ਸਾਲ 2026 – 27 ਵਿਚ ਹੋਣਗੇ 33000 ਆਰਜੀ ਕਾਮੇ ਪੱਕੇ-
ਸੰਦੀਪ ਸਿੰਘ ਧੰਜੂ-
ਵੈਨਕੂਵਰ-ਕੈਨੇਡਾ ਵਿੱਚ ਰਹਿ ਰਹੇ 21 ਲੱਖ ਆਰਜ਼ੀ ਵਿਦੇਸ਼ੀ ਕਾਮਿਆਂ ਲਈ ਇੱਕ ਰਾਹਤ ਦੀ ਖਬਰ ਆਈ ਜਦੋਂ ਫੈਡਰਲ ਇਮੀਗ੍ਰੇਸ਼ਨ ਮੰਤਰੀ ਲੇਨਾ ਡੀਆਬ ਨੇ ਅੱਜ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੇਂਦਰੀ ਸਰਕਾਰ ਇਨਾਂ ਕਾਮਿਆਂ ਨੂੰ ਪੀ. ਆਰ. ਦੇਣ ਵਾਲੇ ਪ੍ਰੋਗਰਾਮ ਸਬੰਧੀ ਮਹੱਤਵਪੂਰਨ ਐਲਾਨ ਅਗਲੇ ਮਹੀਨੇ ਕਰੇਗੀ। ਇਸ ਐਲਾਨ ਨਾਲ ਕੈਨੇਡਾ ਵਿੱਚ ਕੰਮ ਕਰ ਰਹੇ ਆਰਜ਼ੀ ਵਿਦੇਸ਼ੀ ਕਾਮਿਆਂ ਵਿੱਚ ਨਵੀਂ ਉਮੀਦ ਜਾਗੀ ਹੈ। ਮੰਤਰੀ ਨੇ ਕਿਹਾ ਕਿ ਕੈਨੇਡਾ ਦੀ ਅਰਥਵਿਵਸਥਾ ਅਤੇ ਸਮਾਜਿਕ ਵਿਕਾਸ ਵਿੱਚ ਆਰਜ਼ੀ ਕਾਮਿਆਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ ਅਤੇ ਇਸ ਸਬੰਧੀ ਪ੍ਰੋਗਰਾਮ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਪਰ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਲੰਬੇ ਸਮੇਂ ਲਈ ਦੇਸ਼ ਵਿੱਚ ਰਹਿਣ ਦਾ ਮੌਕਾ ਦੇਣ ਦੇ ਮਨੋਰਥ ਨਾਲ ਪੀ ਆਰ ਸਬੰਧੀ ਕੁਝ ਜਰੂਰੀ ਜਾਣਕਾਰੀਆਂ ਅਗਲੇ ਮਹੀਨੇ ਜਨਤਕ ਕੀਤੀਆਂ ਜਾਣਗੀਆਂ ਪਰ ਇਮੀਗ੍ਰੇਸ਼ਨ ਮੰਤਰੀ ਇਹ ਸਪੱਸ਼ਟ ਨਹੀਂ ਕਰ ਸਕੇ ਕਿ ਇਹ ਪੀ ਆਰ ਪਹਿਲਾਂ ਤੋਂ ਚੱਲ ਰਹੇ ਪ੍ਰੋਗਰਾਮਾਂ ਤਹਿਤ ਦਿੱਤੀ ਜਾਵੇਗੀ ਜਾਂ ਇਸ ਵਾਸਤੇ ਕੋਈ ਨਹੀਂ ਵਿਵਸਥਾ ਦਾ ਐਲਾਨ ਹੋਵੇਗਾ।
ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਕਈ ਉਦਯੋਗਾਂ ਨੂੰ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਸਿਹਤ ਸੇਵਾਵਾਂ, ਖੇਤੀਬਾੜੀ, ਨਿਰਮਾਣ, ਟਰਾਂਸਪੋਰਟ ਅਤੇ ਹੋਸਪਿਟੈਲਿਟੀ ਖੇਤਰਾਂ ਵਿੱਚ ਕਰਮਚਾਰੀਆਂ ਦੀ ਭਾਰੀ ਲੋੜ ਹੈ ਕਿਉਂਕਿ ਸਥਾਨਕ ਕਾਮਿਆਂ ਦੀ ਘਾਟ ਕਾਰਨ ਕਈ ਕੰਪਨੀਆਂ ਅਤੇ ਉਦਯੋਗਾਂ ਨੂੰ ਆਪਣਾ ਕੰਮ ਚਲਾਉਣ ਲਈ ਆਰਜ਼ੀ ਵਿਦੇਸ਼ੀ ਕਾਮਿਆਂ ‘ਤੇ ਨਿਰਭਰ ਰਹਿਣਾ ਪੈਂਦਾ ਹੈ।
ਸਰਕਾਰੀ ਯੋਜਨਾ ਮੁਤਾਬਕ ਇਸ ਪ੍ਰੋਗਰਾਮ ਦੇ ਤਹਿਤ ਲਗਭਗ 33,000 ਆਰਜ਼ੀ ਕਾਮਿਆਂ ਨੂੰ ਦੋ ਪੜਾਵਾਂ ਵਿੱਚ 2026 ਅਤੇ 2027 ਦੌਰਾਨ ਪੀ ਆਰ ਦੇਣ ਦਾ ਟੀਚਾ ਰੱਖਿਆ ਗਿਆ ਹੈ। ਇਹ ਉਹ ਕਾਮੇ ਹੋਣਗੇ ਜੋ ਪਹਿਲਾਂ ਤੋਂ ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਕੰਮ ਕਰ ਰਹੇ ਹਨ ਅਤੇ ਜਿਨ੍ਹਾਂ ਨੇ ਇੱਥੇ ਕੰਮ ਦਾ ਤਜਰਬਾ ਹਾਸਲ ਕੀਤਾ ਹੋਇਆ ਹੈ।
ਇਸ ਪ੍ਰੋਗਰਾਮ ਵਿੱਚ ਉਹਨਾਂ ਖੇਤਰਾਂ ਨੂੰ ਵਧੀਕ ਤਰਜੀਹ ਮਿਲ ਸਕਦੀ ਹੈ ਜਿੱਥੇ ਮਜ਼ਦੂਰਾਂ ਦੀ ਘਾਟ ਸਭ ਤੋਂ ਵੱਧ ਹੈ ਜਿਨਾਂ ਵਿੱਚ ਸਿਹਤ ਸੇਵਾਵਾਂ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਟਰਾਂਸਪੋਰਟ ਅਤੇ ਲਾਜਿਸਟਿਕ, ਨਿਰਮਾਣ, ਹੋਟਲ ਅਤੇ ਰੈਸਟੋਰੈਂਟ ਉਦਯੋਗ ਸ਼ਾਮਿਲ ਹੋਣਗੇ।
ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਇਹ ਦੋ ਪੜਾਅ ਵਾਲਾ ਇਮੀਗ੍ਰੇਸ਼ਨ ਮਾਡਲ ਹੈ ਜਿਸ ਅਨੁਸਾਰ ਪਹਿਲਾਂ ਵਿਦੇਸ਼ੀ ਨਾਗਰਿਕਾਂ ਨੂੰ ਆਰਜ਼ੀ ਤੌਰ ‘ਤੇ ਕੈਨੇਡਾ ਵਿੱਚ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ, ਜਿਵੇਂ ਕਿ ਸਟਡੀ ਪਰਮਿਟ ਜਾਂ ਵਰਕ ਪਰਮਿਟ ਦੇ ਰਾਹੀਂ ਅਤੇ ਬਾਅਦ ਵਿਚ ਉਹ ਲੋਕ ਕੈਨੇਡਾ ਵਿੱਚ ਕੰਮ ਦਾ ਤਜਰਬਾ ਹਾਸਲ ਕਰਦੇ ਹਨ, ਭਾਸ਼ਾ ਅਤੇ ਹੋਰ ਯੋਗਤਾ ਮਾਪਦੰਡ ਪੂਰੇ ਕਰਦੇ ਹਨ ਅਤੇ ਫਿਰ ਪੱਕੀ ਰਿਹਾਇਸ਼ ( ਪੀ ਆਰ) ਲਈ ਅਰਜ਼ੀ ਦੇ ਸਕਦੇ ਹਨ। ਇਸ ਮਾਡਲ ਨਾਲ ਸਰਕਾਰ ਨੂੰ ਇਹ ਯਕੀਨ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਉਹ ਪਹਿਲਾਂ ਹੀ ਕੈਨੇਡਾ ਦੇ ਸਮਾਜ ਅਤੇ ਕੰਮਕਾਜੀ ਮਾਹੌਲ ਨਾਲ ਅਨੁਕੂਲ ਹੋ ਚੁੱਕੇ ਹਨ। ਕੈਨੇਡਾ ਵਿੱਚ ਦਸੰਬਰ 2025 ਤਕ 21 ਲੱਖ ਆਰਜ਼ੀ ਕਾਮਿਆਂ ਦੇ ਵਰਕ ਪਰਮਿਟ ਖਤਮ ਹੋ ਚੁਕੇ ਹਨ ਅਤੇ ਇਸ ਸਾਲ ਦੇ ਅੰਤ ਤੱਕ ਕਰੀਬ 19 ਲੱਖ ਹੋਰ ਕਾਮਿਆਂ ਦੇ ਵਰਕ ਪਰਮਿਟ ਖਤਮ ਹੋਣ ਵਾਲੇ ਹਨ ਜਿਸ ਕਾਰਨ ਉਨਾਂ ਵਿੱਚ ਇਕ ਅਣਸ਼ਚਿਤਤਾ ਦਾ ਮਾਹੌਲ ਹੈ ਕਿਉਂਕਿ ਉਹ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਪੱਕੀ ਰਹਾਇਸ਼ ਦੀ ਪ੍ਰਕਿਰਿਆ ਕਾਫੀ ਮੁਸ਼ਕਲ ਹੋਣ ਕਰਕੇ ਉਹ ਅਜੇ ਤੱਕ ਪੀ.ਆਰ. ਪ੍ਰਾਪਤ ਨਹੀਂ ਕਰ ਸਕੇ। ਇਮੀਗ੍ਰੇਸ਼ਨ ਮੰਤਰੀ ਦਾ ਨਵਾਂ ਐਲਾਨ ਇਸ ਸਮੱਸਿਆ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਕਿਉਂਕਿ ਇਸ ਨਾਲ ਉਹਨਾਂ ਲੋਕਾਂ ਨੂੰ ਮੌਕਾ ਮਿਲ ਸਕਦਾ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਆਪਣੇ ਆਪ ਨੂੰ ਸਥਾਪਤ ਕਰ ਚੁੱਕੇ ਹਨ।
ਇਮੀਗ੍ਰੇਸ਼ਨ ਮੰਤਰੀ ਲੇਨਾ ਡੀਆਬ ਨੇ ਦੱਸਿਆ ਕਿ ਇਸ ਪ੍ਰੋਗਰਾਮ ਸਬੰਧੀ ਫੈਡਰਲ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ, ਉਦਯੋਗਿਕ ਸੰਗਠਨਾਂ ਅਤੇ ਨਿਯੋਗਤਾਵਾਂ ਨਾਲ ਸਲਾਹ-ਮਸ਼ਵਰਾ ਜਾਰੀ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਇਹ ਪ੍ਰੋਗਰਾਮ ਅਜਿਹਾ ਬਣਾਇਆ ਜਾਵੇ ਜੋ ਦੇਸ਼ ਦੀ ਆਰਥਿਕ ਲੋੜਾਂ ਦੇ ਅਨੁਕੂਲ ਹੋਵੇ ਅਤੇ ਨਾਲ ਹੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੰਤੁਲਿਤ ਰੱਖੇ। ਜੋ ਉਮੀਦਵਾਰ ਇਸ ਪ੍ਰੋਗਰਾਮ ਦਾ ਲਾਭ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਪਹਿਲਾਂ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਿਸ ਲਈ ਮੁੱਖ ਤੌਰ ‘ਤੇ ਅੰਗਰੇਜੀ ਜਾਂ ਫਰੈਂਚ ਭਾਸ਼ਾ ਟੈਸਟ (IELTS ਜਾਂ CELPIP), ਸਿੱਖਿਆ ਦੇ ਸਰਟੀਫਿਕੇਟ ਅਤੇ ਟ੍ਰਾਂਸਕ੍ਰਿਪਟ, ਕੰਮ ਦੇ ਤਜਰਬੇ ਦੇ ਸਬੂਤ, ਟੈਕਸ ਅਤੇ ਰੋਜ਼ਗਾਰ ਨਾਲ ਸੰਬੰਧਿਤ ਦਸਤਾਵੇਜ਼ ਅਤੇ ਕੈਨੇਡਾ ਵਿੱਚ ਰਹਾਇਸ਼ ਦੇ ਰਿਕਾਰਡ ਵਰਗੇ ਦਸਤਾਵੇਜ ਮਹੱਤਵਪੂਰਨ ਹੋਣਗੇ ਅਤੇ ਇਹਨਾਂ ਦਸਤਾਵੇਜਾਂ ਦੇ ਪਹਿਲਾਂ ਤੋਂ ਹੀ ਤਿਆਰ ਹੋਣ ਨਾਲ ਅਰਜ਼ੀ ਦੀ ਪ੍ਰਕਿਰਿਆ ਤੇਜ਼ ਅਤੇ ਆਸਾਨ ਹੋ ਸਕਦੀ ਹੈ। ਜੇਕਰ ਇਹ ਪ੍ਰਕਿਰਿਆ ਸਫਲਤਾਪੂਰਵਕ ਲਾਗੂ ਹੁੰਦੀ ਹੈ ਤਾਂ ਵੱਡੀ ਗਿਣਤੀ ਵਿੱਚ ਆਰਜੀ ਕਾਮਿਆਂ ਨੂੰ ਕੈਨੇਡਾ ਵਿੱਚ ਪੱਕੀ ਰਹਾਇਸ਼ ਮਿਲ ਸਕਦੀ ਹੈ ਅਤੇ ਉਹ ਆਪਣੇ ਪਰਿਵਾਰਾਂ ਨਾਲ ਇੱਥੇ ਸਥਾਈ ਤੌਰ ‘ਤੇ ਰਹਿ ਸਕਣਗੇ ਪਰ ਅਪ੍ਰੈਲ 2026 ਵਿੱਚ ਜਦੋਂ ਇਸ ਪ੍ਰੋਗਰਾਮ ਦੇ ਪੂਰੇ ਨਿਯਮ ਅਤੇ ਯੋਗਤਾ ਸ਼ਰਤਾਂ ਸਾਹਮਣੇ ਆਉਣਗੀਆਂ ਤਾਂ ਹੀ ਇਹ ਸਪਸ਼ਟ ਹੋਵੇਗਾ ਕਿਹੜੀਆਂ ਯੋਗਤਾਵਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ।
ਇਮੀਗ੍ਰੇਸ਼ਨ ਮੰਤਰੀ ਦੇ ਇਸ ਬਿਆਨ ਨਾਲ ਇਹ ਆਸ ਵੀ ਜਾਗੀ ਹੈ ਕਿ ਹੈ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਸਰਕਾਰ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਵੀ ਲਿਆ ਸਕਦੀ ਹੈ ਕਿਉਂਕਿ ਦੇਸ਼ ਦੀ ਆਬਾਦੀ ਤੇਜ਼ੀ ਨਾਲ ਬਜੁਰਗ ਹੋ ਰਹੀ ਹੈ ਅਤੇ ਨਵੇਂ ਕਾਮਿਆਂ ਦੀ ਲੋੜ ਲਗਾਤਾਰ ਵੱਧ ਰਹੀ ਹੈ।ਇਹੋ ਕਾਰਨ ਹੈ ਕਿ ਆਰਜ਼ੀ ਕਾਮਿਆਂ ਨੂੰ ਪੱਕੀ ਰਹਾਇਸ਼ ਦੇਣਾ ਕੈਨੇਡਾ ਦੀ ਲੰਬੇ ਸਮੇਂ ਦੀ ਆਰਥਿਕ ਯੋਜਨਾ ਦਾ ਹਿੱਸਾ ਵੀ ਮੰਨਿਆ ਜਾ ਰਿਹਾ ਹੈ।
