ਹਾਂਗਕਾਂਗ-ਲੋਕਤੰਤਰ ਸਮਰਥਕ ਸਾਬਕਾ ਮੀਡੀਆ ਕਾਰੋਬਾਰੀ ਅਤੇ ਚੀਨ ਦੇ ਆਲੋਚਕ ਜਿਮੀ ਲਾਈ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲਾਈ ਨੂੰ ਚੀਨ ਵੱਲੋਂ ਲਾਗੂ ਕੌਮੀ ਸੁਰੱਖਿਆ ਕਾਨੂੰਨ ਤਹਿਤ ਦਸੰਬਰ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਇਹ ਇਸ ਕਾਨੂੰਨ ਤਹਿਤ ਹੁਣ ਤੱਕ ਦਿੱਤੀ ਗਈ ਸਭ ਤੋਂ ਲੰਮੀ ਸਜ਼ਾ ਹੈ। ਇਸ ਕਾਨੂੰਨ ਰਾਹੀਂ ਚੀਨ ਨੇ ਹਾਂਗ ਕਾਂਗ ਵਿੱਚ ਵਿਰੋਧ ਦੀ ਆਵਾਜ਼ ਨੂੰ ਲਗਪਗ ਪੂਰੀ ਤਰ੍ਹਾਂ ਦਬਾ ਦਿੱਤਾ ਹੈ।
ਜਿਮੀ ਲਾਈ ਨੂੰ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਦੇਸ਼ਧ੍ਰੋਹੀ ਲੇਖ ਪ੍ਰਕਾਸ਼ਿਤ ਕਰਨ ਦੀ ਸਾਜ਼ਿਸ਼ ਘੜਨ ਅਤੇ ਕੌਮੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਸ ਦੇ ‘ਐਪਲ ਡੇਲੀ’ ਅਖ਼ਬਾਰ ਦੇ ਛੇ ਸਾਬਕਾ ਮੁਲਾਜ਼ਮਾਂ ਅਤੇ ਦੋ ਕਾਰਕੁਨਾਂ ਨੂੰ 6 ਸਾਲ ਤੋਂ 3 ਮਹੀਨਿਆਂ ਅਤੇ ਮਿਲੀਭੁਗਤ ਲਈ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਲਾਈ ਦੀ ਧੀ ਨੇ ਕਿਹਾ ਕਿ ਉਹ ਜੇਲ੍ਹ ਵਿੱਚ ਸ਼ਹੀਦ ਹੋਣਗੇ। ਲੋਕਤੰਤਰ ਸਮਰਥਕ ਦੀ ਗ੍ਰਿਫ਼ਤਾਰੀ ਅਤੇ ਮੁਕੱਦਮੇ ਨੇ ਏਸ਼ਿਆਈ ਦੇਸ਼ਾਂ ਵਿੱਚ ਪ੍ਰੈੱਸ ਦੀ ਆਜ਼ਾਦੀ ਬਾਰੇ ਚਿੰਤਾ ਵਧਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦਾ ਪ੍ਰੈੱਸ ਦੀ ਆਜ਼ਾਦੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੋਸ਼ੀਆਂ ਨੇ ਕਈ ਸਾਲਾਂ ਤੱਕ ਖ਼ਬਰਾਂ ਅਤੇ ਲੇਖ ਲਿਖੇ ਜਿਸ ਨਾਲ ਚੀਨ ਅਤੇ ਹਾਂਗਕਾਂਗ ਨੂੰ ਨੁਕਸਾਨ ਹੋਇਆ। ਲਾਈ 2020 ਦੇ ਸੁਰੱਖਿਆ ਕਾਨੂੰਨ ਤਹਿਤ ਗ੍ਰਿਫ਼ਤਾਰ ਹੋਣ ਵਾਲੇ ਉੱਘੇ ਲੋਕਾਂ ਵਿੱਚੋਂ ਇੱਕ ਹਨ।
