ਤਰਨ ਤਾਰਨ- ਅੱਜ ਦਿਨ ਦਿਹਾੜੇ ਆਮ ਆਦਮੀ ਪਾਰਟੀ ਦੇ ਪਿੰਡ ਠੱਠੀਆਂ ਮਹੰਤਾਂ ਦੇ 40 ਸਾਲਾ ਸਰਪੰਚ ਹਰਬਰਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦਾ ਰਿਸ਼ਤੇਦਾਰ ਜਰਮਨਦੀਪ ਸਿੰਘ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 3.15 ਵਜੇ ਪਿੰਡ ਸ਼ੇਰੋਂ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਹ ਪਿੰਡ ਇੱਕ-ਦੂਜੇ ਤੋਂ ਲਗਪਗ ਛੇ ਕਿਲੋਮੀਟਰ ਦੀ ਦੂਰੀ ‘ਤੇ ਹਨ।
ਇਸ ਘਟਨਾ ਨੇ ਜਨਤਾ ਅਤੇ ‘ਆਪ’ ਦੇ ਹੇਠਲੇ ਪੱਧਰ ਦੇ ਸਿਆਸਤਦਾਨਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ, ਕਿਉਂਕਿ ਦੋ ਮਹੀਨਿਆਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਪੰਜ ਜਨਵਰੀ ਨੂੰ ਤਰਨਤਾਰਨ ਦੇ ਪਿੰਡ ਵਲਟੋਹਾ ਸੰਧੂਆਂ ਦੇ ‘ਆਪ’ ਸਰਪੰਚ ਜਰਮਲ ਸਿੰਘ ਦਾ ਅੰਮ੍ਰਿਤਸਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਰਬਰਿੰਦਰ ਸਿੰਘ ਆਪਣੇ ਪਿੱਛੇ 10 ਸਾਲ ਤੋਂ ਘੱਟ ਉਮਰ ਦੇ ਦੋ ਪੁੱਤਰ ਛੱਡ ਗਏ ਹਨ। ਉਹ ਇੱਕ ਆੜ੍ਹਤੀ ਸੀ ਅਤੇ ਉਨ੍ਹਾਂ ਕੋਲ ਵਾਹੀਯੋਗ ਜ਼ਮੀਨ ਵੀ ਸੀ। ਮ੍ਰਿਤਕ ਆਪਣੇ ਰਿਸ਼ਤੇਦਾਰ ਗੁਰਸੇਵਕ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ, ਜਦੋਂ ਮੋਟਰਸਾਈਕਲ ਸਵਾਰ ਤਿੰਨ ਹਮਲਾਵਰ ਉੱਥੇ ਪਹੁੰਚੇ।
