ਵਿਦੇਸ਼ੀ ਕਾਮਿਆਂ ਨੂੰ ਐਲ ਐਮ ਆਈ ਵੇਚਣ ਅਤੇ ਘੱਟ ਉਜਰਤ ਦੇਣ ਦੇ ਦੋਸ਼-
ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਲਗਰੀ ਦੀ ਇਕ ਅਦਾਲਤ ਨੇ ਸ਼ਹਿਰ ਵਿਚ ਸਥਿਤ ਰੈਸਟੋਰੈਂਟ ਦੇ ਤਿੰਨ ਮਾਲਕਾਂ ਨੂੰ ਆਪਣੇ ਕਾਮਿਆਂ ਨਾਲ ਧੋਖਾਧੜੀ ਅਤੇ ਸ਼ੋਸ਼ਣ ਕਰਨ ਦਾ ਦੋਸ਼ੀ ਐਲਾਨ ਕੇ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਜਿਸ ਰੈਸਟੋਰੈਂਟ ਦੇ ਸਬੰਧ ਵਿਚ ਇਹ ਫੈਸਲਾ ਸੁਣਾਇਆ ਹੈ ਉਸਦਾ ਨਾਮ ‘ਮਰੀਨਾ ਡੋਸਾ ਅਤੇ ਤੰਦੂਰੀ ਗਰਿਲ’ ਹੈ ਜੋ ਇੰਡੀਅਨ ਰੈਸਟੋਰੈਂਟ ਦੇ ਭਾਰਤੀ ਮੂਲ ਦੇ ਭਰਾਵਾਂ ਵੱਲੋਂ ਚਲਾਇਆ ਜਾ ਰਿਹਾ ਸੀ। ਉਥੇ ਕੰਮ ਕਰਦੇ ਰਹੇ ਕੁਝ ਭਾਰਤੀ ਵਿਦਿਆਰਥੀਆਂ ਨੇ ਦੋਸ਼ ਲਾਇਆ ਸੀ ਕਿ ਮਾਲਕਾਂ ਨੇ ਉਨ੍ਹਾਂ ਨੂੰ ਪੱਕੇ ਕਰਾਉਣ ਲਈ ਐੱਲ ਐੱਮ ਆਈ ਏ ਦੇਣ ਬਦਲੇ ਹਜ਼ਾਰਾਂ ਡਾਲਰ ਲੈ ਲਏ ਅਤੇ ਉਨ੍ਹਾਂ ਤੋਂ ਕਰਵਾਏ ਕੰਮ ਬਦਲੇ ਬਹੁਤ ਘੱਟ ਉਜਰਤ ਦੇ ਕੇ ਸ਼ੋਸ਼ਣ ਕੀਤਾ ਹੈ। ਉਨ੍ਹਾਂ ਜਬਰੀ ਵੱਧ ਘੰਟੇ ਕੰਮ ਕਰਾਉਣ ਅਤੇ ਬੇਇੱਜ਼ਤੀ ਕਰਨ ਦੇ ਵੀ ਦੋਸ਼ ਲਾਏ ਹਨ। ਉਨ੍ਹਾਂ ਰੈਸਟੋਰੈਂਟ ਮਾਲਕਾਂ ਵੱਲੋਂ ਪ੍ਰਦਾਨ ਕੀਤੇ ਗਈ ਤੰਗ ਰਿਹਾਇਸ਼ ਦੇ ਸਬੂਤ ਵੀ ਪੇਸ਼ ਕੀਤੇ, ਜਿਸ ਨੂੰ ਅਦਾਲਤ ਨੇ ਬਹੁਤ ਮਾੜਾ ਮੰਨਿਆ।
