Mar 7, 2026
ਆਤਮ-ਚਿੰਤਨ ਅਤੇ ਜ਼ਿੰਮੇਵਾਰੀ ਦੀ ਅਪੀਲ
–ਸਤਵੰਤ ਸਿੰਘ ਸਿਆਣ—
ਨਿਊਜੀਲੈਂਡ ਦੇ ਮਨੁਰੇਵਾ ਵਿੱਚ ਹੋਈ ਨਗਰ ਕੀਰਤਨ ਸੰਬੰਧੀ ਘਟਨਾ ਨੇ ਪੂਰੇ ਸਿੱਖ ਸਮਾਜ ਨੂੰ ਗਹਿਰਾ ਦੁੱਖ ਅਤੇ ਚਿੰਤਾ ਵਿੱਚ ਪਾ ਦਿੱਤਾ ਹੈ। ਬਹੁਤ ਸਾਰੇ ਲੋਕ ਇਸ ਘਟਨਾ ਲਈ ਪੁਲਿਸ, ਸਰਕਾਰ ਜਾਂ ਹੋਰ ਅਧਿਕਾਰਕ ਸੰਸਥਾਵਾਂ ਨੂੰ ਦੋਸ਼ ਦੇ ਰਹੇ ਹਨ, ਪਰ ਮੇਰੇ ਵਿਚਾਰ ਅਨੁਸਾਰ, ਕਿਸੇ ਹੋਰ ਵੱਲ ਉਂਗਲ ਚੁੱਕਣ ਤੋਂ ਪਹਿਲਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਇਹ ਘਟਨਾ ਕਈ ਹੱਦ ਤੱਕ ਸਾਡੀ ਆਪਣੀ ਅੰਦਰੂਨੀ ਨਾਕਾਮੀ ਨੂੰ ਵੀ ਦਰਸਾਉਂਦੀ ਹੈ।
ਸਭ ਤੋਂ ਪਹਿਲਾਂ, ਘਟਨਾ ਦੇ ਸਮੇਂ ਸਿੱਖ ਭਾਈਚਾਰੇ ਵੱਲੋਂ ਕੋਈ ਸਪਸ਼ਟ ਅਗਵਾਈ ਜਾਂ ਨੇਤ੍ਰਤਵ ਸਾਹਮਣੇ ਨਹੀਂ ਆਇਆ। ਨਾ ਕੋਈ ਰਣਨੀਤੀ ਸੀ ਅਤੇ ਨਾ ਹੀ ਕੋਈ ਇਕਸਾਰ ਫੈਸਲਾ ਕਰਨ ਵਾਲੀ ਆਵਾਜ਼। ਹਰ ਵਿਅਕਤੀ ਆਪਣੀ-ਆਪਣੀ ਰਾਇ ਦੇ ਰਿਹਾ ਸੀ ਕੋਈ ਕਹਿ ਰਿਹਾ ਸੀ ਰੁਕ ਜਾਓ, ਕੋਈ ਪਿੱਛੇ ਹਟੋ ਪਰ ਕਿਸੇ ਕੋਲ ਵੀ ਉਸ ਸਮੇਂ ਲਈ ਢੰਗ ਦੀ ਯੋਜਨਾ ਨਹੀਂ ਸੀ। ਇਹ ਅਗਵਾਈ ਦੀ ਘਾਟ ਉਸ ਨਾਜ਼ੁਕ ਸਮੇਂ ਵਿੱਚ ਵੱਡੀ ਕਮੀ ਸਾਬਤ ਹੋਈ।
ਅਸੀਂ ਅਕਸਰ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ ਕਿ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੀਤਾ ਜਾਂਦਾ ਹੈ। ਇੱਥੇ ਇੱਕ ਗੰਭੀਰ ਸਵਾਲ ਉੱਠਦਾ ਹੈ ਅਗਵਾਈ ਦਾ ਅਸਲ ਅਰਥ ਕੀ ਹੈ?
 ਸਵਾਲ ਖੜ੍ਹਾ ਹੁੰਦਾ ਹੈ ਕਿ ਅੱਜ ਨਗਰ ਕੀਰਤਨਾਂ ਵਿੱਚ ਪੰਜ ਪਿਆਰਿਆਂ ਦੀ ਅਸਲ ਭੂਮਿਕਾ ਕੀ ਰਹਿ ਗਈ ਹੈ? ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕਈ ਵਾਰ ਉਹ ਸਿਰਫ਼ ਇੱਕ ਰਿਵਾਜੀ ਚਿੰਨ੍ਹ ਬਣ ਕੇ ਰਹਿ ਗਏ ਹਨ ਬਿਨਾਂ ਕਿਸੇ ਅਸਲੀ ਅਧਿਕਾਰ, ਜ਼ਿੰਮੇਵਾਰੀ ਜਾਂ ਫੈਸਲਾ ਕਰਨ ਦੀ ਸਮਰੱਥਾ ਦੇ। ਇਹ ਸਥਿਤੀ ਸਹੀ ਨਹੀਂ ਹੈ।
ਅਸਲ ਵਿੱਚ, ਪੰਜ ਪਿਆਰੇ ਅਸਰਹੀਣ ਇਸ ਲਈ ਨਹੀਂ ਹੋ ਗਏ ਕਿ ਉਹ ਚਾਹੁੰਦੇ ਨਹੀਂ, ਬਲਕਿ ਇਸ ਲਈ ਕਿ ਉਹ ਨਗਰ ਕੀਰਤਨ ਦੀ ਯੋਜਨਾ, ਪ੍ਰਬੰਧ ਅਤੇ ਅੰਦਰੂਨੀ ਪ੍ਰਕਿਰਿਆ ਦਾ ਹਿੱਸਾ ਨਹੀਂ ਹੁੰਦੇ। ਉਨ੍ਹਾਂ ਨੂੰ ਸਿਰਫ਼ ਇੱਕ ਲਾਜ਼ਮੀ ਅੰਗ ਵਜੋਂ ਅੱਗੇ ਰੱਖਿਆ ਜਾਂਦਾ ਹੈ, ਬਿਨਾਂ ਅਧਿਕਾਰ ਦਿੱਤੇ। ਇਸ ਕਰਕੇ ਉਹ ਸੰਕਟ ਸਮੇਂ ਨੇਤ੍ਰਤਵ ਨਹੀਂ ਕਰ ਸਕਦੇ। ਤਾਂ ਫਿਰ ਫੈਸਲੇ ਕਰਨ ਅਤੇ ਜ਼ਿੰਮੇਵਾਰੀ ਸੰਭਾਲਣ ਦਾ ਅਧਿਕਾਰ ਕਿਸ ਕੋਲ ਹੈ? ਸਪਸ਼ਟ ਤੌਰ ‘ਤੇ ਇਹ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁੰਦੀ ਹੈ।
ਇਸ ਲਈ ਮੈਂ ਇੱਕ ਵਿਆਵਹਾਰਿਕ ਅਤੇ ਲਾਭਕਾਰੀ ਸੁਝਾਅ ਰੱਖਦਾ ਹਾਂ। ਜੇਕਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਬਤ ਸੂਰਤ, ਅੰਮ੍ਰਿਤਧਾਰੀ ਸਿੰਘ ਹੋਣ ਅਤੇ ਇਹ ਨਿਯਮ ਬਣਾਇਆ ਜਾਵੇ ਕਿ ਨਗਰ ਕੀਰਤਨ ਦੌਰਾਨ ਕਮੇਟੀ ਦੇ ਪਹਿਲੇ ਪੰਜ ਮੈਂਬਰ ਪੰਜ ਪਿਆਰੇ ਹੋਣ, ਤਾਂ ਅਜਿਹੀਆਂ ਸਥਿਤੀਆਂ ਨੂੰ ਕਾਫ਼ੀ ਹੱਦ ਤੱਕ ਸੰਭਾਲਿਆ ਜਾ ਸਕਦਾ ਹੈ। ਇਸ ਨਾਲ ਪੰਜ ਪਿਆਰੇ ਸਿਰਫ਼ ਆਤਮਿਕ ਪ੍ਰਤੀਕ ਨਹੀਂ ਰਹਿਣਗੇ, ਸਗੋਂ ਫੈਸਲਾ ਕਰਨ ਵਾਲੇ ਅਧਿਕਾਰਤ ਨੇਤ੍ਰਤਵ ਵੀ ਹੋਣਗੇ।
ਇਸ ਪ੍ਰਬੰਧ ਦੇ ਕਈ ਫਾਇਦੇ ਹੋਣਗੇ। ਪਹਿਲਾਂ, ਇਸ ਨਾਲ ਗੁਰਦੁਆਰਾ ਕਮੇਟੀਆਂ ਵਿੱਚ ਜ਼ਿੰਮੇਵਾਰ ਅਤੇ ਆਦਰਸ਼ ਸਿੱਖਾਂ ਦੀ ਭਾਗੀਦਾਰੀ ਵਧੇਗੀ। ਇਹ ਸਾਡੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਬਣੇਗਾ ਅਤੇ ਉਨ੍ਹਾਂ ਦਾ ਧਰਮ ਨਾਲ ਨਾਤਾ ਮਜ਼ਬੂਤ ਕਰੇਗਾ। ਦੂਜਾ, ਸਿੱਖ ਧਰਮ ਭਰੋਸੇਮੰਦ ਅਤੇ ਸਮਰੱਥ ਹੱਥਾਂ ਵਿੱਚ ਹੋਵੇਗਾ।
ਕੁਝ ਲੋਕ ਕਹਿੰਦੇ ਹਨ ਕਿ ਜਦੋਂ ਕਮੇਟੀ ਦੇ ਕਈ ਮੈਂਬਰ ਖੁਦ ਗਲਤ ਕੰਮ ਕਰਦੇ ਹਨ, ਤਾਂ ਅਜਿਹਾ ਨਿਯਮ ਬਣਾਉਣ ਦਾ ਕੀ ਲਾਭ ਹੈ? ਇਸ ਦਾ ਜਵਾਬ ਸਾਫ਼ ਹੈ ਸ਼ੁਰੂਆਤ ਕਿਤੇ ਤੋਂ ਤਾਂ ਕਰਨੀ ਪੈਂਦੀ ਹੈ। ਬਦਲਾਅ ਇੱਕ ਦਿਨ ਵਿੱਚ ਨਹੀਂ ਆਉਂਦਾ, ਪਰ ਮਿਆਰ ਨਿਰਧਾਰਤ ਕਰਨ ਨਾਲ ਰਾਹ ਬਣਦਾ ਹੈ। ਜਿਹੜੇ ਸਿੱਖ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਅੱਗੇ ਆ ਕੇ ਸਾਬਤ ਸੂਰਤ ਬਣਨਾ, ਪ੍ਰਬੰਧ ਦਾ ਹਿੱਸਾ ਬਣਨਾ ਅਤੇ ਨੈਤਿਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ।
ਜੇਕਰ ਕਮੇਟੀ ਮੈਂਬਰ ਹੀ ਪੰਜ ਪਿਆਰੇ ਹੋਣ, ਤਾਂ ਉਹ ਮੌਕੇ ‘ਤੇ ਮੌਜੂਦ, ਅਧਿਕਾਰਤ ਅਤੇ ਜਵਾਬਦੇਹ ਹੋਣਗੇ। ਅਜਿਹੀਆਂ ਸੰਵੇਦਨਸ਼ੀਲ ਸਥਿਤੀਆਂ ਵਿੱਚ ਉਹ ਸਿੱਖ ਸਮਾਜ ਦੀ ਇਜ਼ਤ ਅਤੇ ਗੁਰਮਰਿਆਦਾ ਦੀ ਰੱਖਿਆ ਕਰ ਸਕਣਗੇ।
ਅੰਤ ਵਿੱਚ, ਮੈਂ ਪੂਰੇ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਹਾਂ ਕਿ ਜੇ ਅਸੀਂ ਆਪਣੇ ਅੰਦਰੂਨੀ ਪ੍ਰਬੰਧ ਨੂੰ ਠੀਕ ਕਰ ਲਵਾਂਗੇ, ਤਾਂ ਬਾਹਰੀ ਸਮੱਸਿਆਵਾਂ ਆਪਣੇ ਆਪ ਘੱਟ ਹੋ ਜਾਣਗੀਆਂ। ਜਦ ਤੱਕ ਅਸੀਂ ਗੁਰੂਆਂ ਦੀ ਬਾਣੀ ਅਨੁਸਾਰ ਸਾਬਤ ਸੂਰਤ ਸਿੱਖ ਨਹੀਂ ਬਣਦੇ, ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿਣਗੀਆਂ। ਜਦੋਂ ਅਸੀਂ ਆਪਣੇ ਗੁਰੂ ਦੀ ਸਿੱਖਿਆ ‘ਤੇ ਚੱਲਣਾ ਸ਼ੁਰੂ ਕਰਾਂਗੇ, ਤਦੋਂ ਹੀ ਅਸੀਂ ਹੋਰਾਂ ਨੂੰ ਵੀ ਉਸਦਾ ਪਾਠ ਪੜ੍ਹਾ ਸਕਾਂਗੇ।
ਅਸਲ ਬਦਲਾਅ ਆਤਮ-ਸੰਯਮ, ਜ਼ਿੰਮੇਵਾਰੀ ਅਤੇ ਸੱਚੀ ਅਗਵਾਈ ਨਾਲ ਹੀ ਸੰਭਵ ਹੈ।
ਨਿਊਜੀਲੈਂਡ
0212590321