ਅੰਮ੍ਰਿਤਸਰ, 16 ਜਨਵਰੀ- ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ’ਚ ਕਥਿਤ ਬੇਨਿਯਮੀਆਂ ਅਤੇ ਖ਼ਾਮੀਆਂ ਸਬੰਧੀ ਦਿੱਤੀਆਂ ਗਈਆਂ ਸ਼ਿਕਾਇਤਾਂ ਨੂੰ ਤੁਰੰਤ ਅਤੇ ਬਿਨਾਂ ਕਿਸੇ ਦੇਰੀ ਦੇ ਜਨਤਕ ਕਰਨ ਦੀ ਮੰਗ ਕੀਤੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਗੁਰੂ ਕੇ ਗੋਲਕ ਬਾਰੇ ਬਿਆਨਬਾਜ਼ੀ ਦੇ ਮਾਮਲੇ ਵਿੱਚ ਤਲਬ ਕੀਤੇ ਜਾਣ ਉਪਰੰਤ ਮੁੱਖ ਮੰਤਰੀ ਮਾਨ ਵੱਲੋਂ ਸ਼ਿਕਾਇਤਾਂ ਦਾ ਇੱਕ ਪੁਲੰਦਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹਵਾਲੇ ਕਰਨਾ ਕੋਈ ਸਧਾਰਨ ਘਟਨਾ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਅਤੇ ਸੰਭਾਵਿਤ ਘਪਲਿਆਂ ਨਾਲ ਜੁੜਿਆ ਇੱਕ ਗੰਭੀਰ ਮਸਲਾ ਹੈ, ਜਿਸ ਦੀ ਸਚਾਈ ਸਿੱਖ ਸੰਗਤ ਦੇ ਸਾਹਮਣੇ ਲਿਆਂਦੀ ਜਾਣੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਇਹ ਸਬੂਤ ਜਨਤਕ ਕਰਨਾ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਸਿੱਖ ਸੰਗਤ ਖ਼ੁਦ ਫ਼ੈਸਲਾ ਕਰ ਸਕੇ ਕਿ ਕੀ ਵਾਸਤਵ ਵਿੱਚ ਗੁਰੂ ਕੇ ਗੋਲਕ ਦੀ ਦੁਰਵਰਤੋਂ ਹੋ ਰਹੀ ਹੈ ਜਾਂ ਫਿਰ ਇਹ ਸਾਰਾ ਮਾਮਲਾ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਅਤੇ ਸਿੱਖ ਭਾਵਨਾਵਾਂ ਨਾਲ ਖੇਡਣ ਲਈ ਰਚਿਆ ਗਿਆ ਇੱਕ ਰਾਜਨੀਤਿਕ ਡਰਾਮਾ ਹੈ।
ਉਨ੍ਹਾਂ ਕਿਹਾ ਕਿ ਇਹ ਮੰਗ ਇਸ ਲਈ ਵੀ ਅਤਿਅਵਸ਼ਕ ਹੈ ਕਿਉਂਕਿ ਬੰਗਾ ਨੇੜੇ ਰਾਜਾ ਨਾਭ ਕਮਲ ਮੁਜਾਰਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169 ਪਾਵਨ ਸਰੂਪਾਂ ਦੇ ਮਿਲਣ ਦੇ ਮਾਮਲੇ ਵਿੱਚ ਵੀ ਹਕੀਕਤ ਕੁੱਝ ਹੋਰ ਨਿਕਲਿਆ, ਜਿਸ ਨੇ ਸੰਗਤ ਦੇ ਮਨ ਵਿੱਚ ਸਰਕਾਰ ਪ੍ਰਤੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।
ਪ੍ਰੋ. ਖਿਆਲਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਵਲ ਗਿਆਨੀ ਗੜਗੱਜ ਨੂੰ ਸ਼ਿਕਾਇਤਾਂ ਜਾਂ ਸਬੂਤਾਂ ਦਾ ਪੁਲੰਦਾ ਸੌਂਪ ਦੇਣ ਨਾਲ ਮੁੱਖ ਮੰਤਰੀ ਮਾਨ ਸੰਗਤ ਦੀਆਂ ਨਜ਼ਰਾਂ ਵਿੱਚ ਸੁਰਖ਼ਰੂ ਨਹੀਂ ਹੋ ਸਕਦੇ, ਕਿਉਂਕਿ ਗੁਰੂ ਪੰਥ ਦੇ ਅਸਲ ਵਾਰਸ ਸਿੱਖ ਸੰਗਤ ਹੈ ਅਤੇ ਸੰਗਤ ਨੂੰ ਸਭ ਸੱਚ ਜਾਣਨ ਅਤੇ ਅੰਤਿਮ ਫ਼ੈਸਲਾ ਕਰਨ ਦਾ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ ਜੇਕਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੋਵੇਂ ਹੀ ਇਹ ਮਾਮਲਾ ਪਾਰਦਰਸ਼ੀ ਢੰਗ ਨਾਲ ਸੰਗਤ ਸਾਹਮਣੇ ਨਹੀਂ ਰੱਖਦੇ ਤਾਂ ਇਤਿਹਾਸ ਵਿੱਚ ਦੋਵੇਂ ਪੰਥ ਦੇ ਦੋਸ਼ੀ ਅਤੇ ਗੁਨਾਹਗਾਰ ਮੰਨੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਤੋਂ ਕੋਈ ਵੀ ਨਹੀਂ ਬਚ ਸਕੇਗਾ।
