Mar 7, 2026

ਕੈਨੇਡੀਅਨ ਐਮ ਪੀ ਜਸਰਾਜ ਸਿੰਘ ਹੱਲਣ ਤੇ ਐਮ ਪੀ ਅਮਨਪ੍ਰੀਤ ਸਿੰਘ ਗਿੱਲ ਤੇ ਵਫਦ ਦਾ ਨਿੱਘਾ ਸਵਾਗਤ-

ਅੰਮ੍ਰਿਤਸਰ, 17 ਫਰਵਰੀ (ਦੇ ਪ੍ਰ ਬਿ )- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ  ਸ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੌਰੇ ਤੇ ਆਏ ਕੈਨੇਡੀਅਨ ਐਮ ਪੀਜ਼ ਦੇ ਇਕ ਵਫਦ ਨਾਲ ਇਕ ਵਿਸ਼ੇਸ਼ ਮਿਲਣੀ ਦੌਰਾਨ ਪੰਜਾਬੀਆਂ ਵਲੋਂ ਵਿਦੇਸ਼ਾਂ ਖਾਸ ਕਰਕੇ ਕੈਨੇਡਾ ਦੀ ਸਿਆਸਤ ਵਿਚ ਪਾਏ ਜਾ ਰਹੇ ਯੋਗਦਾਨ ਤੇ ਖੁਸ਼ੀ ਪ੍ਰਗਟ ਕਰਦਿਆਂ ਪੰਜਾਬ ਲਈ ਉਹਨਾਂ ਦੇ ਮਨਾਂ ਵਿਚ ਵਿਸ਼ੇਸ਼ ਪਿਆਰ ਪ੍ਰਗਟਾਵੇ ਲਈ ਆਭਾਰ ਪ੍ਰਗਟ ਕੀਤਾ। ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਸ ਜਸਰਾਜ ਸਿੰਘ ਹੱਲਣ ਤੇ ਐਮ ਪੀ ਸ ਅਮਨਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਾਲੇ ਵਫਦ ਨਾਲ ਸਵੇਰ ਦੇ ਨਾਸ਼ਤੇ ਤੇ ਮਿਲਣੀ ਦੌਰਾਨ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਸ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੇ ਦੁਨੀਆਂ ਭਰ ਵਿਚ ਉਚ ਅਹੁਦਿਆਂ ਤੇ ਪੁੱਜਣ ਅਤੇ ਪੰਜਾਬੀ ਕੌਮੀ ਦਾ ਮਾਣ ਸਨਮਾਨ ਵਧਾਉਣ ਵਾਲੇ ਕਾਰਜਾਂ ਤੇ ਅਤਿਅੰਤ ਖੁਸ਼ੀ ਹੁੰਦੀ ਹੈ। ਉਹਨਾਂ ਕਿਹਾ ਅਕਾਲੀ ਦਲ ਅਜਿਹੀ ਸਿਆਸੀ ਪਾਰਟੀ ਹੈ ਜੋ ਵਿਸ਼ਵ ਭਰ ਵਿਚ ਵਸਦੇ ਸਿੱਖਾਂ ਅਤੇ ਪੰਜਾਬੀਆਂ ਨਾਲ ਹਮੇਸ਼ਾ ਚਟਾਨ ਵਾਂਗ ਖੜੀ ਹੈ। ਇਸ ਮੌਕੇ ਉਹਨਾਂ ਵਿਦੇਸ਼ਾਂ ਵਿਚ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਬੇਹਤਰੀ ਤੇ ਤਰੱਕੀ ਲਈ ਹਰ ਤਰਾਂ ਦੇ ਸਹਿਯੋਗ ਲਈ ਗੱਲ ਕੀਤੀ। ਉਹਨਾਂ ਹੋਰ ਕਿਹਾ ਕਿ ਐਨ ਆਰ ਆਈ ਭਾਈਚਾਰੇ ਦੀ ਪੰਜਾਬ ਨਾਲ ਦਿਲ ਦੀਆਂ ਗਹਿਰਾਈਆਂ ਵਾਲੀ ਸਾਂਝ ਅਤੇ ਤੜਪ ਪੰਜਾਬ ਦੀ ਤਰੱਕੀ ਤੇ ਮਜਬੂਤੀ ਦੀ ਅਸਲ ਜ਼ਾਮਨ ਹੈ। ਉਹਨਾਂ ਵਫਦ ਨਾਲ ਕੈਨੇਡਾ, ਭਾਰਤ ਅਤੇ ਕੌਮਾਂਤਰੀ ਮੁੱਦਿਆਂ ਤੇ ਚਰਚਾ ਕਰਦਿਆਂ ਕੈਨੇਡਾ ਵਿਚ ਇਮੀਗ੍ਰੇਸ਼ਨ ਕਨੂੰਨ ਵਿਚ ਸਖਤਾਈ ਕਾਰਣ ਪੰਜਾਬੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਪੱਕੇ ਹੋਣ ਵਿਚ ਆ ਰਹੀਆਂ ਮੁਸ਼ਕਲਾਂ ਦੀ ਗੱਲ ਕਰਦਿਆਂ ਕਿਹਾ ਕਿ ਕੰਸਰਵੇਟਿਵ ਪਾਰਟੀ ਇਸ ਮਾਮਲੇ ਵਿਚ ਮਹੱਤਵਪੂਰਣ ਭੂਮਿਕਾ ਨਿਭਾਅ ਸਕਦੀ ਹੈ।

ਇਸ ਮੌਕੇ ਸ ਹੱਲਣ ਅਤੇ ਸ ਗਿੱਲ ਨੇ ਕਿਹਾ ਕਿ ਐਨ ਆਰ ਆਈ ਭਾਈਚਾਰਾ ਹਮੇਸ਼ਾ ਪੰਜਾਬ ਦੀ ਚੜਦੀ ਕਲਾ ਅਤੇ ਲੋਕ ਭਲਾਈ ਲਈ ਸੁਹਿਰਦਤਾ ਦੀ ਕਾਮਨਾ ਕਰਦਾ ਹੈ। ਉਹਨਾਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਅਤੇ ਉਹਨਾਂ ਦੀ ਖੁਲੇ ਦਿਲ ਨਾਲ ਮਦਦ ਕਰਨ ਦੀ ਸ਼ਲਾਘਾ ਕੀਤੀ।

ਇਸ ਮੌਕੇ ਕੈਨੇਡੀਅਨ ਐਮ ਪੀਜ਼ ਨਾਲ ਕੈਲਗਰੀ ਤੋਂ ਉਘੇ ਬਿਜਨਸਮੈਨ ਅਮਰਪ੍ਰੀਤ ਸਿੰਘ ਬੈਂਸ, ਅੰਮ੍ਰਿਤਪਾਲ ਸਿੰਘ ਹੇਅਰ, ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਮੁਖ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ਕੈਨੇਡਾ , ਜਸ਼ਨਪ੍ਰੀਤ ਸਿੰਘ ਰੰਧਾਵਾ, ਬਿੱਲਾ ਸੰਧੂ, ਹੁਨਰਪ੍ਰੀਤ ਸਿੰਘ ਸਹੋਤਾ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ, ਅਕਾਲੀ ਦਲ ਦੇ ਬੁਲਾਰੇ ਅਰਸ਼ਪ੍ਰੀਤ ਸਿੰਘ ਕਲੇਰ, ਆਸਦੀਪ ਸਿੰਘ ਚੀਮਾ ਵੀ ਹਾਜ਼ਰ ਸਨ।

ਇਸੇ ਦੌਰਾਨ ਸ ਸੁਖਬੀਰ ਸਿੰਘ ਬਾਦਲ ਵਲੋਂ ਕੈਨੇਡੀਅਨ ਵਫਦ ਨਾਲ ਯਾਦਗਾਰੀ ਤਸਵੀਰ ਕਰਵਾਉਣ ਉਪਰੰਤ ਆਪਣੇ ਮਨ ਦੇ ਵਲਵਲੇ ਇਕ ਸੋਸ਼ਲ ਮੀਡੀਆ ਸੰਦੇਸ਼ ਰਾਹੀਂ ਸਾਂਝੇ ਕੀਤੇ।

ਉਹਨਾਂ ਆਪਣੇ ਸੰਦੇਸ਼ ਵਿਚ ਲਿਖਿਆ ਕਿ-

” ਅੱਜ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਕੈਨੇਡਾ ਦੇ  ਸੰਸਦ ਮੈਂਬਰ ਸ. ਜਸਰਾਜ ਸਿੰਘ ਹੱਲਣ ਅਤੇ ਸ. ਅਮਨਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਾਲੇ ਕੈਨੇਡੀਅਨ ਵਫ਼ਦ ਦੀ ਮੇਜ਼ਬਾਨੀ ਕਰਕੇ ਖੁਸ਼ੀ ਹੋਈ। ਐਮ ਪੀ ਸ. ਦਲਵਿੰਦਰ ਸਿੰਘ ਗਿੱਲ ਨਾਲ ਫ਼ੋਨ ‘ਤੇ ਵੀ ਗੱਲ ਕੀਤੀ, ਕਿਉਂਕਿ ਉਹ ਸਿਹਤ ਖਰਾਬ ਹੋਣ ਕਾਰਨ ਸ਼ਾਮਿਲ ਨਹੀਂ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੰਥ, ਪੰਜਾਬ ਅਤੇ ਪੰਜਾਬੀਅਤ ਬਾਰੇ ਇਕ ਸੱਚਮੁੱਚ ਪ੍ਰੇਰਨਾਦਾਇਕ ਗੱਲਬਾਤ – ਸਮੁੰਦਰਾਂ ਤੋਂ ਪਾਰ ਦਿਲਾਂ ਨੂੰ ਜੋੜਨ ਵਾਲੀ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਪੰਜਾਬੀ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਪੰਜਾਬੀਅਤ ਦੀ ਕੋਈ ਸਰਹੱਦ ਨਹੀਂ ਹੁੰਦੀ ਤੇ ਸਾਡੇ ਬੰਧਨ ਸਦੀਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਦੁਨੀਆ ਭਰ ਵਿਚ ਪੰਜਾਬੀਆਂ ਨੂੰ ਨਾਮਵਰ ਅਹੁਦਿਆਂ ‘ਤੇ ਬਿਰਾਜਮਾਨ ਦੇਖ ਕੇ ਬਹੁਤ ਖੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਪੰਜਾਬੀਅਤ ਜ਼ਿੰਦਾਬਾਦ!”

Leave a Reply

Your email address will not be published. Required fields are marked *