Mar 7, 2026

ਫਿਰੋਜਪੁਰ-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਪੈਦਲ ਯਾਤਰਾ ਦੇ ਦੂਸਰੇ ਦਿਨ  ਫ਼ਿਰੋਜ਼ਪੁਰ ’ਚ ਰਾਜਪਾਲ  ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਸ਼ਮੂਲੀਅਤ ਨੇ  ਨਵੇਂ ਸਿਆਸੀ ਸੰਕੇਤ ਦਿੱਤੇ ਹਨ। ਪੈਦਲ ਯਾਤਰਾ ’ਚ ਭਾਜਪਾ ਦੇ ਸੀਨੀਅਰ ਆਗੂ ਵੀ ਸ਼ਾਮਲ ਸਨ। ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸ਼ਾਇਦ ਪਹਿਲੀ ਵਾਰ ਕਿਸੇ ਜਨਤਕ ਯਾਤਰਾ ’ਚ ਸ਼ਾਮਲ ਹੋਏ ਹਨ।ਰਾਜਪਾਲ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦੇ ਮਕਸਦ ਨਾਲ ਸ਼ੁਰੂ ਕੀਤੀ ਇਸ ਯਾਤਰਾ ’ਚੋਂ ਸਿਆਸੀ ਨਕਸ਼ ਵੀ ਉਘੜਨ ਲੱਗੇ ਹਨ।  ਫ਼ਿਰੋਜ਼ਪੁਰ ’ਚ ਪੈਦਲ ਯਾਤਰਾ ਵੀ ਹੋਈ ਅਤੇ ਸਮਾਗਮ ਵੀ ਹੋਏ। ਡੇਰਾ ਮੁਖੀ ਅਤੇ ਸ਼੍ਰੀ ਕਟਾਰੀਆ ਦਰਮਿਆਨ ਮੀਟਿੰਗ ਹੋਣ ਦੀ ਵੀ ਚਰਚਾ ਹੈ। ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ  ਵੱਖਰੇ ਤੌਰ ’ਤੇ ਪੈਦਲ ਯਾਤਰਾ ’ਚ ਪੁੱਜੇ; ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਫ਼ਰੀਦਕੋਟ ਤੋਂ ਫ਼ਿਰੋਜ਼ਪੁਰ ਪਹੁੰਚੇ। ਸਿਆਸੀ ਹਲਕਿਆਂ ’ਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਵਾਰ ਰਾਜਪਾਲ ਦੀ ਪੈਦਲ ਯਾਤਰਾ ’ਚ ਸ਼ਮੂਲੀਅਤ ਕਿਤੇ ਆਗਾਮੀ ਵਿਧਾਨ ਸਭਾ ਲਈ ਭਾਜਪਾ-ਅਕਾਲੀ ਗੱਠਜੋੜ ਹੋਣ ਦਾ ਮੁੱਢ ਤਾਂ ਨਹੀਂ ਹੈ।

ਪੰਜਾਬ ਦੇ ਰਾਜਪਾਲ ਵੱਲੋਂ ਹੁਣ ਤੱਕ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਸਮਾਜਿਕ ਮੁੱਦੇ ਦੇ ਤੌਰ ’ਤੇ ਹੀ ਲਿਆ ਹੋਇਆ ਸੀ ਅਤੇ ਇਸ ਮੁਹਿੰਮ ’ਚ ਸਿਰਫ਼ ਭਾਜਪਾ ਦੇ ਆਗੂ ਹੀ ਨਜ਼ਰ ਆਉਂਦੇ ਰਹੇ ਹਨ।  ਸੂਤਰ ਆਖਦੇ ਹਨ ਕਿ ਡੇਰਾ ਬਿਆਸ ਦੇ ਮੁਖੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ ਲਈ ਸੂਤਰਧਾਰ ਦੀ ਭੂਮਿਕਾ ਨਿਭਾਅ ਸਕਦੇ ਹਨ। ਚੇਤੇ ਰਹੇ ਕਿ ਡੇਰਾ ਬਿਆਸ ਦੇ ਮੁਖੀ ਨੇ ਨਾਭਾ ਜੇਲ੍ਹ ’ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਨੂੰ ਬੇਕਸੂਰ ਦੱਸਿਆ ਸੀ। ਇਸ ਮੁਲਾਕਾਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਤਨਜ਼ ਤੋਂ ਵੀ ਸਿਆਸਤ ’ਚ ਕਾਫ਼ੀ ਹਲਚਲ ਹੋਈ ਸੀ। ਡੇਰਾ ਬਿਆਸ ਦੇ ਮੁਖੀ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਤੌਰ ’ਤੇ ਕਾਫ਼ੀ ਚਰਚਾ ’ਚ ਆ ਗਏ ਹਨ।

ਆਮ ਆਦਮੀ ਪਾਰਟੀ ਨੇ ਰਾਜਪਾਲ ਦੀ ਪੈਦਲ ਯਾਤਰਾ ਤੇ ਚੁੱਕੇ ਸਵਾਲ-

ਚੰਡੀਗੜ-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੰਗਲਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸ਼ੁਰੂ ਕੀਤੀ ਗਈ ਕਥਿਤ ਨਸ਼ਾ ਵਿਰੋਧੀ ਯਾਤਰਾ ’ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ‘ਆਪ’ ਸਰਕਾਰ ਪੂਰੇ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਲਗਾਤਾਰ ਲੜਾਈ ਲੜ ਰਹੀ ਹੈ,ਉੱਥੇ ਹੀ ਰਾਜਪਾਲ ਦੀ ਸਮਾਨਾਂਤਰ ਯਾਤਰਾ ਇਸ ਬਾਰੇ ਬਹੁਤ ਹੀ ਚਿੰਤਾਜਨਕ ਸੰਦੇਸ਼ ਦਿੰਦੀ ਹੈ ਕਿ ਉਹ ਕਿਸ ਨਾਲ ਖੜ੍ਹੇ ਹੋਣ ਦੀ ਚੋਣ ਕਰ ਰਹੇ ਹਨ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ,“ਆਪ ਸਰਕਾਰ ਪੰਜਾਬ ਭਰ ਵਿੱਚ ਲਗਾਤਾਰ ਨਸ਼ਾ ਵਿਰੋਧੀ ਯਾਤਰਾਵਾਂ ਕੱਢ ਰਹੀ ਹੈ। ਇਹ ਯਾਤਰਾਵਾਂ ਸਿਰਫ਼ ਸੰਕੇਤਕ ਨਹੀਂ ਹਨ; ਇਹ ਨਸ਼ਿਆਂ ਵਿਰੁੱਧ ਜ਼ਮੀਨੀ ਪੱਧਰ ‘ਤੇ ਲੜੀ ਜਾ ਰਹੀ ਜੰਗ ਦਾ ਹਿੱਸਾ ਹਨ। ਹਾਲਾਂਕਿ,ਸਾਡੀ ਸਰਕਾਰ ਦੇ ਯਤਨਾਂ ਦੀ ਸਫਲਤਾ ਤੋਂ ਘਬਰਾ ਕੇ,ਰਾਜਪਾਲ ਨੇ ਹੁਣ ਆਪਣੀ ਵੱਖਰੀ ਯਾਤਰਾ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਿੱਚ ਅਪਣਾਇਆ ਗਿਆ ਤਰੀਕਾ ਅਤੇ ਸ਼ਾਮਲ ਲੋਕ ਕਈ ਗੰਭੀਰ ਸਵਾਲ ਖੜ੍ਹੇ ਕਰਦੇ ਹਨ।”

Leave a Reply

Your email address will not be published. Required fields are marked *