ਬਾਲੀਵੁੱਡ ਦੇ ਹੀ-ਮੈਨ ਸਵਰਗੀ ਸ਼੍ਰੀ ਧਰਮਿੰਦਰ, ਸੰਗੀਤ ਸਮਰਾਟ ਸ਼੍ਰੀ ਚਰਨਜੀਤ ਆਹੂਜਾ, ਕਾਮੇਡੀ ਕਿੰਗ ਸ਼੍ਰੀ ਜਸਵਿੰਦਰ ਭੱਲਾ, ਗਾਇਕ ਸ਼੍ਰੀ ਰਾਜਵੀਰ ਜਵੰਦਾ ਅਤੇ ਚਿੱਤਰਕਾਰ ਤੇ ਕਵੀ ਸ਼੍ਰੀ ਦੇਵ ਚਿੱਤਰਕਾਰ ਨੂੰ ਸਮਰਪਿਤ ਹੋਵੇਗਾ ‘ਧੀਆਂ ਦਾ ਲੋਹੜੀ ਮੇਲਾ’
ਲੁਧਿਆਣਾ- ਮਾਲਵਾ ਸੱਭਿਆਚਾਰਕ ਮੰਚ ਵੱਲੋਂ 10 ਜਨਵਰੀ ਨੂੰ ਕਰਵਾਇਆ ਜਾ ਰਿਹਾ 30ਵਾਂ ਧੀਆਂ ਦਾ ਲੋਹੜੀ ਮੇਲਾ ਸਿਨੇਮਾ, ਸੰਗੀਤ ਅਤੇ ਕਲਾ ਦੀਆਂ ਸਿਰਮੌਰ ਸ਼ਖ਼ਸੀਅਤਾਂ ਲੋਕਪ੍ਰਿਯ ਫਿਲਮ ਅਭਿਨੇਤਾ ਸ਼੍ਰੀ ਧਰਮਿੰਦਰ, ਸੰਗੀਤ ਸਮਰਾਟ ਸ਼੍ਰੀ ਚਰਨਜੀਤ ਆਹੂਜਾ, ਕਾਮੇਡੀ ਕਿੰਗ ਸ਼੍ਰੀ ਜਸਵਿੰਦਰ ਭੱਲਾ, ਪ੍ਰਸਿੱਧ ਗਾਇਕ ਤੇ ਅਦਾਕਾਰ ਸ਼੍ਰੀ ਰਾਜਵੀਰ ਜਵੰਦਾ ਅਤੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਅਤੇ ਕਵੀ ਸ਼੍ਰੀ ਦੇਵ ਚਿੱਤਰਕਾਰ ਨੂੰ ਸਮਰਪਿਤ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਅਤੇ ਮਹਿਲਾ ਵਿੰਗ ਦੇ ਪ੍ਰਧਾਨ ਇੰਦਰਜੀਤ ਕੌਰ ਨੇ ਦੱਸਿਆ ਕਿ ਮੰਚ ਵੱਲੋਂ ਆਪਣੀ 29 ਸਾਲਾਂ ਦੀ ਸ਼ਾਨਦਾਰ ਰਿਵਾਇਤ ਨੂੰ ਅੱਗੇ ਤੋਰਦਿਆਂ ਇਸ ਵਾਰ ਵੀ ਕਲਾ, ਸੰਗੀਤ, ਸਿੱਖਿਆ, ਖੇਡਾਂ ਅਤੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇਣ ਵਾਲੀਆਂ 13 ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਭਲਕੇ 10 ਜਨਵਰੀ ਨੂੰ ਸਵੇਰੇ 10 ਵਜੇ ਤੋਂ ਆਰੰਭ ਹੋਣ ਵਾਲੇ 30ਵੇਂ ਧੀਆਂ ਦੇ ਲੋਹੜੀ ਮੇਲੇ ਦੌਰਾਨ ਕੀਤਾ ਜਾਵੇਗਾ। ਮੇਲੇ ਦਾ ਉਦਘਾਟਨ ਪੰਜਾਬੀ ਰੰਗ ਮੰਚ ਅਤੇ ਸਿਨੇਮਾ ਦੀ ਸਤਿਕਾਰਯੋਗ ਹਸਤੀ ਪਦਮਸ਼੍ਰੀ ਨਿਰਮਲ ਰਿਸ਼ੀ ਕਰਨਗੇ। ਸ਼੍ਰੀ ਬਾਵਾ ਅਤੇ ਸ਼੍ਰੀ ਝਾਂਡੇ ਨੇ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਵੱਲੋਂ ਇਸ ਵਾਰ ਫੋਟੋਕਾਰੀ, ਲੇਖਨ ਕਾਰਜਾਂ ਅਤੇ ਉਦਯੋਗਿਕ ਖੇਤਰ ਵਿੱਚ ਵਿਲੱਖਣ ਪਹਿਚਾਣ ਰੱਖਣ ਵਾਲੇ ਸਰਦਾਰ ਰਣਜੋਧ ਸਿੰਘ, ਸੰਗੀਤ ਦੇ ਖੇਤਰ ਦੀ ਉੱਘੀ ਹਸਤੀ ਸ੍ਰੀਮਤੀ ਡੌਲੀ ਗੁਲੇਰੀਆ, ਪੱਤਰਕਾਰੀ ਦੇ ਖੇਤਰ ਦੀ ਮਾਣਮੱਤੀ ਸ਼ਖਸੀਅਤ ਸਰਦਾਰ ਸਤਿਬੀਰ ਸਿੰਘ, ਨਾਟ ਕਲਾ ਅਤੇ ਮੰਚ ਸੰਚਾਲਨ ਦੇ ਖੇਤਰ ਦੀ ਨਾਮਵਰ ਸ਼ਖ਼ਸੀਅਤ ਡਾਕਟਰ ਨਿਰਮਲ ਸਿੰਘ ਜੌੜਾ, ਸਰਦਾਰ ਰਣਜੀਤ ਸਿੰਘ ਮਠਾੜੂ, ਸਰਦਾਰ ਤਰਲੋਚਨ ਸਿੰਘ ਸਫ਼ਰੀ, ਉੱਘੀ ਸਮਾਜ ਸੇਵਕਾ ਸ੍ਰੀਮਤੀ ਰਚਨਾ ਸ਼ਰਮਾ, ਸ੍ਰੀਮਤੀ ਮੁਸਕਾਨ ਸ਼ਰਮਾ ਯਾਦਵ, ਸ੍ਰੀਮਤੀ ਮੁਸਕਾਨ ਸ਼ਰਮਾ, ਸ਼੍ਰੀਮਤੀ ਰਮਨਦੀਪ ਕੌਰ, ਸ੍ਰੀ ਦਰਸ਼ਨ ਲਾਲ ਬਵੇਜਾ, ਸਰਦਾਰ ਰਮਨਜੋਤ ਸਿੰਘ ਢਿੱਲੋਂ ਅਤੇ ਮਾਸਟਰ ਸ਼੍ਰਵਨ ਸਿੰਘ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ 29 ਸਾਲ ਪਹਿਲਾਂ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸਰਦਾਰ ਜਗਦੇਵ ਸਿੰਘ ਜੱਸੋਵਾਲ ਦੀ ਪ੍ਰੇਰਨਾ ਸਦਕਾ ਸ਼ੁਰੂ ਹੋਇਆ ‘ਧੀਆਂ ਦਾ ਲੋੜੀ ਮੇਲਾ’ ਅੱਜ ਆਪਣੇ 30ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ ਅਤੇ ਮੇਲੇ ਵਿੱਚ ਉਪਰੋਕਤ ਸ਼ਖਸੀਅਤਾਂ ਦੇ ਨਾਲ-ਨਾਲ ਨਾਨੀਆਂ-ਦਾਦੀਆਂ ਅਤੇ ਸਾਲ 2025 ਦੌਰਾਨ ਜਨਮ ਲੈਣ ਵਾਲੀਆਂ 125 ਬੱਚਿਆਂ ਦਾ ਵੀ ਮੰਚ ਵੱਲੋਂ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਮੇਲੇ ਵਿੱਚ ਸ਼ਿਰਕਤ ਕਰਕੇ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਜਗਾਈ ਗਈ ਧੀਆਂ ਦੇ ਸਤਿਕਾਰ ਦੀ ਅਲਖ ਨੂੰ ਹੋਰ ਪ੍ਰਬਲ ਕਰਨ ਦੀ ਅਪੀਲ ਵੀ ਕੀਤੀ।


