Apr 23, 2026

ਟੋਰਾਂਟੋ- ਟੋਰਾਂਟੋ ਸ਼ਹਿਰ ਵਿੱਚ ਇੱਕ 37 ਸਾਲਾ ਭਾਰਤੀ-ਕੈਨੇਡੀਅਨ ਨੌਜਵਾਨ, ਚੰਦਨ ਕੁਮਾਰ ਰਾਜਾ ਨੰਦਾਕੁਮਾਰ, ਦਾ ਅਣਪਛਾਤੇ ਹਮਲਾਵਰਾਂ ਵੱਲੋਂ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਟੋਰਾਂਟੋ ਪੁਲੀਸ ਅਨੁਸਾਰ ਇਹ ਘਟਨਾ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਵੁੱਡਬਾਈਨ ਸ਼ਾਪਿੰਗ ਸੈਂਟਰ ਵਿਖੇ ਵਾਪਰੀ।

ਹਮਲਾਵਰਾਂ ਨੇ ਨੰਦਾਕੁਮਾਰ ਦੀ ਚਿੱਟੇ ਰੰਗ ਦੀ ਐਸਯੂਵੀ (SUV) ਨੂੰ ਨਿਸ਼ਾਨਾ ਬਣਾਇਆ, ਜਿਸ ਦੀ ਵਿੰਡਸ਼ੀਲਡ ਅਤੇ ਡਰਾਈਵਰ ਸਾਈਡ ਵਾਲੇ ਸ਼ੀਸ਼ੇ ’ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ ਹਨ। ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਣ ਤੋਂ ਬਾਅਦ ਨੰਦਾਕੁਮਾਰ ਨੇ ਦਮ ਤੋੜ ਦਿੱਤਾ। ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਨੰਦਾਕੁਮਾਰ ਬਰੈਂਪਟਨ ਵਿੱਚ ਰਹਿੰਦਾ ਸੀ ਅਤੇ ਪੇਸ਼ੇ ਵਜੋਂ ਆਈਟੀ (IT) ਪ੍ਰੋਫੈਸ਼ਨਲ ਸੀ।