Mar 7, 2026

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਉੱਘੇ ਸਮਾਜ ਸੇਵੀ ਆਪਣੀ ਕਮਿਊਨਿਟੀ ਦੇ ਸਿਰਕੱਢ ਨੇਤਾ ਇੰਦਰਜੀਤ ਸਿੰਘ ਹੁੰਦਲ ਤੇ ਬੀਬੀ ਗੁਰਮੀਤ ਕੌਰ ਹੁੰਦਲ ਨੇ ਆਪਣੇ ਵਿਆਹ ਦੀ 50ਵੀਂ ਵਰੇਗੰਢ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਮਨਾਈ। 20 ਦਸੰਬਰ ਸਨਿੱਚਰਵਾਰ ਸ਼ਾਮ ਦੇ ਲੰਗਰਾਂ ਦੀ ਸੇਵਾ ਅਤੇ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ। ਗਿਆਨੀ ਹਰਜਿੰਦਰ ਸਿੰਘ ਨੇ ਲੰਮੀ ਉਮਰ, ਤੰਦਰੁਸਤੀ ਤੇ ਆਪਸੀ ਪਿਆਰ ਦੀ ਅਰਦਾਸ ਕੀਤੀ।
ਕੀਰਤਨੀ ਜਥੇ ਨੇ ਲੱਖ ਖ਼ੁਸ਼ੀਆਂ ਪਾਤਸ਼ਾਹੀਆਂ ਦੇ ਸ਼ਬਦ ਗਾਇਣ ਕੀਤੇ। ਸਥਾਨਕ ਸਰਕਾਰਾਂ ਤੇ ਸੂਬਾ ਸਰਕਾਰ ਤੇ ਫੈਡਰਲ ਸਰਕਾਰ ਦੇ ਨੁਮਾਇੰਦੇ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਡੈਨੀਅਲ ਬਰਨਬੀ, ਸਿਟੀ ਕੌਂਸਲ ਤੋਂ ਏਡਰੀਨ ਡਿਕਸਨ,  ਜਾਰਜ ਰਾਓ, ਐਮ.ਐਲ. ਏ ਸੁਨੀਤਾ ਧੀਰ,  ਡੌਨ ਡੇਵੀਸ, ਐਮ.ਪੀ ਰਾਲਿਨ ਕਲਾਰਕ ਸਾਬਕਾ ਪ੍ਰੀਮੀਅਰ ਨੇ ਦੋ-ਦੋ ਮਿੰਟਾਂ ਵਾਸਤੇ ਸਟੇਜ ਤੋਂ ਦੋਹਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਪਿਕਸ ਦੇ ਸੀ.ਈ.ਓ ਸਤਬੀਰ ਚੀਮਾ, ਹੈਰੀ ਬੈਂਸ ਸਾਬਕਾ ਵਜ਼ੀਰ, ਸਿੱਖ ਵਿਦਵਾਨ ਡਾ. ਪੂਰਨ ਸਿੰਘ ਜੋ ਇਨ੍ਹਾਂ ਦੇ ਅਧਿਆਪਕ ਰਹਿ ਚੁੱਕੇ ਹਨ ਨੇ ਵੀ ਅਸ਼ੀਰਵਾਦ ਦਿੱਤਾ ਤੇ ਸ਼ੁੱਭ ਇੱਛਾਵਾਂ ਦਿੱਤੀਆਂ। ਐਬਸਫੋਰਡ ਤੋਂ ਉੱਘੇ ਪੱਤਰ ਪ੍ਰੇਰਕ ਗੁਰਦੀਪ ਸਿੰਘ ਗਰੇਵਾਲ ਨੇ ਵੀ ਆਪਣੀ ਹਾਜ਼ਰੀ ਲੁਆਈ। ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਆਪਣੀ ਕਮਿਊਨਿਟੀ ਦੇ ਪਤਵੰਤਿਆਂ ਨੇ ਦੋਹਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਪ੍ਰਬੰਧਕ ਕਮੇਟੀ ਵੱਲੋਂ ਸ਼ਾਨਦਾਰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ।
ਹੁੰਦਲ ਪਰਿਵਾਰ ਦੇ ਮੈਂਬਰ ਅਤੇ ਸਨੇਹੀਆਂ ਤੋਂ ਇਲਾਵਾ ਰਾਜਨੀਤਿਕ ਨੇਤਾਵਾਂ ਨੇ ਯਾਦਗਾਰੀ ਤਸਵੀਰਾਂ ਖਿਚਵਾਈਆਂ।  ਪਰਿਵਾਰ ਵੱਲੋਂ ਅਟੁੱਟ ਲੰਗਰ ਵਰਤਾਏ ਗਏ।