ਕੈਨੇਡਾ ਪੁਲਿਸ ਵਿਚ ਭ੍ਰਿਸ਼ਟਾਚਾਰ ਦੇ ਖੁਲਾਸੇ ਨਾਲ ਮੱਚਿਆ ਹੜਕੰਪ-
ਟੋਰਾਂਟੋ ( ਏਜੰਸੀਆਂ)-ਕੈਨੇਡੀਅਨ ਲੋਕਾਂ ਅਤੇ ਕੈਨੇਡਾ ਦੇ ਸਾਫ ਸੁਥਰੇ ਸਮਝੇ ਜਾਂਦੇ ਸਿਸਟਮ ਨੂੰ ਹਿਲਾ ਦੇਣ ਵਾਲੀ ਖਬਰ ਹੈ ਕਿ ਟੋਰਾਂਟੋ ਪੁਲੀਸ ਦੇ 7 ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਸੰਗਠਿਤ ਅਪਰਾਧ ਨਾਲ ਸਬੰਧਾਂ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਪੁਲਿਸ ਅਧਿਕਾਰੀ ਓਨਟਾਰੀਓ ਦੇ ਉੱਤਰ ਪੱਛਮੀ ਖੇਤਰ ’ਚ ਤਾਇਨਾਤ ਸਨ ਤੇ ਯੌਰਕ ਰੀਜਨਲ ਪੁਲਿਸ ਵਲੋਂ ਆਰੰਭੇ ਅਪਰੇਸ਼ਨ ਸਾਊਥ ਤਹਿਤ ਕਾਫੀ ਸਮੇਂ ਤੋਂ ਉੱਚ ਤਾਕਤੀ ਗੁਪਤ ਜਾਂਚ ਟੀਮ ਦੀ ਨਜ਼ਰ ਹੇਠ ਸਨ। ਟੋਰਾਂਟੋ ਪੁਲੀਸ ਐਸੋਸੀਏਸ਼ਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੁਝ ਕਾਲੀਆਂ ਭੇਡਾਂ ਦਾ ਪ੍ਰਛਾਵਾਂ ਓਨਟਾਰੀਓ ਦੇ ਉਹਨਾਂ 8500 ਵਰਦੀਧਾਰੀ ਮੈਂਬਰਾਂ ’ਤੇ ਨਹੀਂ ਪੈਣ ਦਿੱਤਾ ਜਾਏਗਾ, ਜੋ ਲੋਕਾਂ ਦੀ ਸੁਰੱਖਿਆ ਲਈ ਤਨਦੇਹੀ, ਇਮਾਨਦਾਰੀ ਤੇ ਸ਼ਿੱਦਤ ਨਾਲ ਆਪਣੇ ਫਰਜ਼ ਨਿਭਾਅ ਰਹੇ ਹਨ। ਯੌਰਕ ਪੁਲੀਸ ਮੁਖੀ ਜਿਮ ਸੈਕਸਵੈਨ ਅਤੇ ਉੱਪ ਮੁਖੀ ਰਿਆਨ ਹੌਗਨ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭ੍ਰਿਸ਼ਟ ਪੁਲੀਸ ਅਫਸਰਾਂ ਦੇ ਫੜੇ ਜਾਣ ਦੀ ਖਬਰ ਨਾਲ ਦੇਸ਼ ਦੇ ਸਾਰੇ ਪੁਲੀਸ ਵਿਭਾਗਾਂ ਸਮੇਤ ਜਨਤਕ ਅਦਾਰਿਆਂ ਵਿਚ ਭਾਰੀ ਹੜਕੰਪ ਵਾਲੀ ਸਥਿਤੀ ਹੈ ਕਿਉਂਕਿ ਕੁਝ ਭ੍ਰਿਸ਼ਟ ਪੁਲਿਸ ਅਫਸਰਾਂ ਵਲੋਂ ਇੰਜ ਦੀ ਕਾਰਵਾਈ ਕਾਰਣ ਕੈਨੇਡੀਅਨ ਸਿਸਟਮ ’ਤੇ ਸਵਾਲ ਉੱਠਣੇ ਸੁਭਾਵਿਕ ਹਨ।
ਇਹਨਾਂ ਭ੍ਰਿਸ਼ਟ ਅਧਿਕਾਰੀਆਂ ਵਿਚ ਓਨਟਾਰੀਓ ਪੁਲਿਸ ਦੇ ਸੱਤ ਅਧਿਕਾਰੀ ਅਤੇ ਇੱਕ ਸੇਵਾਮੁਕਤ ਕਾਂਸਟੇਬਲ ਸਮੇਤ ਕੁਲ 27 ਲੋਕ ਸ਼ਾਮਲ ਹਨ ਜਿਨ੍ਹਾਂ ‘ਤੇ ਕੈਨੇਡਾ ਵਿੱਚ ਹੁਣ ਤੱਕ ਦੇ ਪੁਲਿਸ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਜਾਂਚ ਵਿਚ ਦੋਸ਼ ਲਗਾਏ ਗਏ ਹਨ। ਵਿਭਾਗ ਵਲੋਂ ਇਹ ਜਾਂਚ ਪਿਛਲੇ ਸਾਲ ਓਨਟਾਰੀਓ ਦੇ ਇਕ ਜੇਲ ਅਧਿਕਾਰੀ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਓਨਟਾਰੀਓ ਪੁਲਿਸ ਦੇ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਇਹਨਾਂ ਅਧਿਕਾਰੀਆਂ ਖਿਲਾਫ ਦੋਸ਼ਾਂ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੀ ਕੌਂਸਲ, ਜਨਤਕ ਅਦਾਰਿਆਂ ਅਤੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਵਲੋਂ ਮਿਉਂਸਪਲ ਨੇਤਾਵਾਂ ਤੋਂ ਜਵਾਬਦੇਹੀ ਦੀ ਮੰਗ ਕੀਤੀ ਜਾ ਰਹੀ ਹੈ ਕਿ ਭ੍ਰਿਸ਼ਟ ਅਧਿਕਾਰੀਆਂ ਦੁਆਰਾ ਪਿਛਲੇ ਸਮੇਂ ਦੌਰਾਨ ਜਾਂਚ ਕੀਤੇ ਗਏ ਕਈ ਕਾਨੂੰਨੀ ਮਾਮਲੇ ਵੀ ਸ਼ੱਕੀ ਹੋ ਸਕਦੇ ਹਨ।
ਭ੍ਰਿਸ਼ਟਾਚਾਰ ਦੀ ਜਾਂਚ ਦੌਰਾਨ ਦੋਸ਼ੀ ਪਾਏ ਗਏ ਅਧਿਕਾਰੀਆਂ ਵਿਚ ਕਾਂਸਟੇਬਲ ਟਿਮੋਥੀ ਬਾਰਨਹਾਰਡਟ, ਸਾਰਜੈਂਟ ਰੌਬਰਟ ਬਲੈਕ, ਸੇਵਾਮੁਕਤ ਕਾਂਸਟੇਬਲ ਜੌਨ ਮੈਡੇਲੀ ਸੀਨੀਅਰ, ਉਨ੍ਹਾਂ ਦੇ ਪੁੱਤਰ ਕਾਂਸਟੇਬਲ ਜੌਨ ਮੈਡੇਲੀ ਜੂਨੀਅਰ, ਸਾਰਜੈਂਟ ਕਾਰਲ ਗ੍ਰੇਲੇਟ, ਕਾਂਸਟੇਬਲ ਸੌਰਬਜੀਤ ਬੇਦੀ, ਕਾਂਸਟੇਬਲ ਡੇਰੇਕ ਮੈਕਕਾਰਮਿਕ ਅਤੇ ਕਾਂਸਟੇਬਲ ਏਲੀਅਸ ਮੌਵਾਦ ਸ਼ਾਮਲ ਹਨ।
ਇਹਨਾਂ ਭ੍ਰਿਸ਼ਟ ਅਧਿਕਾਰੀਆਂ ਉਪਰ ਸੰਗਠਿਤ ਅਪਰਾਧ ਦੇ ਸਰਗਣਿਆਂ ਨੂੰ ਜਾਣਕਾਰੀ ਲੀਕ ਕਰਨ, ਰਿਸ਼ਵਤ ਲੈਣ, ਚੋਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕਾਂ ਨਾਲ ਸਬੰਧ ਰੱਖਣ, ਉਹਨਾਂ ਨੂੰ ਬਚਾਉਣ, ਵਿਸਾਹਘਾਤ ਅਤੇ ਅਪਰਾਧਿਕ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ ਹਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਪੁਲਿਸ ਵਿਭਾਗ ਦੇ ਸੁਰੱਖਿਅਤ ਡੇਟਾ ਨੂੰ ਵੀ ਗੈਂਗ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ ਸੀ, ਜਿਨ੍ਹਾਂ ਦੇ ਆਧਾਰ ਤੇ ਅਪਰਾਧੀਆਂ ਵਲੋਂ ਸਾਉਥ ਓਨਟਾਰੀਓ ਦੇ ਆਲੇ-ਦੁਆਲੇ ਜਬਰੀ ਵਸੂਲੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ ਵਰਤੋਂ ਕੀਤੀ ਗਈ।
ਯੌਰਕ ਰੀਜਨਲ ਪੁਲਿਸ ਮੁਖੀ ਜਿਮ ਮੈਕਸਵੀਨ, ਜਿਨ੍ਹਾਂ ਦੀ ਫੋਰਸ ਨੇ ਜਾਂਚ ਦੀ ਅਗਵਾਈ ਕੀਤੀ, ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੁਲਿਸ ਲਈ ਬਹੁਤ ਨਿਰਾਸ਼ਾਜਨਕ ਅਤੇ ਦੁਖਦਾਈ ਦਿਨ ਹੈ।
ਯੌਰਕ ਰੀਜਨਲ ਪੁਲਿਸ ਵਲੋਂ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਇਹ ਜਾਂਚ ਜੂਨ ਮਹੀਨੇ ਉਦੋਂ ਸ਼ੁਰੂ ਕੀਤੀ ਗਈ ਸੀ ਜਦੋਂ ਪੁਲਿਸ ਵਲੋਂ ਟੋਰਾਂਟੋ ਜੇਲ੍ਹ ਅਧਿਕਾਰੀ ਨੂੰ ਕਤਲ ਕਰਨ ਦੀ ਇਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਜਾਂਚਕਰਤਾਵਾਂ ਮੁਤਾਬਿਕ ਇੱਕ ਡਿਪਟੀ ਸੁਪਰਡੈਂਟ ਦੀ ਨਿੱਜੀ ਜਾਣਕਾਰੀ ਕਥਿਤ ਤੌਰ ‘ਤੇ ਹਿੱਟਮੈਨਾਂ ਨਾਲ ਸਾਂਝੀ ਕੀਤੀ ਗਈ ਸੀ, ਜਿਨ੍ਹਾਂ ਨੂੰ ਯੌਰਕ ਖੇਤਰ ਵਿੱਚ ਉਸ ਵਿਅਕਤੀ ਦੇ ਘਰ ਦੇ ਬਾਹਰ ਵੀਡੀਓ ਵਿੱਚ ਵੇਖਿਆ ਗਿਆ ਸੀ। ਇਹਨਾਂ ਨੂੰ ਦੇਰ ਰਾਤ ਇਕ ਕਾਰ ਨੂੰ ਡਰਾਈਵਵੇਅ ਵਿੱਚ ਖੜੀ ਇੱਕ ਪੁਲਿਸ ਕਰੂਜ਼ਰ ਨਾਲ ਟਕਰਾਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਇਸ ਘਟਨਾ ਤੋਂ ਪਹਿਲਾਂ, ਕਾਂਸਟੇਬਲ ਬਾਰਨਹਾਰਡਟ ਨੇ ਗੈਰ-ਕਾਨੂੰਨੀ ਤੌਰ ‘ਤੇ ਇੱਕ ਪੁਲਿਸ ਡੇਟਾਬੇਸ ਤੱਕ ਪਹੁੰਚ ਕੀਤੀ ਸੀ ਅਤੇ “ਵੱਖ-ਵੱਖ ਅਪਰਾਧਿਕ ਨੈਟਵਰਕ ਨਾਲ ਜੁੜੇ ਅਪਰਾਧੀਆਂ ਨਾਲ ਗੁਪਤ ਜਾਣਕਾਰੀ ਸਾਂਝੀ ਕੀਤੀ ਸੀ।
