ਕੈਲਗਰੀ ( ਦੇ ਪ੍ਰ ਬਿ)- ਹੰਬੋਲਟ ਬ੍ਰੋਂਕੋਸ ਬੱਸ ਹਾਦਸੇ ਦਾ ਕਾਰਨ ਬਣਨ ਵਾਲੇ ਪੰਜਾਬੀ ਟਰੱਕ ਡਰਾਈਵਰ ਦੇ ਵਕੀਲ ਦਾ ਕਹਿਣਾ ਹੈ ਕਿ ਉਸਦਾ ਮੁਵੱਕਿਲ ਭਾਰਤ ਡਿਪੋਰਟ ਕੀਤੇ ਜਾਣ ਦੇ ਇੱਕ ਕਦਮ ਨੇੜੇ ਹੈ।ਵਕੀਲ ਮਾਈਕਲ ਗ੍ਰੀਨ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਨੇ ਜਸਕੀਰਤ ਸਿੰਘ ਸਿੱਧੂ ਨੂੰ ਸ਼ਰਨਾਰਥੀ ਵਜੋਂ ਦੇਸ਼ ਵਿੱਚ ਰਹਿਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ।
ਉਸਨੇ ਕਿਹਾ ਕਿ ਉਸਨੂੰ ਪਤਾ ਨਹੀਂ ਕਿ ਇਹ ਕਦੋਂ ਹੋ ਸਕਦਾ ਹੈ ਪਰ ਉਹ ਸਿੱਧੂ ਦੇ ਸਥਾਈ ਨਿਵਾਸੀ ਦਰਜੇ ਨੂੰ ਬਹਾਲ ਕਰਨ ਲਈ ਪਿਛਲੀ ਅਰਜ਼ੀ ‘ਤੇ ਫੈਸਲਾ ਹੋਣ ਤੱਕ ਉਸਨੂੰ ਡਿਪੋਰਟ ਕੀਤੇ ਜਾਣ ਦੇ ਫੈਸਲੇ ਨੂੰ ਮੁਲਤਵੀ ਕਰਨ ਦੀ ਮੰਗ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਜਸਕੀਰਤ ਸਿੰਘ ਸਿੱਧੂ, ਇੱਕ ਨਵਾਂ ਟਰੱਕ ਡਰਾਈਵਰ ਸੀ ਜਦੋਂ ਅਪ੍ਰੈਲ 2018 ਵਿੱਚ ਸਸਕੈਚਵਨ ਦੇ ਇੱਕ ਪੇਂਡੂ ਚੌਰਾਹੇ ‘ਤੇ ਸਸਕੈਚਵਨ ਜੂਨੀਅਰ ਹਾਕੀ ਲੀਗ ਟੀਮ ਨੂੰ ਲੈ ਕੇ ਜਾ ਰਹੀ ਬੱਸ ਦੇ ਰਸਤੇ ਵਿੱਚ ਇੱਕ ਸਟਾਪ ਸਾਈਨ ਤੇ ਨਾ ਰੁਕਣ ਕਾਰਣ ਵੱਡਾ ਹਾਦਸਾ ਵਾਪਰ ਗਿਆ ਸੀ ਜਿਸ ਵਿਚ 16 ਖਿਡਾਰੀ ਮਾਰੇ ਗਏ ਅਤੇ 13 ਹੋਰ ਜ਼ਖਮੀ ਹੋ ਗਏ ਸਨ।
ਸਿੱਧੂ ਨੂੰ ਖਤਰਨਾਕ ਡਰਾਈਵਿੰਗ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਤੇ ਉਸਨੂੰ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
