Apr 23, 2026

22 ਸਾਲਾ ਗੁਰਸੇਵਕ ਸਿੰਘ ਨਾਮ ਦੇ ਨੌਜਵਾਨ ਦੀ ਤਸਵੀਰ ਜਾਰੀ ਕਰਦਿਆਂ ਹੋਰ ਜਾਣਕਾਰੀ ਮੰਗੀ-

ਐਬਸਫੋਰਡ- ਐਬਟਸਫੋਰਡ ਪੁਲਿਸ ਨੇ ਇਕ 22 ਸਾਲਾ ਨੌਜਵਾਨ ਨੂੰ  ਬੁੱਧਵਾਰ (17 ਦਸੰਬਰ) ਦੀ ਰਾਤ ਨੂੰ ਇੱਕ ਸਥਾਨਕ ਕਾਰੋਬਾਰ ‘ਤੇ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਕਰਨ ਤਹਿਤ ਚਾਰਜ ਕੀਤਾ ਹੈ।  ਐਬਟਸਫੋਰਡ ਪੁਲਿਸ ਵਿਭਾਗ ਦੁਆਰਾ ਸ਼ੁੱਕਰਵਾਰ (19 ਦਸੰਬਰ) ਜਾਰੀ ਕੀਤੀ ਗਈ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ 22 ਸਾਲਾ ਗੁਰਸੇਵਕ ਸਿੰਘ ‘ਤੇ ਗੋਲੀਬਾਰੀ ਕਰਨ ਦੇ ਦੋਸ਼ ਲਗਾਏ ਗਏ ਹਨ । ਉਹ 23 ਦਸੰਬਰ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਹੈ। ਪੁਲਿਸ ਨੇ ਗੁਰਸੇਵਕ ਸਿੰਘ ਦੀ ਇੱਕ ਫੋਟੋ ਵੀ ਜਾਰੀ ਕੀਤੀ ਹੈ ਤਾਂਕਿ ਉਸ  ਨਾਲ ਸਬੰਧਿਤ ਹੋਰ ਜਾਣਕਾਰੀ ਲੋਕਾਂ ਤੋਂ ਹਾਸਲ ਹੋ ਸਕੇ ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਤਸਵੀਰ ਦੂਜਿਆਂ ਨੂੰ ਸਿੰਘ ਦੀਆਂ ਗਤੀਵਿਧੀਆਂ ਬਾਰੇ ਸੰਬੰਧਿਤ ਜਾਣਕਾਰੀ ਨਾਲ ਅੱਗੇ ਆਉਣ ਲਈ ਪ੍ਰੇਰਿਤ ਕਰੇਗੀ। ਡਿਪਟੀ ਪੁਲਿਸ ਮੁਖੀ ਡੈਨੀਅਲ ਕਲਬਰਟਸਨ ਨੇ ਕਿਹਾ ਕਿ ਅਸੀਂ ਆਪਣੇ ਭਾਈਚਾਰੇ ਵਿਚ  ਜਬਰੀ ਵਸੂਲੀ, ਹਿੰਸਾ ਅਤੇ ਡਰਾਉਣ-ਧਮਕਾਉਣ ਤੋਂ ਬਚਾਉਣ ਦੇ ਆਪਣੇ ਯਤਨਾਂ ਵਿੱਚ ਢਿੱਲ ਨਹੀਂ ਕਰਾਂਗੇ। ਅਸੀ ਆਪਣੇ ਭਾਈਵਾਲਾਂ ਅਤੇ ਜਨਤਾ ਨਾਲ ਮਿਲ ਕੇ ਕੰਮ ਕਰਦੇ ਹੋਏ,  ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਵਚਨਬੱਧ ਹਾਂ ।

ਸਿੰਘ ਦੀ ਗ੍ਰਿਫ਼ਤਾਰੀ ਬੁੱਧਵਾਰ ਰਾਤ ਨੂੰ ਕਿੰਗ ਰੋਡ ਦੇ 31000 ਬਲਾਕ ਵਿੱਚ ਇੱਕ ਉਦਯੋਗਿਕ ਕੰਪਲੈਕਸ ਵਿੱਚ ਇੱਕ ਕਾਰੋਬਾਰ ਵਿੱਚ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਕੀਤੀ ਗਈ ਹੈ । ਇਹ ਇੱਕ ਮਹੀਨੇ ਤੋਂ ਵੱਧ ਸਮੇਂ ਵਿੱਚ ਉਸੇ ਕਾਰੋਬਾਰ ਉਪਰ ਦੂਜੀ ਗੋਲੀਬਾਰੀ ਸੀ।
1 ਸਤੰਬਰ ਤੋਂ ਬਾਅਦ ਭਾਈਚਾਰੇ ਵਿੱਚ ਕੁੱਲ 12 ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਵਿੱਚ 27 ਅਕਤੂਬਰ ਨੂੰ ਰਿਜਵਿਊ ਡਰਾਈਵ ‘ਤੇ ਇੱਕ ਗੋਲੀਬਾਰੀ ਸ਼ਾਮਲ ਹੈ ਜਿਸ ਦੇ ਨਤੀਜੇ ਵਜੋਂ ਉਘੇ ਕਾਰੋਬਾਰੀ ਦਰਸ਼ਨ ਸਾਹਸੀ ਦੀ ਮੌਤ ਹੋ ਗਈ ਸੀ।

ਪੁਲਿਸ ਨੇ ਲੋਕਾਂ ਨੂੰ ਕਿਸੇ ਵੀ ਜਾਣਕਾਰੀ ਲਈ  ਜ਼ਬਰੀ ਵਸੂਲੀ ਟਾਸਕ ਫੋਰਸ ਨਾਲ 604-859-5225 ‘ਤੇ ਸੰਪਰਕ ਕਰਨ ਲਈ ਕਿਹਾ ਹੈ।