ਸਰੀ – ਅੱਜ ਸ਼ਾਮ ਹੋਣ ਵਾਲੀ ਰੈਗੂਲਰ ਕੌਂਸਲ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਨਵੇਂ ਨਿਊਟਨ ਕਮਿਊਨਿਟੀ ਸੈਂਟਰ ਦੇ ਆਲੇ-ਦੁਆਲੇ ਸੜਕ ਅਤੇ ਯੂਟਿਲਿਟੀ ਕੰਮਾਂ ਲਈ ਇੱਕ ਠੇਕਾ ਦੇਣ ਬਾਰੇ ਵਿਚਾਰ ਚਰਚਾ ਕਰੇਗੀ। ਇਹ ਨਵੇਂ ਕੇਂਦਰ ਦੇ ਨਿਰਮਾਣ ਦਾ ਇੱਕ ਮਹੱਤਵਪੂਰਨ ਸ਼ੁਰੂਆਤੀ ਪੜਾਅ ਹੈ, ਜਿਸਦਾ ਮਕਸਦ ਨਿਵਾਸੀਆਂ ਅਤੇ ਸੈਲਾਨੀਆਂ ਲਈ ਸਿੱਧੀ ਸੜਕੀ ਪਹੁੰਚ ਨੂੰ ਬਿਹਤਰ ਬਣਾਉਣਾ ਹੈ। $5.3 ਮਿਲੀਅਨ ਡਾਲਰ ਦੇ ਇਸ ਠੇਕੇ ਵਿੱਚ 70 ਐਵਿਨਿਊ ਦਾ ਵਿਸਥਾਰ ਸ਼ਾਮਲ ਹੈ, ਜਿਸ ਵਿੱਚ ਫੁੱਟਪਾਥ ਅਤੇ ਸਾਈਕਲਿੰਗ ਸੁਵਿਧਾਵਾਂ ਹੋਣਗੀਆਂ, ਜੋ ਕਿੰਗ ਜਾਰਜ ਬੁਲੇਵਾਰਡ ਤੋਂ ਰੇਲਵੇ ਲਾਈਨ ਪਾਰ ਕਰਕੇ 138 ਸਟਰੀਟ ਤੱਕ ਜਾਵੇਗਾ। ਇਸ ਦੇ ਨਾਲ ਹੀ, ਭਵਿੱਖ ਦੇ ਨਿਊਟਨ ਕਮਿਊਨਿਟੀ ਸੈਂਟਰ ਦੇ ਸਾਹਮਣੇ 70 ਐਵਿਨਿਊ ਤੋਂ 71 ਐਵਿਨਿਊ ਤੱਕ 136B ਸਟਰੀਟ ਦੇ ਅੱਪਗ੍ਰੇਡ ਵੀ ਸ਼ਾਮਲ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਦੇਖਣਾ ਕਾਫ਼ੀ ਉਤਸ਼ਾਹਜਨਕ ਹੈ ਕਿ ਅਸੀਂ ਨਿਊਟਨ ਦੀ ਹੱਬ ਵਿੱਚ ਬਣਨ ਵਾਲੇ ਇੱਕ ਪ੍ਰਸਿੱਧ ਕਮਿਊਨਿਟੀ ਸੈਂਟਰ ਵੱਲ ਜਾਣ ਵਾਲੀ ਸੜਕ ਬਣਾਉਣ ਦੀ ਸ਼ੁਰੂਆਤ ਕਰ ਰਹੇ ਹਾਂ। ਇਹ ਸੜਕ ਅੱਪਗ੍ਰੇਡ ਨਿਵਾਸੀਆਂ ਲਈ ਨਵੇਂ ਆਧੁਨਿਕ ਕੇਂਦਰ ਤੱਕ ਗੱਡੀ ਚਲਾਕੇ, ਪੈਦਲ ਜਾਂ ਸਾਈਕਲ ਰਾਹੀਂ ਸੁਰੱਖਿਅਤ ਅਤੇ ਆਸਾਨ ਪਹੁੰਚ ਯਕੀਨੀ ਬਣਾਉਣਗੇ।”
ਨਿਊਟਨ ਕਮਿਊਨਿਟੀ ਸੈਂਟਰ ਇੱਕ ਆਧੁਨਿਕ, ਬਹੁ-ਉਦੇਸ਼ੀ ਸਹੂਲਤ ਹੋਵੇਗੀ ਜੋ ਹਰ ਉਮਰ ਦੇ ਨਿਵਾਸੀਆਂ ਦੀ ਮਨੋਰੰਜਨ, ਸਿਹਤ, ਸੱਭਿਆਚਾਰਕ ਅਤੇ ਲਾਇਬ੍ਰੇਰੀ ਸੰਬੰਧੀ ਲੋੜਾਂ ਨੂੰ ਪੂਰਾ ਕਰੇਗੀ। ਇਹ ਪ੍ਰੋਜੈਕਟ ਵਿਆਪਕ ਕਮਿਊਨਿਟੀ ਸਲਾਹ-ਮਸ਼ਵਰੇ ‘ਤੇ ਆਧਾਰਿਤ ਹੈ ਅਤੇ ਸਰੀ ਦੀ ਇਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਜਿਹੇ ਜਨਤਕ ਸਥਾਨ ਬਣਾਏ ਜਾਣ, ਜੋ ਆਂਢ -ਗੁਆਂਢ ਨੂੰ ਮਜ਼ਬੂਤ ਕਰਨ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ। ਇਹ ਕੇਂਦਰ ਕਿੰਗ ਜਾਰਜ ਬੁਲੇਵਾਰਡ ਦੇ ਪੂਰਬੀ ਪਾਸੇ, ਮੌਜੂਦਾ ਨਿਊਟਨ ਅਰੀਨਾ ਦੇ ਦੱਖਣ ਅਤੇ ਨਿਊਟਨ ਸੀਨੀਅਰਜ਼ ਸੈਂਟਰ ਦੇ ਨਾਲ, ਅਤੇ ਸਥਾਨਕ ਟਰਾਂਜ਼ਿਟ ਸੇਵਾਵਾਂ ਦੇ ਨੇੜੇ ਸਥਿਤ ਹੋਵੇਗਾ। ਇਸ ਦੇ 2030 ਤੱਕ ਪੂਰਾ ਹੋਣ ਦੀ ਉਮੀਦ ਹੈ।
ਇਹ ਸੜਕ ਸੁਧਾਰ ਭਵਿੱਖ ਵਿੱਚ ਨਿਊਟਨ ਬੱਸ ਐਕਸਚੇਂਜ ਅਤੇ ਆਖ਼ਿਰਕਾਰ ਨਿਊਟਨ ਟਾਊਨ ਸੈਂਟਰ ਦੇ ਸੜਕੀ ਤਾਣੇ ਬਾਣੇ ਤੱਕ ਬੱਸ ਰੈਪਿਡ ਟਰਾਂਜ਼ਿਟ ਦੀ ਪਹੁੰਚ ਨੂੰ ਵੀ ਸਮਰਥਨ ਦੇਣਗੇ, ਜਿਸ ਨਾਲ ਖੇਤਰ ਨੂੰ ਨਿਰੰਤਰ ਵਿਕਾਸ ਲਈ ਤਿਆਰ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਠੇਕੇ ਦੀ ਫੰਡਿੰਗ ਦਾ ਇੱਕ ਹਿੱਸਾ ਟ੍ਰਾਂਸਲਿੰਕ ਵੱਲੋਂ ਦਿੱਤਾ ਜਾ ਰਿਹਾ ਹੈ।
ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ surrey.ca/capitalprojects ‘ਤੇ ਉਪਲਬਧ ਹੈ।
