Mar 7, 2026
  ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਸਿੱਖਾਂ ਨੂੰ ਆਪਣੇ ਬੱਚੇ ਐਕਟਵਿਸਟ ਬਣਾਉਣ ਦਾ ਸਨੇਹਾ-

ਸਰੀ (ਡਾ ਗੁਰਵਿੰਦਰ ਸਿੰਘ) -ਹਜ਼ਾਰਾਂ ਸਿੱਖ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਮਗਰੋਂ, ਉਹਨਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਮੂਹਿਕ ਤੌਰ ਤੇ ਖਪਾ ਦੇਣ ਦੇ ਸੱਚ ਨੂੰ ਸੰਸਾਰ ਦੇ ਮੰਚ ‘ਤੇ ਲਿਆਉਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੀਂ ਵਰ੍ਹੇਗੰਢ ‘ਤੇ, ਉਨ੍ਹਾਂ ਦੀ ਵਿਰਾਸਤ ਤੇ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਲੜਾਈ ਦੇ ਸਬੰਧ ਵਿੱਚ ਵਿਸ਼ੇਸ਼ ਸੈਮੀਨਾਰ, ਬੀਸੀ ਦੀਆਂ ਗੁਰਦੁਆਰਾ ਸੁਸਾਇਟੀਆਂ ਨੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਸਹਿਯੋਗ ਨਾਲ, 21 ਦਸੰਬਰ ਦਿਨ ਐਤਵਾਰ ਨੂੰ ਗਰੈਂਡ ਅੰਪਾਇਰ ਬੈਂਕੁਟ ਹਾਲ ਸਰੀ ਵਿਖੇ ਕਰਵਾਇਆ। ਇਸ ਮੌਕੇ ‘ਤੇ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਤੇ ਬੀਸੀ ਦੀਆਂ ਸਿੱਖ ਸੰਸਥਾਵਾਂ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਵਿਰਾਸਤ, ਯਾਦ ਅਤੇ ਮਨੁੱਖੀ ਅਧਿਕਾਰਾਂ ਦੇ ਸੰਘਰਸ਼ ਤੋਂ ਲੈ ਕੇ ਮੌਜੂਦਾ ਸਮੇਂ ਤੱਕ, ਦਰਪੇਸ਼ ਚੁਣੌਤੀਆਂ ਬਾਰੇ ਇੱਕ-ਮਨ, ਇੱਕ-ਚਿੱਤ ਹੋ ਕੇ ਵਿਸ਼ਲੇਸ਼ਣ ਕੀਤਾ।
   ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਇਸ ਸੈਮੀਨਾਰ ਦੌਰਾਨ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਬੀਬੀ ਖਾਲੜਾ ਨੇ ਵਿਸਥਾਰ ਵਿੱਚ ਸ਼ਹੀਦ ਖਾਲੜਾ ਦੀ ਸ਼ਹਾਦਤ ਦੇ ਇਤਿਹਾਸ ਨੂੰ ਬਿਆਨ ਕਰਦਿਆਂ ਦੱਸਿਆ ਕਿ ਭਾਈ ਖਾਲੜਾ ਨੂੰ 1995 ਵਿੱਚ ਪੰਜਾਬ ਵਿੱਚ ਸਿੱਖ ਖਾੜਕੂਵਾਦ ਦੌਰਾਨ ਜ਼ਬਰਦਸਤੀ ਲਾਪਤਾ ਕੀਤੇ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਹੱਤਿਆਵਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਆਵਾਜ਼ ਬੁਲੰਦ ਕਰਨ ਬਦਲੇ, ਭਾਰਤੀ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਤੋਂ 30 ਸਾਲ ਪਹਿਲਾਂ, ਜਦ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਯੋਧਾ ਭਾਈ ਜਸਵੰਤ ਸਿੰਘ ਮਾਨਵਤਾ ਦੇ ਕਾਤਲਾਂ ਨੂੰ ਬੇਨਕਾਬ ਕਰਦਾ ਹੈ, ਤਾਂ ਉਸ ਨੂੰ 6 ਸਤੰਬਰ 1995 ਨੂੰ ਅਗਵਾ ਕਰਨ ਮਗਰੋਂ, ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਬੇਹੱਦ ਨਿਮਰਤਾ ਨਾਲ ਕਿਹਾ ਕਿ ਸਿੱਖ ਕੌਮ ਨੇ ਸਾਨੂੰ ਬਹੁਤ ਸਤਿਕਾਰ ਦਿੱਤਾ, ਜਿਸ ਦੇ ਅਸੀਂ ਸਦਾ ਰਿਣੀ ਰਹਾਂਗੇ। ਬੀਬੀ ਖਾਲੜਾ ਨੇ ਬਾਹਰਲੇ ਸਿੱਖਾਂ ਨੂੰ ਪ੍ਰੇਰਿਆ ਕਿ ਅਸੀਂ ਇੱਥੇ ਆਰਥਿਕ ਤੌਰ ‘ਤੇ ਸਥਾਪਤ ਹੋ ਗਏ ਹਾਂ, ਹੁਣ ਆਪਣੇ ਬੱਚਿਆਂ ਨੂੰ ਉਤਸਾਹਤ ਕਰੀਏ ਕਿ ਉਹ ਦੁਨਿਆਵੀ ਕੰਮਾਂ ਦੇ ਨਾਲ-ਨਾਲ ਕੌਮ ਪ੍ਰਤੀ ਸਰਗਰਮ ਹੋਣ, ਐਕਟੀਵਿਸਟ ਬਣਨ ਤੇ ਸਿਸਟਮ ਵਿੱਚ ਸ਼ਾਮਿਲ ਹੋ ਕੇ ਗੱਲ ਅੱਗੇ ਵਧਾਉਣ।
       ਇਸ ਮੌਕੇ ‘ਤੇ ਸਮੂਹ ਗੁਰਦੁਆਰਾ ਸੰਸਥਾਵਾਂ ਅਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ, ਤਰਨ ਤਾਰਨ ਦੀਆਂ ਸਿੱਖ ਸੰਸਥਾਵਾਂ ਅਤੇ ਭਾਈ ਖਾਲੜਾ ਸਾਹਿਬ ਦੀ ਸ਼ਹਾਦਤ ਬਾਰੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਬੋਲਣ ਵਾਲੇ ਐਮਪੀ ਸੁਖ ਧਾਲੀਵਾਲ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਨਮਾਨਿਤ ਕੀਤਾ ਗਿਆ। ਸੈਮੀਨਾਰ ਦੇ ਪਹਿਲੇ ਬੁਲਾਰੇ ਵਿਸ਼ਵ ਸਿੱਖ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਦਾਨਸ਼ ਸਿੰਘ ਨੇ ਸੰਗਤਾਂ ਨੂੰ ‘ਜੀ ਆਇਆਂ ਨੂੰ’ ਆਖਦਿਆਂ, ਵਰਤਮਾਨ ਸਮੇਂ ਕੌਮੀ ਚੁਣੌਤੀਆਂ ਅਤੇ ਪੰਥਕ ਮਸਲਿਆਂ ਦੇ ਹੱਲ ਬਾਰੇ, ਗਰੁੱਪਾਂ ਦੀ ਖਿੱਚੋਤਾਣ ਨੂੰ ਇੱਕ ਪਾਸੇ ਛੱਡ ਕੇ, ਸਾਂਝੇ ਉਪਰਾਲੇ ਕਰਨ ਲਈ ਅਪੀਲ ਕੀਤੀ।
       ਯੂਨਾਈਟਡ ਸਿੱਖਸ ਦੇ ਬੁਲਾਰੇ ਭਾਈ ਗੁਰਿੰਦਰ ਸਿੰਘ ਨੇ ਜੋਸ਼ੀਲੇ ਭਾਸ਼ਣ ਵਿੱਚ ਕਿਹਾ ਕਿ ਖਾਲੜਾ ਸਾਹਿਬ ਨੇ ਮਨੁੱਖੀ ਹੱਕਾਂ ਲਈ ਸੱਚ ਦੀ ਦੁਹਾਈ ਦਿੱਤੀ ਤੇ ਉਸ ਨੂੰ ਸਰਕਾਰੀ ਝੂਠ ਦਾ ਹਨੇਰਾ ਬਰਦਾਸ਼ਤ ਨਹੀਂ ਕਰ ਸਕਿਆ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਜਦੋਂ ਤੱਕ ਇਨਸਾਨੀਅਤ ਦੀ ਆਵਾਜ਼ ਬਚੀ ਰਹੇਗੀ, ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਅਜਾਈ ਨਹੀਂ ਜਾਏਗੀ।
      ਸਿੱਖ ਰਿਸਰਚ ਇੰਸਟੀਟਿਊਟ ਦੇ ਸੇਵਾਦਾਰ ਭਾਈ ਹਰਿੰਦਰ ਸਿੰਘ  ਨੇ ਇਸ ਮੌਕੇ ‘ਤੇ ਬੋਲਦਿਆਂ ਦੱਸਿਆ ਕਿ ਗੁਰੂ ਨਾਨਕ ਜਹਾਜ਼ ਦੀ ਅਗਵਾਈ ਕਰਨ ਵਾਲੀ ਪੰਜ ਮੈਂਬਰੀ ਕਮੇਟੀ ਵਿੱਚ ਖਾਲੜਾ ਸਾਹਿਬ ਦੇ ਦਾਦਾ ਜੀ ਭਾਈ ਹਰਨਾਮ ਸਿੰਘ ਖਾਲੜਾ ਦੀ ਵਿਸ਼ੇਸ਼ ਭੂਮਿਕਾ ਸੀ, ਜੋ ਕਿ ਖਾਲੜਾ ਸਾਹਿਬ ਲਈ ਵਿਰਾਸਤੀ ਪ੍ਰੇਰਨਾ ਬਣੀ। ਉਹਨਾਂ ਉਦਾਹਰਣਾਂ ਸਹਿਤ ਦੱਸਿਆ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਰਾਜ ਅਖਵਾਉਣ ਵਾਲੇ ਦੇਸ ਭਾਰਤ ਵਿਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰ ਮੁਕਾਉਣਾ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਰਾਰ ਦੇ ਕੇ ਸਾੜ ਦੇਣਾ, ਸ਼ੈਤਾਨੀਅਤ ਦਾ ਨੰਗਾ ਨਾਚ ਸੀ। ਉਹਨਾਂ ਖਾਲੜਾ ਸਾਹਿਬ ਦੇ ਆਰੰਭੇ ਸੰਘਰਸ਼ ਨੂੰ ਅੱਗੇ ਲਿਜਾਣ ਲਈ ਪ੍ਰੇਰਿਆ।
       ਬੀਸੀ ਸਿੱਖ ਗੁਰਦੁਆਰਾ ਸੁਸਾਇਟੀਆਂ ਅਤੇ ਸਿੱਖ ਫੈਡਰੇਸ਼ਨ ਦੇ ਬੁਲਾਰੇ ਭਾਈ ਮਨਿੰਦਰ ਸਿੰਘ ਬੋਇਲ ਨੇ ਭਾਵਪੂਰਤ ਸ਼ਬਦਾਂ ਵਿੱਚ ਮੌਜੂਦਾ ਪੰਥਕ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਸ਼ਹੀਦ ਖਾਲੜਾ ਦਾ ਕਥਨ ਗੌਰ ਕਰਨ ਵਾਲਾ ਹੈ ਕਿ ਸਿੱਖ ਨੂੰ ਗੁਰੂ ਸਾਹਿਬ ਨੇ ਦੁਨੀਆ ਦੇ ਮਨੁੱਖੀ ਹੱਕ ਬਚਾਉਣ ਦੀ ਤਾਕਤ ਦਿੱਤੀ ਹੈ, ਪਰ ਜੇਕਰ ਉਹ ਆਪਣੇ ਹੱਕ ਵੀ ਨਾ ਬਚਾ ਸਕਿਆ, ਤਾਂ ਫਿਰ ਦੁਨੀਆਂ ਦੇ ਹੱਕਾਂ ਦੀ ਰਾਖੀ ਕੀ ਕਰੇਗਾ? ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਸੰਘਰਸ਼ ਅਤੇ ਗੁਲਾਮੀ ਦੀ ਲੜਾਈ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਤੇ ਖਾਲੜਾ ਸਾਹਿਬ ਦਾ ਸੰਘਰਸ਼ ਮਨੁੱਖੀ ਹੱਕਾਂ ਦੇ ਨਾਲ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦਾ ਸੰਘਰਸ਼ ਵੀ ਸੀ, ਜਿਸ ਲਈ ਆਵਾਜ਼ ਅੱਜ ਬੁਲੰਦ ਕਰਨ ਦੀ ਲੋੜ ਹੈ।
     ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਭਾਈ ਸੁਨੀਲ ਕੁਮਾਰ ਨੇ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ। ਉਹਨਾਂ ਵਿਸ਼ੇਸ਼ ਤੌਰ ਤੇ ਪ੍ਰਸਿੱਧ ਕਿਤਾਬ ‘ਰਿਡਿਊਸ ਟੂ ਐਸ਼ਜ’ ‘ਜੋ ਰਾਖ ਹੋ ਗਏ …ਪੰਜਾਬ ਵਿੱਚ ਬਗ਼ਾਵਤ ਅਤੇ ਮਨੁੱਖੀ ਅਧਿਕਾਰ’ ਦਾ ਵਿਸ਼ੇਸ਼ ਹਵਾਲਾ ਦਿੰਦਿਆਂ ਜਾਗਰੂਕਤਾ ਪੈਦਾ ਕੀਤੀ, ਜਿਸ ਵਿੱਚ ਸ਼ਹੀਦ ਭਾਈ ਖਾਲੜਾ ਦੀਆਂ ਗਵਾਹੀਆਂ ਸਮੇਤ, ਪੀੜਤ ਵਰਗ ਦੇ ਅਣ-ਸੁਣੇ ਦਰਦ ਨੂੰ, ਸ਼ਬਦਾਂ ਦਾ ਜਾਮਾ ਪਹਿਨਾਉਣ ਵਾਲੇ ਲਿਖਾਰੀ ਰਾਮ ਨਰਾਇਣ ਕੁਮਾਰ ਅਤੇ ਅਮਰੀਕ ਸਿੰਘ ਮੁਕਤਸਰ, ਅਸ਼ੋਕ ਅਗਰਵਾਲ ਅਤੇ ਜਸਕਰਨ ਕੌਰ ਧੰਨਵਾਦ ਦੇ ਪਾਤਰ ਹਨ।
      ਇਸ ਯਾਦਗਾਰੀ ਸਮਾਗਮ ਦੇ ਆਖਰੀ ਪੜਾਓ ‘ਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ 30ਵੇਂ ਸਾਲ ਨੂੰ ਸਮਰਪਿਤ ਰੈਡੀਕਲ ਦੇਸੀ ਵੱਲੋਂ, ਯਾਦਗਾਰੀ ਕੈਲੰਡਰ 2026 ਜਾਰੀ ਕੀਤਾ ਗਿਆ। ਕੈਲੰਡਰ ‘ਤੇ ਸ਼ਹੀਦ ਖਾਲੜਾ ਦੀ ਪੇਂਟਿੰਗ ਸ. ਜਰਨੈਲ ਸਿੰਘ ਆਰਟਿਸਟ ਦੁਆਰਾ ਬਣਾਈ ਗਈ ਹੈ, ਜਿਨ੍ਹਾਂ ਦਾ ਇਸ ਸਾਲ ਦੇ ਸ਼ੁਰੂ ਵਿੱਚ ਦੇਹਾਂਤ ਹੋ ਗਿਆ ਸੀ। ਕਿਸੇ ਇੱਕ ਵਿਅਕਤੀ ਜਾਂ ਜਥੇਬੰਦੀ ਦੀ ਥਾਂ, ਸਮੂਹਿਕ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਇਆ ਇਹ ਸੈਮੀਨਾਰ, ਨਿਰਵਿਘਨਤਾ ਸਹਿਤ ਯਾਦਗਾਰੀ ਹੋ ਨਿਬੜਿਆ।
ਤਸਵੀਰਾਂ : ਸਰੀ ਵਿਖੇ ਸੈਮੀਨਾਰ ਦੌਰਾਨ ਬੋਲਦੇ ਹੋਏ ਬੀਬੀ ਪਰਮਜੀਤ ਕੌਰ ਖਾਲੜਾ ਸੰਗਤਾਂ ਦੀ ਇਕੱਤਰਤਾ। ਬੀਬੀ ਖਾਲੜਾ ਦਾ ਸਨਮਾਨ ਅਤੇ ਸ੍. ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕੈਲੰਡਰ ਜਾਰੀ ਕਰਨ ਦੇ ਹੋਏ ਸਿੱਖ ਸੰਸਥਾਵਾਂ ਅਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦੇ ਆਗੂ, ਐਮਪੀ ਸੁਖ ਧਾਲੀਵਾਲ ਅਤੇ ਹੋਰ ਸ਼ਖਸੀਅਤਾਂ।