ਲੁਧਿਆਣਾਃ 11 ਮਾਰਚ
(ਮੈਰੀਲੈਂਡ) ਅਮਰੀਕਾ ਵਾਸੀ ਖੋਜੀ ਵਿਦਵਾਨ ਲੇਖਕ ਧਰਮ ਸਿੰਘ ਗੋਰਾਇਆ ਦੀਆਂ ਦੇ ਖੋਜ ਆਧਾਰਿਤ ਕਿਤਾਬਾਂ ‘ਲੋਕ ਨਾਇਕ ਜੱਗਾ ਸੂਰਮਾ’ ਤੇ “ਅਣਖੀਲਾ ਧਰਤੀ ਪੁੱਤਰਃਦੁੱਲਾ ਭੱਟੀ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਪਿਛਲੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਕੈਨੇਡਾ ਤੋਂ ਆਈ ਸੱਭਿਆਚਾਰਕ ਹਸਤੀ ਸੁਰਜੀਤ ਸਿੰਘ ਮਾਧੋਪੁਰੀ, ਪੰਜਾਬੀ ਲੋਕ ਗਾਇਕ ਬਲਜਿੰਦਰ ਸਿੰਘ ਬਿੱਟੂ ਖੰਨੇ ਵਾਲਾ ਤੇ ਨਿੱਜੀ ਟੀ ਵੀ ਚੈਨਲ ਪੈੱਨ ਪੰਜਾਬ” ਦੇ ਸੰਚਾਲਕ ਨੰਦਪ੍ਰੀਤ ਸਿੰਘ ਵੱਲੋਂ
ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਪੰਜਾਬੀ ਮੂਲ ਦੇ ਅਮਰੀਕਾ ਵਾਸੀ ਖੋਜੀ ਵਿਦਵਾਨ ਸ. ਧਰਮ ਸਿੰਘ ਗੋਰਾਇਆ ਨੂੰ ਮੁਬਾਰਕ ਦੇਦਿਆਂ ਸ. ਸੁਰਜੀਤ ਸਿੰਘ ਮਾਧੋਪੁਰੀ ਨੇ ਕਿਹਾ ਕਿ ਪੰਜਾਬ ਛੱਡ ਕੇ ਵਿਦੇਸ਼ੀ ਧਰਤੀ ’ਤੇ ਵਸਦੇ ਪੰਜਾਬੀਆਂ ਨੂੰ ਵਿਰਸੇ ਦੀਆਂ ਜੜ੍ਹਾਂ ਜਾਨਣ ਤੇ ਇਸ ਨੂੰ ਪੂਰੇ ਵਿਸ਼ਵ ਵਿੱਚ ਪਹੁੰਚਾਉਣ ਦੀ ਵਧੇਰੇ ਤਾਂਘ ਹੁੰਦੀ ਹੈ।
ਇਸ ਦਾ ਸੱਜਰਾ ਸਬੂਤ ਸ. ਧਰਮ ਸਿੰਘ ਗੋਰਾਇਆ ਦੀਆਂ ਇਹ ਸੱਜਰੀਆਂ ਖੋਜ ਪੁਸਤਕਾਂ “ਲੋਕ ਨਾਇਕ ਜੱਗਾ ਸੂਰਮਾ’ ਤੇ ਅਣਖ਼ੀਲਾ ਧਰਤੀ ਪੁੱਤਰਃ ਦੁੱਲਾ ਭੱਟੀ ਹਨ।
ਦੋਹਾਂ ਕਿਤਾਬਾਂ ਬਾਰੇ ਜਾਣਕਾਰੀ ਦੇਂਦਿਆਂ ਇਨ੍ਹਾਂ ਕਿਤਾਬਾਂ ਦੇ ਮੁੱਖ ਬੱਧ ਲੇਖਕ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਦੁੱਲਾ ਭੱਟੀ ਤੇ ਜੱਗਾ ਸੂਰਮਾ ਪੰਜਾਬ ਦੀ ਅਣਖੀਲੀ ਮਿੱਟੀ ਦੇ ਇਤਿਹਾਸਕ ਕਿਰਦਾਰ ਹਨ ਜੋ ਅਕਬਰ ਬਾਦਸ਼ਾਹ ਤੋਂ ਲੈ ਕੇ ਫ਼ਰੰਗੀ ਹਕੂਮਤ ਤੀਕ ਲਗਾਨ ਮੰਗਦੇ ਹਾਕਮਾਂ ਅਤੇ ਨਿੱਕੇ-ਨਿੱਕੇ ਸ਼ਾਹੂਕਾਰਾਂ ਦੇ ਜ਼ੁਲਮ ਤੋਂ ਮੁਕਤੀ ਲਈ ਕਾਫ਼ਲਾ ਬਣਾ ਕੇ ਤੁਰਦੇ ਹਨ। ਇਨ੍ਹਾਂ ਕਿਤਾਬਾਂ ਦੇ ਲੇਖਕ ਸ. ਧਰਮ ਸਿੰਘ ਗੋਰਾਇਆ ਨੇ (ਮੈਰੀਲੈਂਡ) ਅਮਰੀਕਾ ਵਸਦਿਆਂ ਦੋਹਾਂ ਸੂਰਮਿਆਂ ਨਾਲ ਸਬੰਧਤ ਮੂਲ ਇਤਿਹਾਸਕ ਤੇ ਮੌਖਿਕ ਸੋਮਿਆਂ ਤੀਕ ਪਹੁੰਚ ਕਰ ਇਤਿਹਾਸ ਵਿੱਚ ਪਏ ਭੁਲੇਖਿਆਂ ਨੂੰ ਵੀ ਦੂਰ ਕੀਤਾ ਹੈ।
ਪੰਜਾਬੀ ਲੋਕ ਗਾਇਕ ਬਲਜਿੰਦਰ ਸਿੰਘ ਬਿੱਟੂ ਖੰਨੇ ਵਾਲਾ ਨੇ ਕਿਹਾ ਕਿ ਧਰਤੀ ਕੋਈ ਵੀ ਹੋਵੇ, ਵਿਰਾਸਤ ਹਰ ਸਾਹ ਦੇ ਨਾਲ ਨਾਲ ਤੁਰਦੀ ਹੈ। ਧਰਮ ਸਿੰਘ ਗੋਰਾਇਆ ਜੀ ਨੇ ਇਹ ਕਥਨ ਸੱਚ ਕਰ ਵਿਖਾਇਆ ਹੈ। ਇਨ੍ਹਾਂ ਦੋਹਾਂ ਕਿਤਾਬਾਂ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਦਾ ਵਿਤਰਣ ਸਿੰਘ ਬਰਦਰਜ਼ ਸਿਟੀ ਸੈਂਟਰ ਅੰਮ੍ਰਿਤਸਰ ਤੇ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਰਾਹੀਂ ਕੀਤਾ ਗਿਆ ਹੈ।
