Mar 7, 2026

ਐਡਮਿੰਟਨ ( ਦੇ ਪ੍ਰ ਬਿ)- ਅਲਬਰਟਾ ਦੀ  ਪ੍ਰੀਮੀਅਰ ਡੈਨੀਅਲ ਸਮਿਥ  ਨੇ ਆਉਣ ਵਾਲੇ ਬਜਟ ਵਿਚ ‘ਮਹੱਤਵਪੂਰਨ’ ਘਾਟੇ ਦੀ ਚੇਤਾਵਨੀ ਦਿੱਤੀ ਹੈ ਪਰ ਨਾਲ ਹੀ  ਟੈਕਸ ਵਾਧੇ ਜਾਂ ਵੱਡੀਆਂ ਕਟੌਤੀਆਂ ਨੂੰ ਰੱਦ ਕੀਤਾ ਹੈ।
ਅਲਬਰਟਾ ਪ੍ਰੀਮੀਅਰ ਦਾ ਕਹਿਣਾ ਹੈ ਕਿ ਸੂਬੇ ਲਈ “ਮਹੱਤਵਪੂਰਨ” ਘਾਟੇ ਸਟੋਰ ਹਨ ਜਿਸਦਾ ਕਾਰਣ ਘੱਟ ਤੇਲ ਕੀਮਤਾਂ ਹਨ।

ਸਰਕਾਰ ਵਲੋਂ  ਨਵਾਂ ਬਜਟ ਇਸ ਮਹੀਨੇ ਦੇ ਅੰਤ ਵਿੱਚ ਪੇਸ਼ ਕੀਤਾ ਜਾਣਾ ਤੈਅ ਹੈ, ਅਤੇ ਸਮਿਥ ਕਹਿੰਦੀ ਹੈ ਕਿ ਇਹ ਇੱਕ “ਮੁਸ਼ਕਲਾਂ ਭਰਿਆ ਬਜਟ ਹੋਣ ਜਾ ਰਿਹਾ ਹੈ।

ਪ੍ਰੀਮੀਅਰ ਨੇ ਇਸ ਹਫ਼ਤੇ ਇਕ ਨਿਊਜ ਅਦਾਰੇ ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਉਸਨੇ ਅਲਬਰਟਾ ਵਾਸੀਆਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਟੈਕਸ ਵਾਧੇ ਅਤੇ ਸੇਵਾ ਕਟੌਤੀਆਂ ਨੂੰ ਰੱਦ ਕਰ ਦਿੱਤਾ ਹੈ, ਪਰ ਨਾਲ ਹੀ ਕਿਹਾ ਕਿ ਇਸਦਾ ਮਤਲਬ ਹੈ ਕਿ ਸੂਬੇ ਨੂੰ ਕਈ ਘਾਟੇ ਸਹਿਣ ਕਰਨਾ ਪੈਣਗੇ । ਉਹਨਾਂ ਹੋਰ ਕਿਹਾ ਕਿ  ਅਸੀਂ ਅਜੇ ਵੀ ਉਨ੍ਹਾਂ ਚੀਜ਼ਾਂ ਨੂੰ ਤਰਜੀਹ ਦੇਣ ਜਾ ਰਹੇ ਹਾਂ ਜੋ ਲੋਕਾਂ ਲਈ ਮਹੱਤਵਪੂਰਨ ਹਨ (ਜਿਵੇਂ ਕਿ) ਸਿਹਤ ਸੰਭਾਲ, ਸਿੱਖਿਆ, ਅਤੇ ਸਭ ਤੋਂ ਕਮਜ਼ੋਰ ਲੋਕਾਂ ਲਈ ਸਹਾਇਤਾ। ਪਰ ਅਸੀਂ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ  ਇਹ ਸਭ ਸਹਿਜ ਨਾਲ ਨਹੀਂ ਕਰ ਸਕਦੇ। ਉਹਨਾਂ ਦੱਸਿਆ ਕਿ ਥੋੜ੍ਹੇ ਸਮੇਂ ਵਿੱਚ, ਕੁਝ ਮਹੱਤਵਪੂਰਨ ਘਾਟੇ ਹੋਣ ਵਾਲੇ ਹਨ ਕਿਉਂਕਿ ਅਸੀਂ ਘੱਟ ਰਾਇਲਟੀ ਕੀਮਤਾਂ ਦਾ ਪ੍ਰਬੰਧਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਜਟ ਘਾਟੇ ਦੇ ਅਨੁਮਾਨ ਬਾਰੇ ਸਮਿਥ ਨੇ ਇਹ ਵੀ ਕਿਹਾ ਹੈ ਕਿ  ਅਮਰੀਕਾ ਦੇ ਵੈਨੇਜ਼ੁਏਲਾ ਤੇ ਕਬਜੇ ਉਪਰੰਤ  ਤੇਲ ਉਤਪਾਦਨ ਵਿੱਚ ਵਾਧਾ ਅਲਬਰਟਾ ਦੇ ਉਦਯੋਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਅਲਬਰਟਾ ਦੇ ਮੌਜੂਦਾ ਬਜਟ ਵਿੱਚ ਅਗਲੇ ਦੋ ਸਾਲਾਂ ਲਈ $2 ਬਿਲੀਅਨ ਤੋਂ ਵੱਧ ਦੇ ਘਾਟੇ ਦੀ ਭਵਿੱਖਬਾਣੀ ਵੀ ਕੀਤੀ ਗਈ ਸੀ  ਪਰ ਸਮਿਥ ਨੇ ਹੁਣ ਇਹ ਨਹੀਂ ਦੱਸਿਆ ਕਿ ਕੀ ਹੁਣ ਉਸ ਦੇ ਕਿੰਨਾ ਵਧਣ ਦੀ   ਉਮੀਦ ਹੈ।
ਵਿੱਤ ਮੰਤਰੀ ਨੈਟ ਹੌਰਨਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹ ਬਜਟ ਪੇਸ਼ ਕਰਨ ਤੋਂ ਪਹਿਲਾਂ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦੇ ਸਕਦੇ, ਪਰ ਉਨ੍ਹਾਂ ਕਿਹਾ ਕਿ ਸਖ਼ਤ ਫੈਸਲੇ ਲੈਣਾ ਸਰਕਾਰ ਦਾ ਕੰਮ ਹੈ।

ਸਮਿਥ ਦਾ ਕਹਿਣਾ ਹੈ ਕਿ ਸਰਕਾਰ ਨੂੰ ਸੂਬੇ ਦੇ ਹੈਰੀਟੇਜ ਸੇਵਿੰਗਜ਼ ਟਰੱਸਟ ਫੰਡ ਨੂੰ 250 ਬਿਲੀਅਨ ਡਾਲਰ ਤੱਕ ਵਧਾਉਣ ਦੀ ਆਪਣੀ ਯੋਜਨਾ ‘ਤੇ ਕਾਇਮ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਇਹ ਤੇਲ ਕੀਮਤਾਂ ਦੇ ਘਾਟੇ ਦੀ ਭਰਪਾਈ ਦੇ  ਕੰਮ ਆ ਸਕੇ।

Leave a Reply

Your email address will not be published. Required fields are marked *