Mar 7, 2026

ਕਲਵੰਤ ਸਿੰਘ ਸਹੋਤਾ
604-589-5919

1. ਹਾਲ਼ੀ-
ਖੂਹ ਤੇ ਮੰਜਾ ਡਾਹ
ਦਰੀ ਤੇ ਤਲ਼ਾਈ
ਉੱਪਰ ਚਾਦਰ ਵਿਛਾਈ
ਸਿਰ ਸਿਰਹਾਣਾ ਲਈ ਰਜਾਈ
ਰਾਤੀਂ ਖੂਭ ਨੀਂਦ ਆਈ
ਵਹਿੰਗੀ ਚੜ੍ਹੇ ਉੱਠ
ਬਲਦਾਂ ਗਲ ਪੰਜਾਲੀ ਪਾਈ
ਪਹੁ ਫੁੱਟਣ ਵੇਲੇ ਤੱਕ
ਦੋ ਘੁਮਾਂ ਦੀ ਕਰੀ ਵਹਾਈ
ਹਾਲ਼ੀ ਵਾਹੁਣ ਖੇਤੀਂ ਚੱਲੇ
ਬਲਦਾਂ ਟੱਲੀਆਂ ਖੜਕਾਈ
ਬਾਪੂ ਵਾਹ ਕੇ ਮੁੜਿਆ ਆਵੇ
ਪੱਠੇ ਵੱਢ ਕਰੀ ਕੁਤਰਾਈ
ਵਿੱਚੇ ਬਾਜਰਾ ਤੇ ਚਰ੍ਹੀ
ਨਾਲ ਗੁਆਰਾ ਵੀ ਰਲਾਈ
ਹਾਲ਼ੀ ਹੈਰਾਨ ਹੋ ਹੋ ਪੁੱਛਣ
ਰਾਤੀਂ ਅੱਖ ਵੀ ਤੈਂ ਲਾਈ
ਸਾਡੀਆਂ ਤਾਂ ਅੱਖਾਂ ਵੀ ਨਾ ਖੁੱਲ੍ਹਣ
ਤੂੰ ਘਰ ਨੂੰ ਮੋੜਾ ਲਾਈ
ਸੱਚ ਤਾਂ ਤੂੰ ਦੱਸ
ਕਿੰਨੀ ਕਰੀ ਹੈ ਵਹਾਈ
ਤੁਸੀਂ ਧੁੱਪੇ ਹੁਣ ਰੜ੍ਹਨਾ
ਮੈਂ ਤਾਰਿਆਂ ਦੀ ਛਾਵੇਂ
ਕੀਤੀ ਰੱਜ ਕੇ ਵਹਾਈ
ਦੋ ਘੁਮਾਂ ਦੇ ਸਿਆੜ ਕੱਢ
ਮੁੰਨਾ ਪੰਜਾਲੀ ਤੇ ਧਰਾਈ
ਹੁਣ ਖੂਹ ਨੂੰ ਮੋੜਾ ਲਾਈ
ਇੰਜ ਕਰੀ ਮੈਂ ਵਹਾਈ
ਇਹੋ ਮੇਰੀ ਰੋਜ਼ ਦੀ ਕਮਾਈ

-0-

2. ਬੰਦੇ-

ਸੜਕਾਂ ਵੀ ਓਹੀ
ਚੌਂਕੇ ਚੁਬਾਰੇ ਵੀ ਓਹੀ
ਲਗਦੇ ਸਭ ਕੁੱਝ ਓਹੀ
ਪਰ ਬੰਦੇ ਤੇ ਰਿਸ਼ਤੇ ਨਾ ਓਹੀ
ਘਰ ਵੀ ਓਹੀ
ਦਰਵਾਜ਼ੇ ਬਾਰੀਆਂ ਵੀ ਓਹੀ
ਘਰ ਦੇ ਅੰਦਰ ਵਸਦੇ
ਬੰਦੇ ਬਥੇਰੇ
ਦੇਖਣ ਨੂੰ ਲਗਦੇ
ਚੰਗੇ ਚਗੇਰੇ
ਪਰ ਹਿਰਦੇ ਉਹਨਾਂ ਦੇ
ਕਠੋਰ ਕਠੇਰੇ
ਨਾ ਬੋਲਣ ਨੂੰ ਚੰਗੇ
ਨਾ ਦੇਖਣ ਨੂੰ ਸੋਹਣੇ
ਕਰੂਪ ਜਿਹੇ ਲਗਦੇ
ਨਾ ਹਿਰਦੇ ਮਨਮੋਹਣੇ
ਚਿਹਰੇ ਤੇ ਫ਼ਰਜ਼ੀ
ਮੁਸਕਰਾਹਟ ਦਿਖਾਉਣ
ਅੰਦਰ ਦੇ ਕਪਟ ਨੂੰ
ਲੁੱਕ ਲੁੱਕ ਲੁਕੋਣ
ਕੱਖੋਂ ਵੀ ਹੌਲੇ ਤੇ
ਪੱਖੋਂ ਵੀ ਹੌਲ਼ੇ
ਕੱਦੋਂ ਵੀ ਮਧਰੇ
ਫਿਰਦੇ ਰੌਲੇ ਘਚੋਲੇ
ਮੱਤ ਤੋਂ ਵੀ ਸੱਖਣੇ
ਕੁਮੱਤ ਦੇ ਪਤੀਣੇ
ਬੌਣੇ ਕੱਦ ਨੂੰ ਉੱਚਾ
ਪੈਰ ਇੱਟਾਂ ਧਰ ਕਰਦੇ
ਨਾ ਏਧਰ ਦੇ ਹੁੰਦੇ
ਨਾ ਓਧਰ ਦੇ ਰਹਿੰਦੇ
ਵਿੱਚ ਵਿਚਾਲੇ ਪਲਟੇ
ਮਾਰਦੇ ਘੁਮੇਂਦੇ
ਉਹ ਬੰਦੇ
-0-