Apr 23, 2026

ਮਹੇਸ਼ਇੰਦਰ ਸਿੰਘ ਮਾਂਗਟ—

ਪੰਜਾਬ ਦੀ ਸਿਆਸਤ ਇੱਕ ਅਜਿਹੇ ਮੋੜ ’ਤੇ ਖੜੀ ਹੈ ਜਿੱਥੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਕੇਂਦਰ ਵਿੱਚ ਰੱਖ ਕੇ ਕੁਝ ਸਿਆਸੀ ਧਿਰਾਂ ਵੱਲੋਂ ਸਭ ਤੋਂ ਸੰਵੇਦਨਸ਼ੀਲ ਅਤੇ ਖਤਰਨਾਕ ਹਥਿਆਰ—ਜਾਤੀਵਾਦ—ਨੂੰ ਖੁੱਲ੍ਹੇਆਮ ਵਰਤਿਆ ਜਾ ਰਿਹਾ ਹੈ। ਸੱਤਾ ਦੀ ਕੁਰਸੀ ਤੱਕ ਪਹੁੰਚਣ ਦੀ ਦੌੜ ਵਿੱਚ ਇਹ ਧਿਰਾਂ ਇਸ ਗੱਲ ਤੋਂ ਬੇਪਰਵਾਹ ਦਿਖਾਈ ਦੇ ਰਹੀਆਂ ਹਨ ਕਿ ਇਸ ਤਰ੍ਹਾਂ ਦੀ ਸਿਆਸਤ ਪੰਜਾਬੀ ਸਮਾਜ ਦੇ ਤਾਣੇ-ਬਾਣੇ ਨੂੰ ਕਿੰਨਾ ਡੂੰਘਾ ਨੁਕਸਾਨ ਪਹੁੰਚਾ ਸਕਦੀ ਹੈ।
ਇਹ ਮਸਲਾ ਕਿਸੇ ਇੱਕ ਪਾਰਟੀ ਜਾਂ ਲੀਡਰ ਤੱਕ ਸੀਮਤ ਨਹੀਂ। ਵੱਖ-ਵੱਖ ਰਾਜਨੀਤਿਕ ਧਿਰਾਂ ਆਪਣੇ-ਆਪਣੇ ਹਿੱਤਾਂ ਲਈ ਸਮਾਜ ਦੇ ਵੱਖਰੇ ਵਰਗਾਂ ਵਿਚਕਾਰ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਖ਼ਾਸ ਕਰਕੇ ਕਿਸਾਨ ਅਤੇ ਮਜ਼ਦੂਰ ਵਰਗ, ਜੋ ਸਦੀਆਂ ਤੋਂ ਇਕ-ਦੂਜੇ ਨਾਲ ਨਹੁੰ-ਮਾਸ ਦੇ ਰਿਸ਼ਤੇ ਵਾਂਗ ਜੁੜੇ ਹੋਏ ਹਨ, ਉਨ੍ਹਾਂ ਵਿਚਕਾਰ ਤਰੇੜ ਪੈਦਾ ਕਰਨ ਦੀ ਯੋਜਨਾ ਸਪਸ਼ਟ ਤੌਰ ’ਤੇ ਸਾਹਮਣੇ ਆ ਰਹੀ ਹੈ।
ਇਸ ਤੋਂ ਵੀ ਵਧ ਕੇ ਚਿੰਤਾ ਦੀ ਗੱਲ ਇਹ ਹੈ ਕਿ ਸਿੱਖ ਇਤਿਹਾਸ ਦੇ ਮਹਾਨ ਜਰਨੈਲਾਂ ਅਤੇ ਸ਼ਹੀਦਾਂ ਨੂੰ ਵੀ ਜਾਤੀਵਾਦੀ ਚਸ਼ਮੇ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਉਹੀ ਜਰਨੈਲ ਹਨ ਜਿਨ੍ਹਾਂ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਜਾਤੀਵਾਦ ਦੀਆਂ ਸਾਰੀਆਂ ਦੀਵਾਰਾਂ ਢਾਹ ਦਿੱਤੀਆਂ ਸਨ ਅਤੇ ਵਿਲੱਖਣ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਹ ਖ਼ਾਲਸਾ, ਜਿਸ ਨੇ ਪੰਥ, ਧਰਮ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਜ਼ਾਲਮ ਹਾਕਮਾਂ ਦੇ ਸਾਹਮਣੇ ਡਟ ਕੇ ਟੱਕਰ ਲਈ।
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਗਿਆ ਸਾਂਝੀਵਾਲਤਾ ਦਾ ਸੰਦੇਸ਼ ਅਤੇ ਗੁਰੂ ਸਾਹਿਬਾਨਾਂ ਦਾ ਫ਼ਲਸਫ਼ਾ ਅੱਜ ਵੀ ਉਤਨਾ ਹੀ ਸਾਰਥਕ ਹੈ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ—
“ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ”—
ਪੰਜਾਬੀ ਸਮਾਜ ਲਈ ਕੇਵਲ ਇਕ ਧਾਰਮਿਕ ਉਪਦੇਸ਼ ਨਹੀਂ, ਸਗੋਂ ਸਮਾਜਿਕ ਏਕਤਾ ਦਾ ਮਜ਼ਬੂਤ ਆਧਾਰ ਹੈ।
ਦੁਖਦਾਈ ਪੱਖ ਇਹ ਹੈ ਕਿ ਜਾਤੀਵਾਦੀ ਪਾੜੇ ਦੀ ਇਹ ਸਾਜ਼ਿਸ਼ ਹੁਣ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਤ ਨਹੀਂ ਰਹੀ, ਬਲਕਿ ਕੁਝ ਮੌਕਿਆਂ ’ਤੇ ਗੁਰੂ ਘਰਾਂ ਦੀਆਂ ਸਟੇਜਾਂ ਤੱਕ ਵੀ ਪਹੁੰਚਦੀ ਨਜ਼ਰ ਆ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਸੂਝਬੂਝ, ਸਚੇਤਤਾ ਅਤੇ ਏਕਤਾ ਹੀ ਇਸ ਜ਼ਹਿਰੀਲੇ ਪ੍ਰਚਾਰ ਦਾ ਸਭ ਤੋਂ ਮਜ਼ਬੂਤ ਜਵਾਬ ਹੋ ਸਕਦੇ ਹਨ।
ਅੱਜ ਲੋੜ ਹੈ ਕਿ ਸਮੂਹ ਪੰਜਾਬੀ ਜਾਤ, ਧਰਮ ਅਤੇ ਰਾਜਨੀਤਿਕ ਪਛਾਣ ਤੋਂ ਉੱਪਰ ਉਠ ਕੇ ਇਕੱਠੇ ਹੋਣ। ਜੋ ਵੀ ਧਿਰ ਜਾਂ ਲੀਡਰ ਪੰਜਾਬੀਆਂ ਨੂੰ ਕਿਸੇ ਵੀ ਮੁੱਦੇ ’ਤੇ ਵੰਡਣ ਦੀ ਕੋਸ਼ਿਸ਼ ਕਰਦਾ ਹੈ, ਉਸਨੂੰ ਲੋਕਤੰਤਰਿਕ ਅਤੇ ਸੂਝਵਾਨ ਤਰੀਕੇ ਨਾਲ ਨਕਾਰਿਆ ਜਾਵੇ। ਪੰਜਾਬ ਦੀ ਮਿੱਟੀ ਨੇ ਹਮੇਸ਼ਾ ਏਕਤਾ, ਕੁਰਬਾਨੀ ਅਤੇ ਇਨਸਾਫ਼ ਦੀ ਸਿਆਸਤ ਨੂੰ ਜਨਮ ਦਿੱਤਾ ਹੈ—ਅਤੇ ਇਹੀ ਰਾਹ ਅੱਗੇ ਵੀ ਪੰਜਾਬ ਦੀ ਪਹਿਚਾਣ ਬਣਨਾ ਚਾਹੀਦਾ ਹੈ।