Mar 7, 2026

ਵੈਨਕੂਵਰ-ਬੀ.ਸੀ ਦੇ ਪ੍ਰੀਮੀਅਰ ਡੇਵਿਡ ਈਬੀ  ਸੂਬੇ ਦੇ ਰੁਜ਼ਗਾਰ ਮੰਤਰੀ ਰਵੀ ਕਾਹਲੋਂ ਸਮੇਤ ਇਕ ਉਚ ਪੱਧਰੀ ਵਫਦ ਸਮੇਤ 12 ਤੋਂ 17 ਜਨਵਰੀ ਤੱਕ ਭਾਰਤ ਦਾ ਦੌਰਾ ਕਰਨਗੇ।  ਇਸ ਸਬੰਧੀ ਵੈਨਕੂਵਰ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਪ੍ਰੀਮੀਅਰ ਨੇ ਕਿਹਾ ਕਿ ਅਮਰੀਕਾ ਨਾਲ ਵਪਾਰਕ ਤਣਾਅ ਦੇ ਚਲਦਿਆਂ ਦੂਜੇ ਦੇਸ਼ਾਂ ਨਾਲ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾਉਣ ਲਈ ਇਕ ਨਵਾਂ ਮੌਕਾ ਵੇਖਿਆ ਜਾ ਰਿਹਾ ਹੈ। ਉਹਨਾਂ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਵਧਾਉਣ ਬਾਰੇ ਕਿਹਾ ਕਿ  “ਭਾਰਤ ਨਾਲ ਸਾਡੇ ਵਪਾਰ ਦਾ ਵਿਸਥਾਰ ਕਰਕੇ, ਅਸੀਂ ਦੇਸ਼ ਭਰ ਦੇ ਉਨ੍ਹਾਂ ਭਾਈਚਾਰਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਹਾਂ ਜੋ  ਅਮਰੀਕੀ ਰਾਸ਼ਟਰਪਤੀ  ਟਰੰਪ ਦੇ ਟੈਰਿਫਾਂ ਤੋਂ ਪ੍ਰਭਾਵਿਤ ਹੋਏ ਹਨ, ਖਾਸ ਕਰਕੇ ਜੰਗਲਾਤ ਖੇਤਰ ਵਿੱਚ, ਜੋ ਕਿ ਇਸ ਮਿਸ਼ਨ ਦਾ ਵੱਡਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀ ਇਸ ਯਾਤਰਾ ਦਾ ਉਦੇਸ਼ ਪਿਛਲੇ ਸਾਲ ਉਹਨਾਂ ਵਲੋਂ ਜਾਪਾਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੀ ਯਾਤਰਾ ਨੂੰ ਅੱਗੇ ਵਧਾਉਣਾ ਹੈ। ਉਹਨਾਂ ਨਾਲ ਜੌਬ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਹਲੋਂ ਸਮੇਤ ਇਹ ਵਫਦ  ਨਵੀਂ ਦਿੱਲੀ, ਮੁੰਬਈ, ਚੰਡੀਗੜ੍ਹ ਅਤੇ ਬੰਗਲੌਰ ਵਿੱਚ ਸਰਕਾਰੀ ਅਤੇ ਵਪਾਰਕ ਨੇਤਾਵਾਂ ਨੂੰ ਮਿਲੇਗਾ।

ਇਸ ਮੌਕੇ ਮੰਤਰੀ ਰਵੀ ਕਾਹਲੋਂ ਨੇ ਕਿਹਾ ਕਿ ਉਹਨਾਂ ਦੀ ਇਸ ਯਾਤਰਾ ਦਾ ਮਕਸਦ ਅਮਰੀਕਾ ਤੋਂ ਪਰੇ ਹੋਰ ਮੁਲਕਾਂ ਨਾਲ ਵਪਾਰਕ ਸਬੰਧਾਂ ਦਾ ਵਿਸਥਾਰ,   ਨਿਰਯਾਤ ਨੂੰ ਦੁੱਗਣਾ ਕਰਨਾ ਅਤੇ ਤਕਨਾਲੋਜੀ ਅਤੇ  ਵਿਗਿਆਨਕ ਖੇਤਰਾਂ ਨੂੰ ਵਧਾਉਣਾ ਹੈ ਅਤੇ ਭਾਰਤ ਉਸ ਦ੍ਰਿਸ਼ਟੀਕੋਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਹਨਾਂ ਹੋਰ ਕਿਹਾ ਕਿ 2024 ਵਿੱਚ ਬੀ.ਸੀ. ਅਤੇ ਭਾਰਤ ਵਿਚਕਾਰ ਦੁਵੱਲਾ ਵਪਾਰ $2.1 ਬਿਲੀਅਨ ਦਾ ਸੀ, ਅਤੇ ਕੈਨੇਡਾ ਦੇ ਭਾਰਤ ਨੂੰ ਨਿਰਯਾਤ ਦਾ 25 ਪ੍ਰਤੀਸ਼ਤ ਬੀ.ਸੀ. ਤੋਂ ਸੀ। ਕਾਹਲੋਂ ਨੇ ਯਾਤਰਾ ਦੌਰਾਨ ਊਰਜਾ ਅਤੇ ਮਾਈਨਿੰਗ ਖੇਤਰ ਦਾ ਵੀ ਜ਼ਿਕਰ ਕੀਤਾ ਸੀ ਜਿਸ ਉਪਰ ਉਹ ਵਿਸ਼ੇਸ਼ ਧਿਆਨ ਦੇ  ਰਹੇ ਹਨ।

ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵਲੋਂ ਪ੍ਰੀਮੀਅਰ ਜਦੋਂ ਇਹ ਸਵਾਲ  ਪੁੱਛਿਆ ਗਿਆ ਕਿ ਕੀ ਉਹਨਾਂ ਭਾਰਤ ਦੇ ਦੌਰੇ  ਦੀ ਯੋਜਨਾ ਬਣਾਉਂਦੇ ਸਮੇਂ 2023 ਵਿੱਚ ਬੀ.ਸੀ. ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਨੂੰ ਧਿਆਨ ਵਿੱਚ ਰੱਖਿਆ ਸੀ ਤਾਂ ਉਹਨਾਂ ਕਿਹਾ ਕਿ ਇਹ ਅਦਾਲਤਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਲੋਕਾਂ ਨਾਲ ਨਜਿੱਠਣ, ਅਤੇ ਸੰਘੀ ਸਰਕਾਰ ‘ਤੇ ਨਿਰਭਰ ਕਰਦਾ ਹੈ ਕਿ ਉਹ ਭਾਰਤ ਨਾਲ ਇਸ ਮੁੱਦੇ ਤੇ ਗੱਲਬਾਤ ਨੂੰ ਜਾਰੀ ਰੱਖੇ। “ਇੱਕ ਸੂਬੇ ਦੇ ਤੌਰ ‘ਤੇ ਸਾਡੀ ਸਰਕਾਰ ਵਜੋਂ ਸਾਡੀ ਸਹੀ ਭੂਮਿਕਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਹਿੱਤਾਂ ਲਈ ਕੰਮ ਕਰ ਰਹੇ ਹਾਂ । ਇਸੇ ਦੌਰਾਨ ਬੀਸੀ ਦੀਆਂ ਸਿੱਖ ਸੰਸਥਾਵਾਂ ਵਲੋਂ ਪ੍ਰੀਮੀਅਰ ਈਬੀ ਦੇ ਭਾਰਤ ਦੌਰੇ ਦੀ ਯੋਜਨਾ ਦਾ ਵਿਰੋਧ ਕਰਦਿਆਂ ਇਸਨੂੰ ਸਿੱਖ ਹਿੱਤਾਂ ਦੇ ਖਿਲਾਫ ਕਿਹਾ ਹੈ।