ਲੇਖਕ: ਅਜੈ ਤਨਵੀਰ
ਰੀਵਿਊਕਾਰ: ਬਲਜਿੰਦਰ ਮਾਨ 98150-18947
ਪ੍ਰਕਾਸਕ: ਚੇਤਨਾ ਪ੍ਰਕਾਸ਼ਨ ਲੁਧਿਆਣਾ, ਪੰਨੇ: 143, ਮੁੱਲ: 395 /-
ਦੁਆਬੇ ਦੇ ਪ੍ਰਸਿੱਧ ਕਸਬੇ ਮਾਹਿਲਪੁਰ ਲਾਗਲੇ ਪਿੰਡ ਚੰਦੇਲੀ ਦਾ ਜੰਮਪਲ ਪੀਟਾ ਚੰਦੇਲੀ ਵਾਲਾ ਅੱਜ ਕੱਲ ਦੇਸ਼ ਦੁਨੀਆ ਵਿੱਚ ਅਜੈ ਤਨਵੀਰ ਦੇ ਨਾਮ ਨਾਲ ਮਸ਼ਹੂਰ ਹੈ । ਉਸਨੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਅਮਰੀਕਾ ਵਿੱਚ ਜਿੱਥੇ ਕਾਰੋਬਾਰ ਕੀਤਾ ਹੈ ਉਥੇ ਸਾਹਿਤ ਦੇ ਖੇਤਰ ਵਿੱਚ ਵੀ ਡੂੰਘੀਆਂ ਪੈੜਾਂ ਵੀ ਪਾਈਆਂ ਹਨ। ਉੱਘੇ ਸ਼ਾਇਰ ਡਾਕਟਰ ਜਗਤਾਰ ਦੇ ਇਸ ਸ਼ਾਗਿਰਦ ਨੇ ਸਾਹਿਤ ਦੀ ਦੁਨੀਆਂ ਵਿੱਚ ਅਧਿਐਨ ਨਾਲ ਆਪਣਾ ਇੱਕ ਨਿਵੇਕਲਾ ਮੁਕਾਮ ਸਿਰਜਿਆ। ਭਾਰਤ ਵਿੱਚ ਗੀਤਕਾਰੀ ਕਰਦਾ ਮਨਮੋਹਣ ਵਾਰਸ ਦੀ ਆਵਾਜ਼ ਨਾਲ ਬੁਲੰਦੀ ਦੀਆਂ ਸਿਖ਼ਰਾਂ ਵੱਲ ਵਧਿਆ ਅਤੇ ਬਾਅਦ ਵਿੱਚ ਅਮਰੀਕਾ ਜਾ ਵਸਿਆ। ਅਮਰੀਕਾ ਵਿੱਚ ਵੱਸਦੇ ਨੇ ਮਾਂ ਬੋਲੀ ਪੰਜਾਬੀ ਨਾਲ ਪਿਆਰ ਸਤਿਕਾਰ ਅਤੇ ਮੁਹੱਬਤ ਦਾ ਕਿੱਸਾ ਛੇੜੀ ਰੱਖਿਆ। ਆਪਣੀ ਮਿੱਟੀ ਨਾਲ ਮੋਹ ਪਾਲ਼ਦਾ ਜਿੱਥੇ ਅੱਵਲ ਦਰਜੇ ਦੀ ਸ਼ਾਇਰੀ ਕਰਦਾ ਉੱਥੇ ਵਾਰਤਕ ਦਾ ਵੀ ਮਾਹਿਰ ਸਿਰਜਕ ਬਣ ਗਿਆ। ਮਿੱਤਰਾਂ ਦੋਸਤਾਂ ਦੇ ਸਾਹਿਤਕ ਪ੍ਰਬੰਧਾਂ ਵਿੱਚ ਆਪਣਾ ਯੋਗਦਾਨ ਪਾਉਂਦਾ ਅਤੇ ਮੈਗਜ਼ੀਨਾਂ ਨੂੰ ਪ੍ਰਫੁੱਲਤ ਕਰਨ ਵਿੱਚ ਆਪਣਾ ਦਸੌਂਧ ਲਾਉਂਦਾ ਕਿਸੇ ਤੋਂ ਗੁੱਝਾ ਨਹੀਂ। ਆਪ ਦਾ ਗ਼ਜ਼ਲ ਸੰਗ੍ਰਹਿ ‘ਫਤਵਿਆਂ ਦੇ ਦੌਰ ਵਿੱਚ’ ਪਾਠਕਾਂ ਅਤੇ ਆਲੋਚਕਾਂ ਵੱਲੋਂ ਖੂਬ ਸਲਾਹਿਆ ਗਿਆ ਤੇ ਹੁਣ ਆਪ ਦੀ ਵਾਰਤਕ ਪੁਸਤਕ ‘ਜਾਦੂਨਗਰੀ ਦੇ ਜਾਦੂਗਰ, ਦੀ ਚਰਚਾ ਸਾਹਿਤਕ ਮਹਿਫ਼ਲਾਂ ਵਿੱਚ ਹੋ ਰਹੀ ਹੈ। ਡਾਕਟਰ ਜੰਗ ਬਹਾਦਰ ਗੋਇਲ ਅਤੇ ਸੁਕੀਰਤ ਵਰਗੇ ਸਾਹਿਤਕਾਰ ਉਸ ਦੀਆਂ ਇਨ੍ਹਾਂ ਰਚਨਾਵਾਂ ਦਾ ਹੁੰਗਾਰਾ ਭਰਦੇ ਹੋਏ ਸ਼ਾਬਾਸ਼ ਦਿੰਦੇ ਅਤੇ ਚੜ੍ਹਦੀ ਕਲਾ ਦੀ ਦੁਆ ਕਰਦੇ ਹਨ।
ਫਿਲਮੀ ਦੁਨੀਆ ਬਾਰੇ ਲਿਖਣ ਵਾਲਿਆਂ ਦੀ ਕੋਈ ਕਮੀ ਨਹੀਂ ਪ੍ਰੰਤੂ ਜਿਸ ਸ਼ੈਲੀ ਵਿੱਚ ਅਜੈ ਤਨਵੀਰ ਨੇ ਹਥਲੀ ਪੁਸਤਕ ‘ਜਾਦੂਨਗਰੀ ਦੇ ਜਾਦੂਗਰ’ ਦੀ ਸਿਰਜਣਾ ਕੀਤੀ ਹੈ ਉਹ ਇੱਕ ਨਵੇਕਲੀ ਅਤੇ ਕਮਾਲ ਦੀ ਕਲਾਕਾਰੀ ਹੈ। ਇਸ ਵਿੱਚ ਕਹਾਣੀਆਂ ,ਕਿੱਸੇ, ਕਵਿਤਾਵਾਂ, ਨਾਟਕ, ਫਿਲਮਾਂ ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਸਮੋਇਆ ਪਿਆ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਇਸ ਪੁਸਤਕ ਦੀ ਮਹਾਨਤਾ ਉਸ ਵੇਲੇ ਹੋਰ ਵੱਧ ਜਾਂਦੀ ਹੈ ਜਦੋਂ ਸੰਨ 47 ਦੇ ਵੇਰਵੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਪੇਸ਼ ਹੁੰਦੇ ਹਨ। ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਇਹ ਹਸਤੀਆਂ ਕਿਵੇਂ ਉਭਰੀਆਂ ਤੇ ਕਿਵੇਂ ਕਾਮਯਾਬੀ ਦੀਆਂ ਸਿਖ਼ਰਾਂ ਸਿਰਜੀਆਂ; ਇਹ ਸਭ ਕਾਸੇ ਦਾ ਗਿਆਨ ਹਥਲੀ ਪੁਸਤਕ ਵਿੱਚੋਂ ਮਿਲ ਜਾਂਦਾ ਹੈ। ਨਾਇਕਾਂ ਅਤੇ ਅਭਿਨੇਤਰੀਆਂ ਦੇ ਪਿਆਰ ਦੇ ਕਿੱਸੇ ਜਿਨ੍ਹਾਂ ਦੀ ਚਰਚਾ ਫਿਲਮੀ ਦੁਨੀਆਂ ਵਿੱਚ ਅਕਸਰ ਹੁੰਦੀ ਰਹੀ ਉਹ ਵੀ ਇਸ ਪੁਸਤਕ ਵਿੱਚੋਂ ਦੇਖੇ ਜਾ ਸਕਦੇ ਹਨ। ਪੁਸਤਕ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਫਿਲਮ ਨਗਰੀ ਵਿੱਚ ਖੁਦ ਇੱਕ ਫਿਲਮ ਦੇ ਪਾਤਰ ਬਣਕੇ ਵਿਚਰ ਰਹੇ ਹੋਈਏ ਅਤੇ ਇਹਨਾਂ ਸਾਹਿਤਕਾਰਾਂ, ਨਾਟਕਕਾਰਾਂ, ਫਿਲਮਕਾਰਾਂ, ਨਿਰਮਾਤਾਵਾਂ ਨੂੰ ਮਿਲਦੇ ਉਹਨਾਂ ਦੇ ਕਾਰੋਬਾਰ ਨੂੰ ਦੇਖ ਰਹੇ ਹੋਈਏ। ਅਜੈ ਤਨਵੀਰ ਦੀ ਵਾਰਤਕ ਵਿੱਚ ਦੁਆਬੇ ਦੇ ਸੰਧੂਰੀ ਅੰਬਾਂ ਵਰਗੀ ਮਿਠਾਸ ਅਤੇ ਮੱਕੀ ਦੀਆਂ ਛੱਲੀਆਂ ਦੇ ਦਾਣਿਆਂ ਵਰਗਾ ਗੁੰਦਵਾਂਪਨ ਹੈ। ਜਿੱਥੇ ਉਸਨੇ ਗ਼ਜ਼ਲ ਦੇ ਖੇਤਰ ਵਿੱਚ ਨਵੇਂ ਕਾਫੀਏ ਸਿਰਜੇ ਹਨ ਉੱਥੇ ਉਸਨੇ ਵਾਰਤਕਾਰੀ ਵਿੱਚ ਵੀ ਦੁਆਬੀਆਂ ਦਾ ਝੰਡਾ ਬੁਲੰਦ ਕੀਤਾ ਹੈ।
ਗੁਲਜ਼ਾਰ, ਜਵੇਦ ਅਖਤਰ ਅਤੇ ਸਾਗਰ ਸਰਹੱਦੀ ਦੀਆਂ ਜੀਵਨ ਪ੍ਰਾਪਤੀਆਂ ਅਤੇ ਸੰਘਰਸ਼ ਨੂੰ ਪੇਸ਼ ਕਰਦੀ ਇਹ ਪੁਸਤਕ ਨਵੀਂ ਪਨੀਰੀ ਲਈ ਇੱਕ ਰਾਹ ਦਸੇਰੇ ਦਾ ਕੰਮ ਕਰਦੀ ਹੈ ਜਾਂ ਇੰਝ ਕਹੀਏ ਕਿ ਫ਼ਿਲਮੀ ਦੁਨੀਆ ਵਿੱਚ ਸ਼ਾਮਿਲ ਹੋਣ ਵਾਲੇ ਨਵੇਂ ਕਲਾਕਾਰਾਂ ਲਈ ਇਹ ਇੱਕ ਗਾਈਡ ਬੁੱਕ ਹੈ।
ਅਜੈ ਤਨਵੀਰ ਦੀ ਵਾਰਤਕਕਾਰੀ ਉਸ ਵੇਲੇ ਹੋਰ ਸਿਖਰ ਸਿਰਜ ਦਿੰਦੀ ਹੈ ਜਦੋਂ ਉਹ ਆਪਣੀ ਰਚਨਾ ਵਿੱਚ ਨਿੱਕੇ ਨਿੱਕੇ ਰੌਚਕ ਸਿਰਲੇਖ ਦਰਜ ਕਰਦੇ ਹਨ। ਜਿਵੇਂ ਫੈਜ਼ ਦੀਆਂ ਫਿਜ਼ਾਵਾਂ ਚ , ਸਲੀਮ ਜਾਵੇਦ ਦੀ ਜੋੜੀ, ਜ਼ੰਜੀਰ ਤੇ ਦੀਵਾਰ ਦਾ ਜਾਦੂ, ਸ ਸ਼ੋਅਲੇ ਦੀਆਂ ਬਰਕਤਾਂ, ਸ਼ਬਾਨਾ ਦੀ ਸ਼ਬਨਮ, ਬੰਦ ਸੰਦੂਕ ਦੀ ਸੌਗਾਤ, ਕਿਰਤ ਲਈ ਲੜਾਈ ਅਤੇ ਮੁਸ਼ਤਾਕ ਨਾਲ ਮੁਲਾਕਾਤ ਆਦਿ ਪਾਠਕ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ।
ਇਸ ਪੁਸਤਕ ਦੀ ਸੱਜਣਾ ਵਾਸਤੇ ਲੇਖਕ ਨੇ ਜਿੱਥੇ ਅਨੇਕਾਂ ਪੰਜਾਬੀ, ਹਿੰਦੀ, ਅੰਗਰੇਜ਼ੀ ਪੁਸਤਕਾਂ ਦਾ ਅਧਿਐਨ ਕੀਤਾ ਉੱਥੇ ਅਖ਼ਬਾਰਾਂ ਰਸਾਲਿਆਂ ਅਤੇ ਸੋਸ਼ਲ ਮੀਡੀਆ ਨੂੰ ਵੀ ਪੜ੍ਹਿਆ ਸੁਣਿਆ ਹੈ। ਇਸੇ ਕਰਕੇ ਇਸ ਪੁਸਤਕ ਵਿੱਚੋਂ ਸਾਰੇ ਰੰਗ ਆਪਣੇ ਆਪ ਪ੍ਰਗਟ ਹੁੰਦੇ ਹਨ। ਸਤਰੰਗੀ ਪੀਂਘ ਵਾਂਗ ਇਸ ਦੀ ਦਿੱਖ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਹੈ। ਪੁਸਤਕ ਵਿੱਚ ਛਪੀਆਂ ਤਸਵੀਰਾਂ ਹੋਰ ਮਨ ਨੂੰ ਮੋਹ ਲੈਣ ਵਾਲੀਆਂ ਹਨ। ਇੱਕ ਸਦੀ ਦਾ ਇਤਿਹਾਸ ਸਮੋਈ ਬੈਠੀ ਇਹ ਪੁਸਤਕ ਫ਼ਿਲਮੀ ਦੁਨੀਆ ਵਿੱਚ ਸੰਘਰਸ਼ ਕਰਨ ਵਾਲੇ ਕਲਾਕਾਰਾਂ ,ਸਾਹਿਤਕਾਰਾਂ, ਗੀਤਕਾਰਾਂ, ਪੱਤਰਕਾਰਾਂ ਅਤੇ ਨਿਰਮਾਤਾਵਾਂ ਦੀਆਂ ਜੀਵਨ ਪ੍ਰਾਪਤੀਆਂ, ਗੁਣਾਂ ਔਗੁਣਾਂ, ਚੰਗਿਆਈਆਂ ਬੁਰਾਈਆਂ, ਨਸੀਹਤਾਂ, ਪਿਆਰ ਮੁਹੱਬਤ, ਟੁੱਟਦੇ ਜੁੜਦੇ ਰਿਸ਼ਤੇ, ਨਵੀਆਂ ਜੋੜੀਆਂ ਦੀਆਂ ਦਿਲਚਸਪ ਬਾਤਾਂ ਪਾਉਂਦੀ ਹੈ। ਲੇਖਕ ਦੀ ਵਾਰਤਕਾਰੀ ਦੇ ਵੰਨ ਸੁਵੰਨੇ ਰੰਗਾਂ ਦਾ ਇੱਕ ਨਮੂਨਾ ਇੱਥੇ ਦੇਖਿਆ ਜਾਣਾ ਜ਼ਰੂਰੀ ਹੈ।
ਮੁਸ਼ਤਾਕ ਸਿੰਘ ਅਤੇ ਜਵੇਦ ਨਸ਼ੇ ਦੀ ਲੋਰ ਵਿੱਚ ਗੱਲਾਂ ਕਰ ਰਹੇ ਹਨ। ਮੁਸ਼ਤਾਕ ਸਿੰਘ ਆਖਦਾ ਹੈ। ਵੰਡ ਵੇਲੇ ਹੋਏ ਦੰਗਿਆਂ ਵਿੱਚ ਕਿਵੇਂ ਦਿੱਲੀ ਦੇ ਕਰੋਲ ਬਾਗ ਵਿੱਚ ਦੋ ਮੁਸਲਮਾਨ ਕੁੜੀਆਂ ਨੂੰ ਜਲ਼ਦੇ ਹੋਏ ਲੁੱਕ ਦੇ ਡਰੰਮ ਵਿੱਚ ਸੁੱਟ ਦਿੱਤਾ ਜਾਂਦਾ ਹੈ। ਮੁਸਲਮਾਨਾਂ ਨੂੰ ਕਿਵੇਂ ਲੱਭ ਲੱਭ ਕੇ ਮਾਰਿਆ ਜਾਂਦਾ ਹੈ। ਇਹ ਸਾਰਾ ਕਹਿਰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਮੁਸ਼ਤਾਕ ਸਿੰਘ ਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਜਵੇਦ ਅਖਤਰ ਆਖਦਾ ਹੈ,’ ਪਿਆਰੇ ਮਿੱਤਰ! ਤੂੰ ਮੈਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾ ਕੇ ਮੁਸਲਿਮ ਲੀਗੀ ਨਹੀਂ ਬਣਾ ਸਕਦਾ। ਤੇਰੀਆਂ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਪਰ ਮੇਰੇ ਅੰਦਰਲਾ ਜਾਵੇਦ ਇਹਨਾਂ ਗੱਲਾਂ ਨੂੰ ਕਬੂਲ ਨਹੀਂ ਕਰਦਾ। ਘੱਟ ਮੁਸਲਮਾਨਾਂ ਨੇ ਵੀ ਨਹੀਂ ਕੀਤੀ। ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਹੁਣ ਇਹ ਵੀ ਮੁੱਦਾ ਹੈ ਜੋ ਮੁਸਲਮਾਨਾਂ ਨੇ ਹਿੰਦੂਆਂ ਅਤੇ ਸਿੱਖਾਂ ਉੱਤੇ ਕਹਿਰ ਢਾਇਆ। ਮੁਸ਼ਤਾਕ ਸਿੰਘ ਹੱਡ ਬੀਤੀ ਸੁਣਾਉਂਦਾ ਹੈ:- ਮੇਰੇ 11 ਜੀਆਂ ਦਾ ਖਾਨਦਾਨ ਸੀ, ਦਸ ਮੇਰੀਆਂ ਅੱਖਾਂ ਦੇ ਸਾਹਮਣੇ ਕਤਲ ਹੋਏ ਸਨ”। ਇਹ ਸੁਣ ਕੇ ਜਵੇਦ ਤੇ ਮੁਸ਼ਤਾਕ ਇੱਕ ਦੂਜੇ ਦੇ ਗਲ਼ੇ ਲੱਗ ਕੇ ਰੋਂਦੇ ਹਨ। ਕੋਈ ਚੁੱਪ ਕਰਾਉਣ ਵਾਲਾ ਨਹੀਂ…। ਲੇਖਕ ਨੇ ਜਿੱਥੇ ਪੁਸਤਕ ਵਿੱਚ ਇਤਿਹਾਸਕ ਤੱਥ ਭਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਉੱਥੇ ਇਸ ਦੇ ਰੰਗਾਂ ਨੂੰ ਹੋਰ ਗੂੜ੍ਹਾ ਕਰਨ ਲਈ ਮੁਹਾਵਰੇਦਾਰ ਬੋਲੀ ਵੀ ਵਰਤੀ ਹੈ। ਜਿਵੇਂ :-
ਕੈਫ਼ੀ ਆਜ਼ਮੀ ਦੇ ਘਰ ਜਾਦੂ ਦਾ ਆਉਣ ਜਾਣ ਕਾਫੀ ਹੋ ਗਿਆ ਸੀ। ਇਸ ਆਉਣ ਜਾਣ ‘ਚ ਹੀ ਸ਼ਬਾਨਾ ਆਜ਼ਮੀ ਦੀ ਅੱਖ ਵਿੱਚ ਸੁਰਮੇ ਦੀ ਜਗ੍ਹਾ ਜਾਦੂ ਵਸ ਗਿਆ ਸੀ। ਹੌਲੀ ਹੌਲੀ ਇਹ ਸੁਰਮੇ ਨੂੰ ਸ਼ਬਾਨਾ ਆਜ਼ਮੀ ਮਟਕਾਉਣ ਲੱਗੀ। ਕੈਫੀ ਆਜ਼ਮੀ ਨੂੰ ਤੇ ਸ਼ਬਾਨਾ ਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਕੈਫੀ ਆਜ਼ਮੀ ਨੇ ਆਪਣੀ ਧੀ ਨੂੰ ਕਿਹਾ ਕਿ ਇਹ ਸਭ ਕੁਝ ਕਰਨ ਦੀਆਂ ਅਜੇ ਪਰਿਸਥਿਤੀਆਂ ਨਹੀਂ ਹਨ। ਮਾਂ ਸ਼ੌਕਤ ਆਜ਼ਮੀ ਨੇ ਕਿਹਾ ਕਿ ਉਹ ਵਿਆਹਿਆ ਵਰਿਆ ਹੈ ਉਸਦੇ ਦੋ ਬੱਚੇ ਹਨ ਤੇ ਤੂੰ ਕੁਆਰੀ’। ਫ਼ਿਲਮਾਂ ਦੇ ਮਸ਼ਹੂਰ ਹੋਏ ਗੀਤਾਂ ਦੀ ਸਿਰਜਣਾ ਜਿਹੜੀਆਂ ਪਰਿਸਥਿਤੀਆਂ ਵਿੱਚ ਹੋਈ ਉਹਨਾਂ ਦਾ ਬਿਆਨ ਵੀ ਇਸ ਪੁਸਤਕ ਵਿੱਚੋਂ ਪੜ੍ਹਿਆ ਜਾ ਸਕਦਾ ਹੈ। ਜਾਣਕਾਰੀ, ਮਨੋਰੰਜਨ, ਇਤਿਹਾਸ, ਗਿਆਨ ਅਤੇ ਸੰਘਰਸ਼ ਦੇ ਕਿੱਸਿਆਂ ਨਾਲ ਸ਼ਿੰਗਾਰੀ ਤੇ ਸੰਵਾਰੀ ਇਹ ਇੱਕ ਕੀਮਤੀ ਪੁਸਤਕ ਹੈ ਜੋ ਹਰ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ। ਲੇਖਕ ਅਜੈ ਤਨਵੀਰ ਜਿੱਥੇ ਸ਼ਾਇਰੀ ਦੀ ਦੁਨੀਆਂ ਦਾ ਸ਼ਾਹ ਅਸਵਾਰ ਬਣਿਆ ਹੈ ਉੱਥੇ ਆਪਣੀ ਇਸ ਪੁਸਤਕ ਨਾਲ ਵਰਤਕਾਰੀ ਦੇ ਖੇਤਰ ਵਿੱਚ ਵੀ ਆਪਣਾ ਇੱਕ ਉੱਚਾ ਤੇ ਸੁੱਚਾ ਮੁਕਾਮ ਸਿਰਜਣ ਵਿੱਚ ਕਾਮਯਾਬ ਹੋਇਆ ਹੈ।
***
ਸੰਪਾਦਕ ਨਿੱਕੀਆਂ ਕਰੂੰਬਲਾਂ
ਮਾਹਿਲਪੁਰ (ਹੁਸ਼ਿਆਰਪੁਰ)
