ਮੈਂ ਪੁਲਿਸ ਮੁਖੀ ਨੂੰ ਕੋਈ ਨਿਰਦੇਸ਼ ਨਹੀ ਦਿੱਤਾ ਕੇਵਲ ਲੋਕਾਂ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ-ਲਿੰਡਾ-
ਸਰੀ ( ਦੇ ਪ੍ਰ ਬਿ)- ਸਰੀ ਸਿਟੀ ਕੌਂਸਲਰ ਲਿੰਡਾ ਐਨਿਸ ਜੋ ਸਿਟੀ ਦੀਆਂ ਆਗਾਮੀ ਚੋਣਾਂ ਵਿਚ ਮੇਅਰ ਦੇ ਉਮੀਦਵਾਰ ਵਜੋਂ ਤਿਆਰੀ ਕਰ ਰਹੇ ਹਨ ਵਲੋਂ ਪਿਛਲੇ ਦਿਨੀਂ ਸਰੀ ਪੁਲਿਸ ਮੁਖੀ ਨੌਰਮ ਲਿਪਿੰਸਕੀ ਨੂੰ ਮੋਰਗਨ ਕਰੀਕ ਗੋਲਫ ਕੋਰਸ ਨੇੜੇ ਸ਼ਰਾਬ ਪੀਕੇ ਡਰਾਈਵਿੰਗ ਕਰਨ ਵਾਲੇ ਡਰਾਈਵਰਾਂ ਦੀ ਚੈਕਿੰਗ ਬਾਰੇ ਭੇਜੇ ਗਏ ਮੈਸਜਾਂ ਕਾਰਣ ਚਰਚਾ ਵਿਚ ਹਨ।
ਸਿਟੀ ਕੌਂਸਲਰਲ ਲਿੰਡਾ ਐਨਿਸ ਅਤੇ ਪੁਲਿਸ ਮੁਖੀ ਲਿਪਿੰਸਕੀ ਜਿਹਨਾਂ ਨੂੰ ਪਿਛਲੇ ਅਕਤੂਬਰ ਵਿੱਚ ਤਿੰਨ ਸਾਲਾਂ ਦੇ ਇਕਰਾਰਨਾਮੇ ‘ਤੇ ਦੁਬਾਰਾ ਨਿਯੁਕਤ ਕੀਤਾ ਗਿਆ ਸੀ, ਵਿਚਾਲੇ ਟੈਕਸਟ ਸੁਨੇਹਿਆਂ ਅਤੇ ਈਮੇਲਾਂ ਦੇ ਆਦਾਨ-ਪ੍ਰਦਾਨ ‘ਤੇ ਗਲੋਬਲ ਨਿਊਜ ਦੀ ਇਕ ਵਿਸ਼ੇਸ਼ ਰਿਪੋਰਟ ਉਪਰੰਤ ਕਾਫੀ ਚਰਚਾ ਹੈ। ਕੌਂਸਲਰ ਲਿੰਡਾ ਐਨਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਸਨੇ ਪੁਲਿਸ ਮੁਖੀ ਲਿਪਿੰਸਕੀ ਨੂੰ ਚੈਕਿੰਗ ਬਾਰੇ ਕੋਈ ਨਿਰਦੇਸ਼ ਨਹੀਂ ਭੇਜੇ ਸਨ, ਪਰ ਉਹ ਸਿਰਫ ਸਥਾਨਿਕ ਨਿਵਾਸੀਆਂ ਵਲੋਂ ਪ੍ਰਗਟਾਈਆਂ ਚਿੰਤਾਵਾਂ ਨੂੰ ਪੁਲਿਸ ਅਧਿਕਾਰੀਆਂ ਤੱਕ ਭੇਜ ਰਹੀ ਸੀ। ਉਸਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਉਹ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਵਿਰੁੱਧ ਹੈ। ਉਧਰ ਜਨਤਕ ਸੁਰੱਖਿਆ ਮੰਤਰੀ ਨੀਨਾਨ ਕ੍ਰੀਗਰ, ਜੋ ਕਿ ਸਾਲਿਸਟਰ ਜਨਰਲ ਵੀ ਹਨ, ਨੇ ਇਸ ਮਾਮਲੇ ਵਿਚ ਪੁਲਿਸਿੰਗ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਸੇਵਾਵਾਂ ਦੇ ਡਾਇਰੈਕਟਰ ਨੂੰ ਸਥਿਤੀ ਦੀ ਨਿਗਰਾਨੀ ਕਰਨ ਅਤੇ ਢੁਕਵੀਂ ਕਾਰਵਾਈ ਲਈ ਕਿਹਾ ਹੈ।
ਸਰੀ ਸਿਟੀ ਮੈਨੇਜਰ ਰੌਬ ਕੋਸਟਾਂਜ਼ੋ ਨੇ ਇੱਕ ਬਿਆਨ ਵਿੱਚ ਪੁਲਿਸ ਮੁਖੀ ਲਿਪਿੰਸਕੀ ਦੇ ਸਿਟੀ ਕੌਂਸਲਰ ਨਾਲ ਮੈਸਜ ਆਦਾਨ ਪ੍ਰਦਾਨ ਨੂੰ “ਬਹੁਤ ਗੰਭੀਰ ਦੱਸਿਆ ਹੈ।
