ਵਿਕਟੋਰੀਆ – ਨਵੇਂ ਸਾਲ ਦੇ ਮੌਕੇ ‘ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਆਪਣੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ “ਇਹ ਸਾਲ ਸਾਡੇ ਇਤਿਹਾਸ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਖਰਾ ਸੀ। ਸਾਲ ਦੀ ਸ਼ੁਰੂਆਤ ਸਾਡੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਅਤੇ ਲੰਬੇ ਸਮੇਂ ਤੋਂ ਸਾਥੀ ਰਹੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਸਾਡੀ ਆਰਥਿਕਤਾ ਅਤੇ ਸਾਡੀ ਖੁਦਮੁਖਤਿਆਰੀ ਨੂੰ ਖਤਰੇ ਵਿੱਚ ਪਾਉਣ ਨਾਲ ਹੋਈ। ਇਹਨਾਂ ਕਾਰਵਾਈਆਂ ਦਾ ਲੋਕਾਂ ਅਤੇ ਭਾਈਚਾਰਿਆਂ ‘ਤੇ ਅਸਲ ਤੌਰ ‘ਤੇ ਗੰਭੀਰ ਪ੍ਰਭਾਵ ਪਿਆ ਹੈ।
“ਪਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੇ ਇਸਦਾ ਸਾਹਮਣਾ ਉਸੇ ਤਰ੍ਹਾਂ ਕੀਤਾ ਜਿਵੇਂ ਉਹ ਹਮੇਸ਼ਾ ਕਰਦੇ ਆਏ ਹਨ। ਅਸੀਂ ਆਪਣੇ ਅਜ਼ੀਜ਼ ਦੇਸ਼ ਦੀ ਸੁਰੱਖਿਆ ਕਰਨ, ਇਕ ਦੂਜੇ ਲਈ ਖੜ੍ਹੇ ਹੋਣ, ਅਤੇ ਉਹਨਾਂ ਕਾਮਿਆਂ ਅਤੇ ਭਾਈਚਾਰਿਆਂ ਨੂੰ ਸਹਿਯੋਗ ਦੇਣ ਲਈ ਇਕੱਠੇ ਹੋਏ, ਜੋ ਇਸ ਟਕਰਾਅ ਵਿੱਚ ਫਸੇ ਹੋਏ ਸਨ।
“ਇਸ ਬੀਤੇ ਸਾਲ ਦੌਰਾਨ, ਸਾਡੀ ਸਰਕਾਰ ਦਾ ਧਿਆਨ ਸਪੱਸ਼ਟ ਤੌਰ ‘ਤੇ ਇਨ੍ਹਾਂ ਚੀਜ਼ਾਂ ‘ਤੇ ਕੇਂਦਰਿਤ ਰਿਹਾ ਹੈ: ਇੱਕ ਵਧੇਰੇ ਮਜ਼ਬੂਤ, ਅਤੇ ਹੋਰ ਲਚਕੀਲੀ ਆਰਥਿਕਤਾ ਬਣਾਉਣਾ ਜੋ ਅਮਰੀਕਾ ’ਤੇ ਘੱਟ ਨਿਰਭਰ ਹੋਵੇ, ਅਤੇ ਜੋ ਸਥਾਨਕ ਲੋਕਾਂ ਲਈ ਵਧੀਆ ਢੰਗ ਨਾਲ ਕੰਮ ਕਰੇ।
“ਅਸੀਂ ਆਪਣੇ ਆਲੇ-ਦੁਆਲੇ ਹੌਸਲਾ ਦੇਣ ਵਾਲੇ ਸੰਕੇਤ ਵੇਖ ਰਹੇ ਹਾਂ। ਰੁਜ਼ਗਾਰ ਪੈਦਾ ਕਰਨ ਵਾਲੀਆਂ ਨਵੀਆਂ ਯੋਜਨਾਵਾਂ ਵਿੱਚ ਨਿਵੇਸ਼ ਸੰਬੰਧੀ ਅੰਤਿਮ ਫੈਸਲੇ ਕੀਤੇ ਜਾ ਰਹੇ ਹਨ ਅਤੇ ਸੂਬੇ ਭਰ ਵਿੱਚ ਹਜ਼ਾਰਾਂ ਵਧੀਆ ਨੌਕਰੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀ ਆਰਥਿਕਤਾ ਵਿੱਚ ਪ੍ਰਮੁੱਖ ਯੋਗਦਾਨ ਪਾਉਣ ਵਾਲੇ ਸੂਬੇ ਵਜੋਂ ਉੱਭਰੇਗਾ, ਜਿਸ ਨਾਲ ਇੱਕ ਵਧੇਰੇ ਮਜ਼ਬੂਤ ਅਤੇ ਹੋਰ ਖੁਦਮੁਖਤਿਆਰ ਕੈਨੇਡੀਅਨ ਆਰਥਿਕਤਾ ਦਾ ਨਿਰਮਾਣ ਹੋਵੇਗਾ। ਇਹ ਇੱਕ ਵੱਡਾ ਮੌਕਾ ਹੈ ਜਿਸਦਾ ਸਾਨੂੰ ਲਾਭ ਉਠਾਉਣਾ ਚਾਹੀਦਾ ਹੈ, ਅਤੇ ਇਸ ਨਾਲ ਦੇਸ਼ ਪ੍ਰਤੀ ਇੱਕ ਗੰਭੀਰ ਜ਼ਿੰਮੇਵਾਰੀ ਵੀ ਆਉਂਦੀ ਹੈ, ਜਿਸਨੂੰ ਪੂਰਾ ਕਰਨਾ ਸਾਡਾ ਫਰਜ਼ ਹੈ।
“ਅਸੀਂ ਹੋਰ ਵੱਡੀਆਂ ਚੁਣੌਤੀਆਂ ’ਤੇ ਵੀ ਕਾਬੂ ਪਾ ਰਹੇ ਹਾਂ। ਕਿਰਾਏ ਘਟਣੇ ਸ਼ੁਰੂ ਹੋ ਗਏ ਹਨ, ਹਜ਼ਾਰਾਂ ਹੋਰ ਲੋਕ ਹੁਣ ਫੈਮਿਲੀ ਡਾਕਟਰ ਨਾਲ ਜੋੜੇ ਗਏ ਹਨ, ਅਤੇ ਵਧ ਰਹੇ ਭਾਈਚਾਰਿਆਂ ਨੂੰ ਸਹਿਯੋਗ ਦੇਣ ਲਈ ਮੁੱਖ ਪ੍ਰੋਜੈਕਟ ਆਨਲਾਈਨ ਆ ਰਹੇ ਹਨ।
“ਭਾਵੇਂ ਅਸੀਂ ਤਰੱਕੀ ਕਰ ਰਹੇ ਹਾਂ, ਪਰ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਅਜੇ ਵੀ ਸੰਘਰਸ਼ ਕਰ ਰਹੇ ਹਨ। ਪਰਿਵਾਰ ਤਣਾਅ ਮਹਿਸੂਸ ਕਰ ਰਹੇ ਹਨ, ਖ਼ਾਸ ਕਰਕੇ ਸਾਲ ਦੇ ਇਸ ਸਮੇਂ ਦੌਰਾਨ। ਇਸ ਲਈ ਸਾਡਾ ਅੱਗੇ ਦਾ ਕੰਮ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ, ਜਿੰਨਾ ਕਿ ਅਸੀਂ ਹੁਣ ਤੱਕ ਕੀਤਾ ਹੈ।
“ਇਸ ਕੰਮ ਦਾ ਮਤਲਬ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਹੁਨਰਮੰਦ ਕਿੱਤਿਆਂ ਲਈ ਤਿਆਰ ਕਰਨਾ, ਤਾਂ ਜੋ ਉਹ ਨਵੀਆਂ ਨੌਕਰੀਆਂ ਅਤੇ ਵੱਧ ਤਨਖ਼ਾਹਾਂ ਲਈ ਸਭ ਤੋਂ ਪਹਿਲਾਂ ਕਤਾਰ ਵਿੱਚ ਹੋਣ। ਇਸਦਾ ਮਤਲਬ ਹੈ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਦੇ ਖਰਚੇ ਘਟਾਉਂਦੇ ਰਹਿਣਾ ਅਤੇ ਉਹ ਧੰਨ-ਦੌਲਤ ਕਮਾਉਣਾ ਜੋ ਉਨ੍ਹਾਂ ਸਰਕਾਰੀ ਸੇਵਾਵਾਂ ਨੂੰ ਸੁਧਾਰਣ ਲਈ ਲੋੜੀਂਦੀ ਹੈ ਜਿਨ੍ਹਾਂ ‘ਤੇ ਲੋਕ ਨਿਰਭਰ ਹਨ।
“ਬ੍ਰਿਟਿਸ਼ ਕੋਲੰਬੀਆ ਤੋਂ ਇਲਾਵਾ, ਦੁਨੀਆ ਵਿੱਚ ਹੋਰ ਕੋਈ ਥਾਂ ਨਹੀਂ ਜਿੱਥੇ ਮੈਂ ਵੱਡੀਆਂ ਚੁਣੌਤੀਆਂ ਅਤੇ ਬਦਲਦੀ ਦੁਨੀਆ ਦਾ ਸਾਹਮਣਾ ਕਰਨਾ ਚਾਹਾਂਗਾ। ਸਾਡੇ ਕੋਲ ਉਹ ਸਭ ਕੁਝ ਹੈ ਜੋ ਸਾਨੂੰ ਚਾਹੀਦਾ ਹੈ: ਹੁਨਰਮੰਦ ਲੋਕ, ਭਰਪੂਰ ਸਰੋਤ, ਅਤੇ ਇਕ ਦੂਜੇ ਦੀ ਸੰਭਾਲ ਕਰਨ ਲਈ ਸਾਂਝੀ ਵਚਨਬੱਧਤਾ।
“ਪਿਛਲੇ ਸਾਲ ਨੂੰ ਅਲਵਿਦਾ ਕਹਿੰਦਿਆਂ, ਆਓ ਨਵੇਂ ਸਾਲ ਦਾ ਸਵਾਗਤ ਵਿਸ਼ਵਾਸ ਅਤੇ ਆਸ ਨਾਲ ਕਰੀਏ; ਇਹ ਜਾਣਦਿਆਂ ਕਿ ਅਸੀਂ ਇਕੱਠੇ ਮਿਲ ਕੇ ਬ੍ਰਿਟਿਸ਼ ਕੋਲੰਬੀਆ ਲਈ ਹੋਰ ਮਜ਼ਬੂਤ ਅਤੇ ਰੌਸ਼ਨ ਭਵਿੱਖ ਬਣਾਉਣਾ ਜਾਰੀ ਰੱਖ ਸਕਦੇ ਹਾਂ।“
