ਸਰੀ: (ਮਹੇਸ਼ਇੰਦਰ ਸਿੰਘ ਮਾਂਗਟ )- ਸਰੀ ਸ਼ਹਿਰ ਵਿੱਚ ਅੱਜ ਪੰਜਾਬੀ ਮੀਡੀਆ ਨਾਲ ਇਕ ਮਹੱਤਵਪੂਰਨ ਗੱਲਬਾਤ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਅਤੇ ਮੀਡੀਆ ਦੇ ਮੈਂਬਰਾਂ ਵਿਚਕਾਰ ਕਮਿਊਨਿਟੀ ਨਾਲ ਜੁੜੇ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਐਕਸਟੋਰਸ਼ਨ ਅਤੇ ਗੋਲੀਬਾਰੀ ਦੀਆਂ ਵਧ ਰਹੀਆਂ ਘਟਨਾਵਾਂ, ਵਿਦੇਸ਼ੀ ਦਖਲਅੰਦਾਜ਼ੀ, ਫਰਸਟ ਨੇਸ਼ਨਜ਼ ਦੇ ਲੈਂਡ ਟਾਈਟਲ ਅਤੇ ਸੂਬੇ ਵਿੱਚ ਹਾਊਸਿੰਗ ਸੰਕਟ ਵਰਗੇ ਸੰਵੇਦਨਸ਼ੀਲ ਅਤੇ ਅਹਿਮ ਵਿਸ਼ੇ ਚਰਚਾ ਦਾ ਕੇਂਦਰ ਰਹੇ। ਪੰਜਾਬੀ ਮੀਡੀਆ ਵਲੋਂ ਉਠਾਏ ਗਏ ਸਵਾਲਾਂ ਅਤੇ ਕਮਿਊਨਿਟੀ ਦੀਆਂ ਚਿੰਤਾਵਾਂ ਨੂੰ ਪ੍ਰੀਮੀਅਰ ਨੇ ਧਿਆਨ ਨਾਲ ਸੁਣਿਆ ਅਤੇ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਅਤੇ ਸੰਭਾਵੀ ਹੱਲਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪ੍ਰੀਮੀਅਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਸਰਕਾਰ ਵਿੱਚ ਮਾਈਨਜ਼ ਐਂਡ ਕ੍ਰਿਟਿਕਲ ਮਿਨਰਲਜ਼ ਮੰਤਰੀ ਜਗਰੂਪ ਬਰਾੜ , ਗੈਰੀ ਬੈੱਗ ਅਤੇ ਅਮਨਾ ਸ਼ਾਹ ਵੀ ਹਾਜ਼ਿਰ ਸਨ।
ਮੀਟਿੰਗ ਦਾ ਮਕਸਦ ਪੰਜਾਬੀ ਕਮਿਊਨਿਟੀ ਨਾਲ ਜੁੜੇ ਮੁੱਦਿਆਂ ਨੂੰ ਸਿੱਧੇ ਤੌਰ ’ਤੇ ਸੁਣਨਾ ਅਤੇ ਮੀਡੀਆ ਰਾਹੀਂ ਲੋਕਾਂ ਤੱਕ ਸਰਕਾਰ ਦੀ ਸੋਚ ਅਤੇ ਕਦਮਾਂ ਬਾਰੇ ਸਪਸ਼ਟ ਜਾਣਕਾਰੀ ਪਹੁੰਚਾਉਣਾ ਸੀ।
ਪੰਜਾਬੀ ਮੀਡੀਆ ਪ੍ਰਤਿਨਿਧੀਆਂ ਨੇ ਕਮਿਊਨਿਟੀ ਦੀ ਸੁਰੱਖਿਆ, ਰਿਹਾਇਸ਼ ਦੀ ਉਪਲਬਧਤਾ ਅਤੇ ਹੋਰ ਸਮਾਜਿਕ ਮੁੱਦਿਆਂ ਸਬੰਧੀ ਆਪਣੇ ਸਵਾਲ ਰੱਖੇ, ਜਿਨ੍ਹਾਂ ਦੇ ਜਵਾਬ ਵਿੱਚ ਪ੍ਰੀਮੀਅਰ ਨੇ ਭਰੋਸਾ ਦਿਵਾਇਆ ਕਿ ਸਰਕਾਰ ਇਨ੍ਹਾਂ ਚੁਣੌਤੀਆਂ ਨੂੰ ਗੰਭੀਰਤਾ ਨਾਲ ਲੈਂਦੀ ਹੋਈ ਉਚਿਤ ਕਦਮ ਚੁੱਕ ਰਹੀ ਹੈ।
