ਸਰੀ – ਸਿਟੀ ਕੌਂਸਲ ਨੇ ਟੋਟਲ ਲਾਈਫ਼ ਕੇਅਰ ਗ੍ਰੈਨਵਿਲ ਮੈਡੀਕਲ ਇੰਕ. (TLC) ਨਾਲ ਇੱਕ ਫਰੇਮਵਰਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਸਰੀ ਵਿੱਚ ਦੋ ਨਵੇਂ ਮੈਡੀਕਲ ਕਲੀਨਿਕਾਂ ਦੀ ਸਥਾਪਨਾ ਨੂੰ ਅੱਗੇ ਵਧਾਏਗਾ। ਇਹ ਸਮਝੌਤਾ ਪ੍ਰਬੰਧਕੀ ਢਾਂਚਾ, ਭੂਮਿਕਾਵਾਂ, ਜ਼ਿੰਮੇਵਾਰੀਆਂ ਅਤੇ ਉਹ ਸਿਧਾਂਤ ਤੈਅ ਕਰੇਗਾ, ਜੋ ਕਿ ਸਰੀ ਦੀ ਕਮਿਊਨਿਟੀ ਮੈਡੀਕਲ ਕਲੀਨਿਕਸ ਉਪਰਾਲੇ ਨੂੰ ਦਿਸ਼ਾ ਦੇਣਗੇ। ਇਸਦਾ ਮਕਸਦ ਪਰਿਵਾਰਿਕ ਡਾਕਟਰਾਂ ਦੀ ਗਿਣਤੀ ਵਧਾਉਣਾ ਅਤੇ ਨਿਵਾਸੀਆਂ ਨੂੰ ਲੰਬੇ ਸਮੇਂ ਦੀ ਡਾਕਟਰੀ ਦੇਖਭਾਲ ਨਾਲ ਜੋੜਨਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ , “ਅੱਜ ਦਾ ਇਹ ਫ਼ੈਸਲਾ ਸ਼ਹਿਰ ਨੂੰ ਇੱਕ ਤਜਰਬੇਕਾਰ ਹੈਲਥ ਕੇਅਰ ਓਪਰੇਟਰ ਨਾਲ ਅੱਗੇ ਵਧਣ ਦੀ ਆਗਿਆ ਦਿੰਦਾ ਹੈ, ਅਤੇ ਨਾਲ ਹੀ ਇਹ ਯਕੀਨੀ ਬਣਾਉਂਦਾ ਹੈ ਕਿ ਸਰੀ ਦੇ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇ। ਇਹ ਫਰੇਮਵਰਕ ਨਵੇਂ ਕਲੀਨਿਕਾਂ ਨੂੰ ਸ਼ੁਰੂ ਕਰਨ, ਪ੍ਰਾਇਮਰੀ ਕੇਅਰ ਦੀ ਸਮਰੱਥਾ ਵਧਾਉਣ ਅਤੇ ਸਾਡੇ ਸਮਾਜ ਲਈ ਲੰਬੇ ਸਮੇਂ ਦੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਦੀ ਨੀਂਹ ਰੱਖਦਾ ਹੈ।”
ਸਰੀ ਵਿੱਚ ਇਸ ਵੇਲੇ ਹਰ 100,000 ਰਹਾਇਸ਼ੀਆਂ ਦੇ ਮੁਕਾਬਲੇ ਲਗਭਗ 59 ਪਰਿਵਾਰਿਕ ਡਾਕਟਰ ਹਨ, ਜੋ ਇਸਦੇ ਬਰਾਬਰ ਦੇ ਹੋਰ ਸ਼ਹਿਰਾਂ ਦੇ ਮੁਕਾਬਲਤਨ ਕਾਫ਼ੀ ਘੱਟ ਹਨ। ਜਿਵੇਂ-ਜਿਵੇਂ ਆਬਾਦੀ ਵੱਧ ਰਹੀ ਹੈ, ਸ਼ਹਿਰ ਪਰਿਵਾਰਿਕ ਡਾਕਟਰਾਂ ਤੱਕ ਪਹੁੰਚ ਵਧਾਉਣ ਲਈ ਕਿਰਿਆਸ਼ੀਲ ਕਦਮ ਚੁੱਕ ਰਿਹਾ ਹੈ।
ਫਰੇਮਵਰਕ ਸਮਝੌਤੇ ਦੇ ਤਹਿਤ:
TLC ਕਲੀਨਿਕਾਂ ਦੀ ਯੋਜਨਾ ਬਣਾਉਣ, ਸਟਾਫ਼ ਭਰਤੀ, ਨਿਯਮਕ ਪਾਲਣਾ ਅਤੇ ਰੋਜ਼ਾਨਾ ਦੇ ਉਪਰੇਸ਼ਨਾਂ ਦੀ ਅਗਵਾਈ ਕਰੇਗਾ, ਜਿਸ ਨਾਲ ਸ਼ਹਿਰ ਉੱਤੇ ਮੈਡੀਕਲ ਸੇਵਾਵਾਂ ਦੀ ਡਿਲਿਵਰੀ ਜਾਂ ਓਪਰੇਸ਼ਨਲ ਖ਼ਤਰੇ ਦੀ ਜ਼ਿੰਮੇਵਾਰੀ ਨਹੀਂ ਆਵੇਗੀ।
- ਕਲੀਨਿਕ ਸਰੀ ਦੇ ਨਿਵਾਸੀਆਂ ਨੂੰ ਲੰਬੇ ਸਮੇਂ ਦੀ ਪਰਿਵਾਰਿਕ ਡਾਕਟਰੀ ਸੇਵਾ ਨਾਲ ਜੋੜਨ ਨੂੰ ਤਰਜੀਹ ਦੇਣਗੀਆਂ।
- ਤੁਰੰਤ ਅਤੇ ਛੋਟੇ ਸਮੇਂ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੀਮਤ ਵਾਕ-ਇਨ ਸੇਵਾ ਉਪਲਬਧ ਹੋਵੇਗੀ।
- ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਦੇ ਨਾਲ ਭਵਿੱਖ ਦੇ ਸਹਿਯੋਗ ਦਾ ਇਰਾਦਾ ਹੈ, ਜਿਸ ਨਾਲ ਸਿਖਲਾਈ ਕਲੀਨਿਕ ਸਾਈਟਾਂ ਦੇ ਸੰਭਾਵੀ ਵਿਕਾਸ ਦੀ ਆਗਿਆ ਮਿਲਦੀ ਹੈ।
- ਇੱਕ ਰੈਵੀਨਿਊ-ਸ਼ੇਅਰਿੰਗ ਮਾਡਲ ਕਲੀਨਿਕ ਸਪੇਸ ਅਤੇ ਸਹੂਲਤਾਂ ਨਾਲ ਸੰਬੰਧਿਤ ਨਗਰ ਖ਼ਰਚਿਆ ਨੂੰ ਘਟਾਉਣ ਵਿੱਚ ਮਦਦ ਕਰੇਗਾ।
ਕੌਂਸਲ ਦੀ ਇਹ ਮਨਜ਼ੂਰੀ 2025 ਵਿੱਚ ਕੀਤੀ ਗਈ ਇੱਕ ਪ੍ਰਤੀਯੋਗੀ ਖ਼ਰੀਦ ਪ੍ਰਕਿਰਿਆ ਅਤੇ TLC ਨਾਲ ਹੋਈ ਅਗਲੀ ਗੱਲਬਾਤ ਤੋਂ ਬਾਅਦ ਆਈ ਹੈ। TLC ਸਫਲ ਪੇਸ਼ਕਾਰ ਹੈ, ਜਿਸ ਨੂੰ ਪਹਿਲੇ ਦੋ ਕਮਿਊਨਿਟੀ ਮੈਡੀਕਲ ਕਲੀਨਿਕ ਸਥਾਪਤ ਕਰਨ ਅਤੇ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਸਿਟੀ ਸਟਾਫ਼ ਅਤੇ TLC ਹੁਣ ਸਾਈਟਾਂ ਦੀ ਪਛਾਣ ਨੂੰ ਅੰਤਿਮ ਰੂਪ ਦੇਣ ਅਤੇ ਲੀਜ਼ ਗੱਲਬਾਤਾਂ ਨੂੰ ਅੱਗੇ ਵਧਾਉਣਗੇ। ਇਸ ਤੋਂ ਬਾਅਦ, ਸਟਾਫ਼ ਕੌਂਸਲ ਸਾਹਮਣੇ ਇੱਕ ਰਿਪੋਰਟ ਪੇਸ਼ ਕਰੇਗਾ, ਜਿਸ ਵਿੱਚ ਪ੍ਰਸਤਾਵਿਤ ਲੀਜ਼ ਸਮਝੌਤਿਆਂ ਦੀ ਮਨਜ਼ੂਰੀ ਅਤੇ ਸੰਬੰਧਿਤ ਖ਼ਰਚਿਆ ਦੀ ਜਾਣਕਾਰੀ ਹੋਵੇਗੀ। ਪਹਿਲੇ ਦੋ ਕਲੀਨਿਕ 2026 ਦੇ ਪਤਝੜ ਵਿੱਚ ਖੁੱਲ੍ਹਣ ਦੀ ਉਮੀਦ ਹੈ।
ਹੋਰ ਵੇਰਵਿਆਂ ਲਈ : ਕਮਿਊਨਿਟੀ ਮੈਡੀਕਲ ਕਲੀਨਿਕ ਇਨੀਸ਼ੀਏਟਿਵ – ਪ੍ਰਸਤਾਵਿਤ ਫਰੇਮ ਵਰਕ ਸਮਝੌਤਾ ( Community Medical Clinics Initiative – Proposed Framework Agreement ) ਨਾਮੀ ਕਾਰਪੋਰੇਟ ਰਿਪੋਰਟ ਵੇਖੋ
