– ਸੁੱਖੀ ਬਾਠ—-
ਜੋ ਬੱਚੇ ਸਵੇਰੇ ਉੱਠਣ ਸਾਰ ਆਪਣੇ ਵੱਡਿਆਂ ਦੇ ਪੈਰੀਂ ਹੱਥ ਲਗਾ ਆਸ਼ੀਰਵਾਦ ਲੈਂਦੇ ਨੇ ਉਹ ਜ਼ਿੰਦਗੀ ਵਿਚ ਮਹਾਨ ਬਣਦੇ ਨੇ। ਮਾਪਿਆਂ ਦੀਆਂ ਅਸੀਸਾਂ ਬੱਚਿਆਂ ਦੀ ਜ਼ਿੰਦਗੀ ਨੂੰ ਖੂਬਸੂਰਤ ਰੱਖਣ ਲਈ ਬੜੀਆਂ ਸਹਾਈ ਹੁੰਦੀਆਂ ਹਨ। ਸਿਆਣੇ ਬੱਚੇ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਆਦਿ ਕੋਲ ਦਿਨ ਦੇ ਕੁਝ ਪਲ ਗੁਜ਼ਾਰਦੇ ਹਨ। ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ। ਉਨ੍ਹਾਂ ਗੱਲਾਂ ਵਿਚੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕੋਈ ਸਮਾਂ ਸੀ ਜਦ ਬੱਚੇ ਆਪਣੇ ਦਾਦਾ-ਦਾਦੀ ਕੋਲ ਬੈਠ ਕੇ ਰਾਤ ਨੂੰ ਬਾਤਾਂ ਸੁਣਿਆ ਕਰਦੇ ਸਨ। ਉਨ੍ਹਾਂ ਬਾਤਾਂ ਨਾਲ ਬੱਚੇ ਦਾ ਮਨ ਮਸਤਕ ਵਿਕਸਿਤ ਹੁੰਦਾ ਸੀ, ਮਿਥਿਹਾਸ ਅਤੇ ਇਤਿਹਾਸ ਦਾ ਪਤਾ ਚੱਲਦਾ ਸੀ। ਟੀ ਵੀ ਤੋਂ ਸ਼ੁਰੂ ਹੋਏ ਸੋਸ਼ਲ ਮੀਡੀਆ ਤੱਕ ਦੇ ਸਫ਼ਰ ਨੇ ਇਹ ਖੂਬਸੂਰਤ ਰਿਵਾਇਤ ਲਗਪਗ ਬੰਦ ਕਰ ਦਿੱਤੀ ਹੈ। ਸੱਚੀ ਗੱਲ ਇਹ ਹੈ ਕਿ ਬੱਚਿਆਂ ਕੋਲ ਵੱਡਿਆਂ ਪਾਸ ਬੈਠਣ ਦੀ ਫੁਰਸਤ ਨਹੀਂ ਹੈ। ਟੀ.ਵੀ ਅਤੇ ਸੋਸ਼ਲ ਮੀਡੀਆ ਵਿਚ ਰੁੱਝੇ ਬੱਚੇ ਵੱਡਿਆਂ ਪਾਸ ਬੈਠਣਾ ਸਮੇਂ ਦੀ ਬਰਬਾਦੀ ਮੰਨਦੇ ਹਨ ਜਦਕਿ ਹਕੀਕਤ ਇਹ ਹੈ ਕਿ ਵੱਡਿਆਂ ਪਾਸ ਨਾ ਬੈਠ ਕੇ ਸਾਰਾ ਦਿਨ ਮੋਬਾਈਲ ਫੋਨਾਂ ਉੱਤੇ ਲੱਗੇ ਰਹਿਣਾ ਹੀ ਸਮੇਂ ਦੀ ਬਰਬਾਦੀ ਹੈ। ਮਾਪਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਲਈ ਕੁਝ ਸਮਾਂ ਜ਼ਰੂਰ ਕੱਢਣ, ਉਨ੍ਹਾਂ ਲਈ ਮਾਰਗ ਦਰਸ਼ਕ ਬਣਨ। ਉਨ੍ਹਾਂ ਨੂੰ ਅਜਿਹੀਆਂ ਗੱਲਾਂ ਦੱਸਣ ਜੋ ਬੱਚਿਆਂ ਲਈ ਦਿਲਚਸਪ ਵੀ ਹੋਣ ਅਤੇ ਉਨ੍ਹਾਂ ਦੀ ਜ਼ਿੰਦਗੀ ਲਈ ਜ਼ਰੂਰੀ ਵੀ। ਸਚਾਈ ਇਹ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਮਾਪਿਆਂ ਤੋਂ ਚੰਗੇ ਸੰਸਕਾਰ ਨਹੀਂ ਮਿਲਦੇ, ਪਿਆਰ ਨਹੀਂ ਮਿਲਦਾ, ਸਹੀ ਅਗਵਾਈ ਨਹੀਂ ਮਿਲਦੀ ਉਹ ਬੱਚੇ ਪਰਿਵਾਰ ਲਈ, ਸਮਾਜ ਲਈ ਅਤੇ ਆਪਣੇ ਆਪ ਲਈ ਖ਼ਤਰਨਾਕ ਹੋ ਸਕਦੇ ਹਨ। ਇਸ ਲਈ ਮਾਪਿਆਂ ਨੂੰ ਬਾਅਦ ਵਿਚ ਪਛਤਾਉਣ ਨਾਲੋਂ ਪਹਿਲਾਂ ਹੀ ਆਪਣੇ ਬਾਲਾਂ ਲਈ ਸੁਚੇਤ ਰਹਿਣ ਦੀ ਲੋੜ ਹੈ।
ਚੇਅਰਮੈਨ
ਪੰਜਾਬ ਭਵਨ, ਸਰੀ (ਕੈਨੇਡਾ)
+1-604-506-4426
