Mar 7, 2026

ਕਈ ਉਘੀਆਂ ਹਸਤੀਆਂ ਵਲੋਂ ਸ਼ਰਧਾਂਜਲੀ ਸਮਾਗਮ-

ਜਲੰਧਰ ( ਦੇ ਪ੍ਰ ਬਿ)- ਪ੍ਰਸਿੱਧ ਸੂਫੀ ਗਾਇਕ ਉਸਤਾਦ ਪੂਰਨ ਸ਼ਾਹਕੋਟੀ ਨਮਿਤ ਭੋਗ ਤੇ ਅੰਤਿਮ ਅਰਦਾਸ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰੇ ਵਿੱਚ ਕੀਤੀ ਗਈ। ਇਸ ਮੌਕੇ ਪੰਜਾਬੀ ਸੰਗੀਤ ਜਗਤ ਦੇ ਕਈ ਕਲਾਕਾਰਾਂ ਨੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਪੂਰਨ ਸ਼ਾਹਕੋਟੀ ਦੇ ਪੁੱਤਰ ਮਾਸਟਰ ਸਲੀਮ, ਪੇਜੀ ਸ਼ਾਹਕੋਟੀ, ਗਾਇਕ ਤੇ ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ, ਪੂਰਨ ਚੰਦ ਵਡਾਲੀ, ਸੰਗੀਤਕਾਰ ਸਚਿਨ ਆਹੂਜਾ, ਬੂਟਾ ਮੁਹੰਮਦ ਅਤੇ ਹੋਰ ਕਲਾਕਾਰ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੂਰਨ ਸ਼ਾਹਕੋਟੀ ਨੇ ਹਮੇਸ਼ਾ ਸਾਫ-ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਅਤੇ ਆਪਣੇ ਗੀਤਾਂ ਵਿੱਚ ਕਦੇ ਵੀ ਲੱਚਰਤਾ ਜਾਂ ਹਥਿਆਰਾਂ ਨੂੰ ਥਾਂ ਨਹੀਂ ਦਿੱਤੀ।

ਹੰਸ ਨੇ ਕਿਹਾ ਕਿ ਉਸਤਾਦ ਪੂਰਨ ਸ਼ਾਹਕੋਟੀ ਦੇ ਦੁਨੀਆਂ ਤੋਂ ਕੂਚ ਕਰਨ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਆਪਣੇ ਸ਼ਾਗਿਰਦਾਂ ਨੂੰ ਬਹੁਤ ਪਿਆਰ ਕਰਦੇ ਸਨ। ਉਹ ਕੱਵਾਲ ਦੀਨਾ ਰੂੜਾ ਅਤੇ ਬੇਗਮ ਅਖ਼ਤਰ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਗਿਣਤੀ ਪੱਖੋਂ ਭਾਵੇਂ ਬਹੁਤ ਘੱਟ ਗਾਇਆ ਪਰ ਗਾਇਕੀ ਦਾ ਮਿਆਰ ਹਮੇਸ਼ਾ ਉੱਚਾ ਰੱਖਿਆ। ਬੂਟਾ ਮੁਹੰਮਦ ਨੇ ਕਿਹਾ ਕਿ ਉਸਤਾਦ ਪੂਰਨ ਸ਼ਾਹ ਕੋਟੀ ਨੇ ਸੰਗੀਤ ਦੀ ਇਬਾਦਤ ਕੀਤੀ ਹੈ। ਉਨ੍ਹਾਂ ਨੇ ਸਰਦਾਰ ਮੁਹੰਮਦ ਤੋਂ ਤਬਲੇ ਦੀ ਤਾਲੀਮ ਅਤੇ ਬਾਕਰ ਹੁਸੈਨ ਤੋਂ ਸੰਗੀਤ ਦੀ ਵਿਦਿਆ ਹਾਸਲ ਕੀਤੀ ਸੀ। ਗਾਇਕ ਸਰਦਾਰ ਅਲੀ ਨੇ ਕਿਹਾ, ‘‘ਪੂਰਨ ਸ਼ਾਹ ਕੋਟੀ ਮੇਰੇ ਗੁਰ ਭਾਈ ਸਨ। ਅਸੀਂ ਦੋਹਾਂ ਨੇ ਇੱਕੋ ਉਸਤਾਦ ਕੋਲੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਸੀ। ਇਸ ਮੌਕੇ ਹੋਰ ਵੀ ਕਈ ਉਘੀਆਂ ਹਸਤੀਆਂ ਨੇ ਉਸਤਾਦ ਪੂਰਨ ਸ਼ਾਹਕੋਟੀ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਪਰਿਵਾਰ ਵਲੋਂ ਉਸਤਾਦ ਪੂਰਨ ਸ਼ਾਹਕੋਟੀ ਦੀ ਮ੍ਰਿਤਕ ਦੇਹ ਨੂੰ ਸਪੁਰਦੇ ਖਾਕ ਕਰਨ ਉਪਰੰਤ ਹੋਰ ਅੰਤਿਮ ਧਾਰਮਿਕ ਰਸਮਾਂ ਦੇ ਨਾਲ ਉਹਨਾਂ ਦੀ ਅੰਤਿਮ ਇੱਛਾ ਮੁਤਾਬਿਕ ਪਰਿਵਾਰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਵੀ ਪੁਆਏ ਗਏ ਤੇ ਗੁਰੂ ਘਰ ਵਿਚ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।