ਸੀਟੀਵੀ ਨਾਲ ਇਕ ਤਾਜ਼ਾ ਇੰਟਰਵਿਊ ਦੌਰਾਨ ਖੁਲਾਸਾ-
ਓਟਵਾ-ਆਰ ਸੀ ਐਮ ਪੀ ਕਮਿਸ਼ਨਰ ਮਾਈਕ ਡੂਹੇਮ ਨੇ ਸੀਟੀਵੀ ਨਾਲ ਇਕ ਤਾਜ਼ਾ ਇੰਟਰਵਿਊ ਦੌਰਾਨ ਇਹ ਸਪੱਸ਼ਟ ਕੀਤਾ ਹੈ ਕਿ ਉਹਨਾਂ ਕੋਲ ਪ੍ਰਾਪਤ ਰਿਪੋਰਟਾਂ ਵਿਚ ਕਿਤੇ ਵੀ ਕੋਈ ਅਜਿਹਾ ਪ੍ਰਮਾਣ ਨਹੀ ਕਿ ਕੈਨੇਡਾ ਵਿਚ ਕਿਸੇ ਹਿੰਸਕ ਕਾਰਵਾਈ ਜਾਂ ਕੌਮਾਂਤਰੀ ਦਮਨ ਬਾਰੇ ਕਿਸੇ ਸਰਗਰਮੀ ਵਿਚ ਭਾਰਤ ਦਾ ਕੋਈ ਹੱਥ ਹੈ। ਪ੍ਰਸਿੱਧ ਟੀਵੀ ਹੋਸਟ ਵੈਸੀ ਕੈਪਲੋਸ ਨਾਲ ਗੱਲਬਾਤ ਦੌਰਾਨ ਉਹਨਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ “ਸਾਡੇ ਕੋਲ ਜੋ ਫਾਈਲਾਂ ਹਨ ਜਿਨ੍ਹਾਂ ਵਿੱਚ ਅੰਤਰ-ਰਾਸ਼ਟਰੀ ਦਮਨ ਅਤੇ ਅਪਰਾਧਿਕ ਜਾਣਕਾਰੀ ਮੌਜੂਦ ਹੈ ਪਰ, ਅਸੀਂ ਇਸ ਸਮੇਂ ਕਿਸੇ ਵੀ ਵਿਦੇਸ਼ੀ ਸੰਸਥਾ ਨਾਲ ਕੋਈ ਸਬੰਧ ਨਹੀਂ ਦੇਖ ਰਹੇ। ਜਦੋਂ ਕਈ ਵਾਰ ਪੁੱਛਿਆ ਗਿਆ ਕਿ ਕੀ ਭਾਰਤ ਦੇ ਏਜੰਟਾਂ ਦੁਆਰਾ ਅੰਤਰ-ਰਾਸ਼ਟਰੀ ਦਮਨ ਅਜੇ ਵੀ ਚਿੰਤਾ ਦਾ ਵਿਸ਼ਾ ਹੈ ਤਾਂ ਉਹਨਾਂ ਕਿਹਾ ਕਿ ਇਸ ਸਮੇਂ ਅਜਿਹੀ ਕੋਈ ਰਿਪੋਰਟ ਨਹੀ ਹੈ।
ਆਰ ਸੀ ਐਮ ਪੀ ਕਮਿਸ਼ਨਰ ਦੀਆਂ ਇਹ ਟਿੱਪਣੀਆਂ ਕੈਨੇਡਾ ਅਤੇ ਭਾਰਤ ਵਿਚਾਲੇ ਸਾਲਾਂ ਦੇ ਤਣਾਅ ਤੋਂ ਬਾਅਦ ਸਾਹਮਣੇ ਆਈਆਂ ਹਨ। ਸਾਲ 2023 ਵਿਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧੀ ਕਿਹਾ ਸੀ ਕਿ ਉਹਨਾਂ ਕੋਲ ਭਰੋਸੇਯੋਗ ਜਾਣਕਾਰੀ ਹੈ ਕਿ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡੀਅਨ ਸਿੱਖ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਸ਼ਾਮਲ ਸਨ ਜਦੋਂਕਿ ਭਾਰਤ ਇਹਨਾਂ ਦੋਸ਼ਾਂ ਤੋਂ ਲਗਾਤਾਰ ਇਨਕਾਰ ਕਰਦਾ ਆ ਰਿਹਾ ਹੈ। ਇੱਕ ਸਾਲ ਬਾਅਦ, ਆਰਸੀਐਮਪੀ ਨੇ ਕੈਨੇਡਾ ਵਿੱਚ ਸਥਿਤ ਭਾਰਤੀ ਡਿਪਲੋਮੈਟਾਂ ਅਤੇ ਕੌਂਸਲਰ ਅਧਿਕਾਰੀਆਂ ‘ਤੇ ਇਸ ਦੇਸ਼ ਵਿੱਚ ਗੰਭੀਰ ਅਪਰਾਧਿਕ ਗਤੀਵਿਧੀਆਂ ਨਾਲ ਜੁੜੀਆਂ ਗੁਪਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਸਨ , ਜਿਸ ਵਿੱਚ ਕਤਲ ਅਤੇ ਜਬਰੀ ਵਸੂਲੀ ਦੀਆਂ ਘਟਨਾਵਾ ਵੀ ਸ਼ਾਮਲ ਸਨ।
ਕੈਨੇਡਾ ਨੇ ਬਾਅਦ ਵਿੱਚ ਹਾਈ ਕਮਿਸ਼ਨਰ ਸਮੇਤ ਛੇ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਭਾਰਤ ਨੇ ਵੀ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਕੇ ਜਵਾਬੀ ਕਾਰਵਾਈ ਕੀਤੀ ਸੀ।
ਹੁਣ ਸੀਟੀਵੀ ਨਾਲ ਇੰਟਰਵਿਊ ਦੌਰਾਨ ਆਰ ਸੀ ਐਮ ਪੀ ਕਮਿਸ਼ਨਰ ਨੇ ਸਪੱਸ਼ਟ ਕਿਹਾ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਜਾਂ ਅੰਤਰਰਾਸ਼ਟਰੀ ਦਮਨ ਬਾਰੇ ਸਾਡੇ ਕੋਲ ਮੌਜੂਦ ਫਾਈਲਾਂ ਦੇ ਆਧਾਰ ‘ਤੇ, ਸਾਡੇ ਕੋਲ ਜੋ ਹੈ ਉਹ ਇਹ ਹੈ ਕਿ ਸਾਡੇ ਇਥੇ ਅਜਿਹੇ ਤੱਤ ਹਨ ਜੋ ਲੋਕਾਂ ਨੂੰ ਡਰਾ ਰਹੇ ਹਨ, ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ, ਪਰ ਇਹਨਾਂ ਤੱਤਾਂ ਨੂੰ ਅਸੀ ਕਿਸੇ ਵੀ ਵਿਦੇਸ਼ੀ ਪਛਾਣ ਨਾਲ ਜੋੜ ਨਹੀ ਰਹੇ।
ਇਸ ਦੌਰਾਨ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵਿਦੇਸ਼ੀ ਦਖਲਅੰਦਾਜ਼ੀ ਅਤੇ ਅੰਤਰਰਾਸ਼ਟਰੀ ਦਮਨ ਦੇ ਦੋਸ਼ਾਂ ਦੇ ਵਿਚਾਲੇ ਭਾਰਤ ਨਾਲ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਲਈ ਜ਼ੋਰ ਦੇਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਤੋਂ ਤਣਾਅਪੂਰਨ ਸਬੰਧਾਂ ਦੇ ਬਾਵਜੂਦ, ਕਾਰਨੀ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਜੂਨ ਮਹੀਨੇ ਤੋਂ ਹੁਣ ਤੱਕ ਤਿੰਨ ਵਾਰ ਮਿਲ ਚੁੱਕੇ ਹਨ।
ਪਿਛਲੇ ਮਹੀਨੇ ਪ੍ਰਧਾਨ ਮੰਤਰੀ ਕਾਰਨੀ ਨੇ ਭਾਰਤ ਯਾਤਰਾ ਤੋਂ ਪੱਤਰਕਾਰਾਂ ਵਲੋਂ ਇਹ ਪੁੱਛੇ ਜਾਣ ‘ਤੇ ਕਿ ਕੀ ਕੈਨੇਡੀਅਨ ਅਧਿਕਾਰੀ ਮੰਨਦੇ ਹਨ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਦਖਲਅੰਦਾਜ਼ੀ ਅਜੇ ਵੀ ਹੋ ਰਹੀ ਹੈ ਅਤੇ ਕੀ ਭਾਰਤ ਸਰਕਾਰ ਦਾ ਹਿੰਸਕ ਅਪਰਾਧਾਂ ਨਾਲ ਕੋਈ ਸਬੰਧ ਹੈ, ਦੇ ਜਵਾਬ ਵਿਚ ਉਹਨਾਂ ਕਿਹਾ ਸੀ ਕਿ ਜੇ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਤਾਂ ਮੈਨੂੰ ਨਹੀ ਲੱਗਦਾ ਕਿ ਅਸੀ ਭਾਰਤ ਦੀ ਯਾਤਰਾ ਕਰ ਰਹੇ ਹੁੰਦੇ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਕੈਨੇਡਾ ਕੋਲ “ਖਤਰਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਰੋਕਣ ਲਈ ਸਾਰੀਆਂ ਵਿਧੀਆਂ ਮੌਜੂਦ ਹਨ।
ਜਿਕਰਯੋਗ ਹੈ ਕਿ ਭਾਰੀ ਅਮਰੀਕੀ ਟੈਰਿਫਾਂ ਕਾਰਣ ਕੈਨੇਡਾ ਨਵੇਂ ਵਪਾਰਕ ਭਾਈਵਾਲ ਬਣਾ ਰਿਹਾ ਹੈ। ਇਸ ਤਹਿਤ ਕੈਨੇਡਾ ਵਲੋਂ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਬੜਾਵਾ ਦੇਣ ਲਈ ਪ੍ਰਧਾਨ ਮੰਤਰੀ ਕਾਰਨੀ ਮਾਰਚ ਦੇ ਪਹਿਰੇ ਹਫਤੇ ਭਾਰਤ ਦੌਰੇ ਤੇ ਗਏ ਸਨ। ਭਾਰਤ ਅਤੇ ਕੈਨੇਡਾ ਦੋਵਾਂ ਨੇ ਪਿਛਲੀਆਂ ਗਰਮੀਆਂ ਵਿੱਚ ਦੂਜੇ ਦੇਸ਼ ਵਿੱਚ ਨਵੇਂ ਹਾਈ ਕਮਿਸ਼ਨਰ ਨਿਯੁਕਤ ਕੀਤੇ ਸਨ ਤੇ ਸਬੰਧਾਂ ਨੂੰ ਮੁੜ ਸਥਾਪਿਤ ਕੀਤਾ ਜਾ ਰਿਹਾ ਹੈ।
