ਵੈਨਕੂਵਰ ( ਜਸਕਰਨ)-ਬੀਤੇ ਦਿਨੀਂ ਬੀਸੀ ਦੇ ਸ਼ਹਿਰ ਡੈਲਟਾ ਦੇ ਡੈਲਟਾ ਆਰਟਸ ਸੈਂਟਰ ਵਿੱਚ ਪ੍ਰਸਿੱਧ ਰੰਗਕਰਮੀ ਮੱਖਣ ਕ੍ਰਾਂਤੀ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਵਿਤਾਵਾਂ, ਗਜ਼ਲ ਗਇਨ ,ਵਿਚਾਰ ਵਟਾਂਦਰਾ ਅਤੇ ਨਾਟਕ ਦੀ ਪੇਸ਼ਕਾਰੀ ਕੀਤੀ ਗਈ । ਮੱਖਣ ਕ੍ਰਾਂਤੀ ਪੰਜਾਬ ਦੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਜ਼ਿਲਾ ਜਲੰਧਰ ਦਾ ਬਹੁਤ ਪ੍ਰਸਿੱਧ ਰੰਗਕਰਮੀ ਸੀ ਜਿਸਨੇ ਆਪਣੇ ਭਰਾ ਅਤੇ ਨਿਰਦੇਸ਼ਕ ਸੋਢੀ ਰਾਣਾ ਨਾਲ਼ ਮਿਲ਼ ਕੇ ਪੰਜਾਬ ਦੇ ਪਿੰਡਾਂ ਵਿੱਚ ਸ ਗੁਰਸ਼ਰਨ ਸਿੰਘ ਦੀ ਸ਼ੈਲੀ ਵਿੱਚ ਲੰਬਾ ਸਮਾਂ ਰੰਗਮੰਚ ਕੀਤਾ ਅਤੇ 2017 ਵਿੱਚ ਇੱਕ ਸੜਕ ਹਾਦਸੇ ਵਿੱਚ ਦੁਖਦਾਈ ਵਿਛੋੜਾ ਦੇ ਗਿਆ।
ਸਮਾਗਮ ਦੀ ਸ਼ੁਰੂਆਤ ਪ੍ਰੇਮਦੀਪ ਨੇ ਮੱਖਣ ਕ੍ਰਾਂਤੀ ਦੀਆਂ ਦੋ ਗਜ਼ਲਾਂ ਸੁਰੀਲੀ ਆਵਾਜ਼ ਵਿੱਚ ਗਾ ਕੇ ਕੀਤੀ । ਨਿਵੇਦਿਤਾ ਸ਼ਰਮਾ ਨੇ ਆਪਣੀਆਂ ਵਿਲੱਖਣ ਸ਼ੈਲੀ ਦੀਆਂ ਕਵਿਤਾਵਾਂ ਸੁਣਾਈਆਂ। ਬ੍ਰਾਜ਼ੀਲ ਦੇ ਪ੍ਰਸਿੱਧ ਨਾਟਕਕਾਰ ਅਤੇ ਰੰਗਕਰਮੀ ਅਗਸਤੋ ਬੋਅਲ ਦੇ ਕਥਨ “ ਕੋਈ ਵੀ ਨਾਟਕ ਕਰ ਸਕਦਾ ਹੈ , ਇੱਥੋਂ ਤੱਕ ਕਿ ਅਦਾਕਾਰ ਵੀ। ਨਾਟਕ ਕਿਸੇ ਜਗ੍ਹਾ ਵੀ ਹੋ ਸਕਦਾ ਹੈ, ਇੱਥੋਂ ਤੱਕ ਕਿ ਥੀਏਟਰ ਵਿੱਚ ਵੀ।“ ਉਪਰ ਡਾ. ਨਵਦੀਪ ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਨਵਦੀਪ ਨੇ ਅਗਸਤੋ ਬੋਅਲ ਦੇ ਇਸ ਕਥਨ ਨੂੰ ਖੋਲ ਕੇ ਬਹੁਤ ਸਰਲ ਅਰਥਾਂ ਵਿੱਚ ਸਮਝਾਇਆ ਅਤੇ ਥੀਏਟਰ ਨੂੰ ਸਿਰਫ ਮਨੋਰੰਜਨ ਨਾ ਹੋ ਕੇ ਸਮਾਜ ਨੂੰ ਬਦਲਣ ਦਾ ਜ਼ਰੀਆ ਦੱਸਿਆ।ਡਗਲਸ ਕਾਲਜ ਵਿੱਚ ਥੀਏਟਰ ਪੜ੍ਹਾਉਂਦੀ ਪ੍ਰੋਫੈਸਰ ਈਲੇਨ ਐਵੀਲਾ ਨੇ ਅਗਸਤੋ ਬੋਅਲ ਦੇ “ਥੀਏਟਰ ਆਫ ਔਪਰੈਸਡ” ਉਪਰ ਆਪਣੇ ਵਿਚਾਰ ਪੇਸ਼ ਕੀਤੇ । ਪ੍ਰੌਫੈਸਰ ਐਵੀਲਾ ਲੰਬੇ ਸਮੇਂ ਤੋਂ ਵੈਨਕੂਵਰ ਵਿੱਚ ਥੀਏਟਰ ਪੜ੍ਹਾ ਰਹੀ ਹੈ । ਉਹ ਅਮਰੀਕਾ ਦੀ ਜੰਮਪਲ ਹੈ ਬਾਅਦ ਵਿੱਚ ਕੈਨੇਡਾ ਪਰਵਾਸ ਕਰ ਆਈ। ਉਸਦਾ ਪਿਛੋਕੜ ਬ੍ਰਾਜ਼ੀਲ ਨਾਲ਼ ਸਬੰਧਤ ਹੈ । ਉਸਨੇ ਬ੍ਰਾਜ਼ੀਲ ਦੇ ਸੰਦਰਭ ਵਿੱਚ ਅਗਸਤੋ ਬੋਅਲ ਦੇ ਥੀਏਟਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਸਿੱਧ ਸਮਾਜਿਕ ਕਾਰਕੁੰਨ ਕਮਲੇਸ਼ ਅਹੀਰ ਨੇ ਮੱਖਣ ਕ੍ਰਾਂਤੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ । ਉਸਨੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਗੀਤ “ਪੱਕਾ ਘਰ ਟੋਹਲੀਂ ਬਾਬਲਾ ਵੀ ਪੇਸ਼ ਕੀਤਾ। ਮੱਖਣ ਕ੍ਰਾਂਤੀ ਦੀ ਬੇਟੀ ਨੇ ਆਪਣਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਸੋਲੋ ਨਾਟਕ “ ਕਰਾਂਤੀਜੋਤ ਸਾਵਿਤਰੀ ਬਾਈਫੂਲੇ” ਪੇਸ਼ ਕੀਤਾ, ਜਿਸਨੇ ਲਗਭਗ 45 ਮਿੰਟ ਦਰਸ਼ਕਾਂ ਨੂੰ ਉੱਚੀ ਸਾਹ ਨਹੀਂ ਲੈਣ ਦਿੱਤਾ। ਮੱਖਣ ਕ੍ਰਾਂਤੀ ਦੀ ਯਾਦ ਵਿੱਚ ਬਣਾਈ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ।ਸਮਾਗਮ ਦੇ ਅੰਤ ਵਿੱਚ ਉਘੇ ਰੰਗਕਰਮੀ ਤੇ ਟੀਵੀ ਹੋਸਟ ਜਸਕਰਨ ਨੇ ਸਾਰਿਆਂ ਦਾ ਸ਼ਮੂਲੀਅਤ ਲਈ ਧੰਨਵਾਦ ਕੀਤਾ। ਪ੍ਰਸਿੱਧ ਅਦਾਕਾਰਾ ਸਿਮਰਨ ਦੁਆਰਾ ਕੀਤਾ ਮੰਚ ਸੰਚਾਲਨ ਇਸ ਸਮਾਗਮ ਦੀ ਖਾਸ ਖਿੱਚ ਸੀ।ਇਸ ਪੱਧਰ ਦੇ ਵਿਚਾਰ ਵਟਾਂਦਰੇ ਅਤੇ ਪੇਸ਼ਕਾਰੀ ਵਾਲ਼ਾ ਸਮਾਗਮ ਇਸ ਗੱਲ ਦੀ ਗਵਾਹੀ ਹੈ ਕਿ ਬੀਸੀ ਦੇ ਲੋਅਰ ਮੇਨਲੈਂਡ ਇਲਾਕੇ ਵਿੱਚ ਪੰਜਾਬੀ ਰੰਗਮੰਚ ਬਹੁਤ ਮਜ਼ਬੂਤੀ ਨਾਲ਼ ਅੱਗੇ ਵਧ ਰਿਹਾ ਹੈ ਅਤੇ ਕੈਨੇਡਾ ਦੇ ਮੇਨ ਸਟਰੀਮ ਥੀਏਟਰ ਨਾਲ਼ ਸਾਂਝ ਪਾ ਰਿਹਾ ਹੈ।



