੁਖ ਧਾਰਾ ਵਿਚ ਉਹਨਾਂ ਦੀ ਭਰੋਸੇਯੋਗਤਾ ਉਪਰ ਵੀ ਸਵਾਲ ਲਗਾਉਣ ਵਾਲਾ ਹੈ।
