ਚੰਡੀਗੜ੍ਹ-
ਪੰਜਾਬ ਸਕੱਤਰੇਤ ਨੂੰ ਵੀਰਵਾਰ ਨੂੰ ਬੰਬ ਨਾਲ ਉਡਾਉਣ ਦੀ ਇੱਕ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ, ਫਾਇਰ ਬ੍ਰਿਗੇਡ ਦੇ ਅਧਿਕਾਰੀ, ਬੰਬ ਨਿਰੋਧਕ ਦਸਤੇ, ਡੌਗ ਸਕੁਐਡ ਅਤੇ ਇੱਕ ਐਂਬੂਲੈਂਸ ਸਕੱਤਰੇਤ ਦੀ ਇਮਾਰਤ ਵੱਲ ਰਵਾਨਾ ਕੀਤੀ ਗਈ ਸੀ, ਪਰ ਤਲਾਸ਼ੀ ਮੁਹਿੰਮ ਤੋਂ ਬਾਅਦ ਵੀ ਕੋਈ ਸ਼ੱਕੀ ਸਮੱਗਰੀ ਜਾਂ ਵਿਸਫੋਟਕ ਨਹੀਂ ਮਿਲਿਆ।
ਫਿਰ ਵੀ ਪੁਲੀਸ ਨੇ ਸਕੱਤਰੇਤ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ। ਪਿਛਲੇ ਮਹੀਨੇ ਵੀ ਪੰਜਾਬ ਸਕੱਤਰੇਤ ਨੂੰ ਅਜਿਹੀ ਹੀ ਇੱਕ ਧਮਕੀ ਭਰੀ ਮੇਲ ਮਿਲੀ ਸੀ, ਜੋ ਕਿ ਫਰਜ਼ੀ ਨਿਕਲੀ ਸੀ।
ਪੰਜਾਬ ਅਤੇ ਹਰਿਆਣਾ ਸਕੱਤਰੇਤ ਚੰਡੀਗੜ੍ਹ ਦੇ ਸੈਕਟਰ-1 ਵਿੱਚ ਸਥਿਤ ਹੈ, ਜੋ ਕਿ ਇੱਕ ਉੱਚ ਸੁਰੱਖਿਆ ਵਾਲਾ ਖੇਤਰ ਹੈ। ਜ਼ਿਕਰਯੋਗ ਹੈ ਕਿ ਇਹ ਤਾਜ਼ਾ ਘਟਨਾ ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਹਰਿਆਣਾ ਦੇ ਸਕੂਲਾਂ ਵਿੱਚ ਮਿਲੀਆਂ ਅਜਿਹੀਆਂ ਹੀ ਧਮਕੀਆਂ ਤੋਂ ਤੁਰੰਤ ਬਾਅਦ ਵਾਪਰੀ ਹੈ। ਇਹ ਸਾਰੀਆਂ ਧਮਕੀਆਂ ਫਰਜ਼ੀ ਨਿਕਲੀਆਂ ਹਨ।
