Mar 7, 2026

ਆਖਰੀ ਰਸਮਾਂ 23 ਦਸੰਬਰ ਨੂੰ ਹੋਣਗੀਆਂ-

ਜਲੰਧਰ ( ਅਨੁਪਿੰਦਰ ਸਿੰਘ ) ਪ੍ਰਸਿਧ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਦਾ  ਦੇਹਾਂਤ ਹੋਣ ਦੀ ਦੁਖਦਾਈ ਖਬਰ ਹੈ । ਉਹ 72 ਸਾਲਾਂ ਦੇ ਸਨ। ਪਿਛਲੇ ਲੰਬੇ ਸਮੇਂ ਤੋਂ ਜਲੰਧਰ ਸ਼ਹਿਰ ਦੇ ਦਿਓਲ ਨਗਰ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਪੂਰਨ ਸ਼ਾਹਕੋਟੀ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲ ਰਹੇ ਸਨ। ਉਹਨਾਂ ਦਾ ਸੂਫੀ ਕਲਾਮ ਉਹਨਾਂ ਨੂੰ ਪੰਜਾਬੀ ਸੰਗੀਤ ਦੀ ਦੁਨੀਆ ਵਿਚ ਇਕ ਅਲਗ ਮਰਤਬਾ ਪ੍ਰਦਾਨ ਕਰਦਾ ਹੈ। ਉਹਨਾਂ ਦੇ ਗਾਏ ਸੂਫੀ ਕਲਾਮ ਵਿਚ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ, ਮੋਰੀ ਗੋਦੜੀ ਤਾਂ ਸਾਂਈ ਨੇ ਬਣਾਈ ਹੋਈ ਏ, ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀਆਂ ਗੱਲਾਂ ਤੇ ਮੈਂ ਰਾਂਝਾ ਰਾਂਝਾ ਕਰਦੀ ਆਪੇ ਰਾਂਝਾ ਹੋਈ ਸਮੇਤ ਕਈ ਸਾਹਿਤਕ ਕਿਰਤਾਂ ਦਾ ਗਾਇਨ ਯਾਦਗਾਰੀ ਹੈ।

ਉਸਤਾਦ ਪੂਰਨ ਸ਼ਾਹ ਕੋਟੀ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਵੱਡਾ ਆਦਰ ਅਤੇ ਮਾਣ ਹਾਸਲ ਸੀ। ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੌਰਾਨ ਮਾਸਟਰ ਸਲੀਮ, ਹੰਸ ਰਾਜ ਹੰਸ ਅਤੇ ਸਾਬਰ ਕੋਟੀ ਵਰਗੇ ਕਈ ਮਸ਼ਹੂਰ ਗਾਇਕਾਂ ਨੂੰ ਤਰਾਸ਼ ਕੇ ਪੰਜਾਬੀ ਸੰਗੀਤ ਨੂੰ ਨਵੀਂ ਪਹਿਚਾਣ ਦਿੱਤੀ। ਉਨ੍ਹਾਂ ਦੀ ਸਾਦਗੀ, ਰਿਆਜ਼ ਅਤੇ ਸੰਗੀਤ ਪ੍ਰਤੀ ਸਮਰਪਣ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।

ਉਸਤਾਦ ਪੂਰਨ ਸ਼ਾਹ ਕੋਟੀ ਦੀ ਮੌਤ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕ ਅਤੇ ਕਲਾਕਾਰਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਆਖਰੀ ਰਸਮਾਂ-

ਮਰਹੂਮ ਸ਼ਾਹਕੋਟੀ ਦੇ ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਉਹਨਾਂ ਦੀ ਮ੍ਰਿਤਕ ਦੇਹ ਨੂੰ 23 ਦਸੰਬਰ ਨੂੰ ਉਹਨਾਂ ਦੇ ਘਰ ਦੇ ਵਿਹੜੇ ਵਿਚ 13 ਕੇਪੀ ਨਗਰ, ਨੇੜੇ ਦਿਓਲ ਨਗਰ ਬੈਕਸਾਈਡ ਦੁਰਗਾ ਸ਼ਕਤੀ ਮੰਦਿਰ ਨਕੋਦਰ ਰੋਡ ਜਲੰਧਰ ਵਿਖੇ ਸਪੁਰਦੇ ਖਾਕ ਕੀਤਾ ਜਾਵੇਗਾ। ਹੋਰ ਜਾਣਕਾਰੀ ਜਾਂ ਹਮਦਰਦੀ ਲਈ ਸ਼ਾਹਕੋਟੀ ਪਰਿਵਾਰ ਨਾਲ ਫੋਨ ਨੰਬਰ 98786-54890, 98158-29786 ਜਾਂ 98142-13213 ਤੇ ਸੰਪਰਕ ਕੀਤਾ ਜਾ ਸਕਦਾ ਹੈ।