Apr 23, 2026

ਐਡਮਿੰਟਨ ( ਗੁਰਪ੍ਰੀਤ ਸਿੰਘ) -ਕੈਨੇਡਾ ਵਿਚ ਪਿਛਲੇ ਇਕ ਹਫਤੇ ਦੌਰਾਨਭਾਰਤੀ ਮੂਲ ਦੇ ਤਿੰਨ ਨੌਜਵਾਨਾਂ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਹੈ।  ਇਨ੍ਹਾਂ ਵਿੱਚੋਂ ਦੋ ਕਤਲ ਦੇ ਮਾਮਲੇ ਹਨ, ਜਦੋਂ ਕਿ ਇੱਕ ਨੌਜਵਾਨ ਦੀ ਮੌਤ ਨੌਜਵਾਨਾਂ ਦੇ ਇਕ ਗਰੁੱਪ ਵਿਚਾਲੇ ਹੋਈ ਲੜਾਈ ਦਾ ਸਿੱਟਾ ਹੈ।

ਐਡਮਿੰਟਨ ਤੋਂ ਨੇੜੇ ਲਡੂਕ ਵਿਚ ਬੀਤੀ 14 ਮਾਰਚ ਨੂੰ 22 ਸਾਲਾ ਬਿਰਿੰਦਰ ਸਿੰਘ ਦੀ ਹਾਈਵੇਅ ‘ਤੇ ਗੱਡੀ ਚਲਾਉਂਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਦੋਂ ਕਿ 13 ਮਾਰਚ ਨੂੰ ਉੱਤਰੀ ਬੈਟਲਫੋਰਡ, ਸਸਕੈਚਵਨ ਵਿੱਚ ਕੰਮ ਵਾਲੀ ਥਾਂ ‘ਤੇ ਗੋਲੀਬਾਰੀ ਦੌਰਾਨ 31 ਸਾਲਾ ਦਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਸੇ ਦਿਨ ਬੀਸੀ ਦੇ ਉਤਰੀ ਪੂਰਬੀ ਸ਼ਹਿਰ ਫੋਰਟ ਸੇਂਟ ਜੌਨ ਦੇ ਬਾਹਰ ਇੱਕ ਝਗੜੇ ਦੌਰਾਨ 25 ਸਾਲਾ ਗੁਰਕੀਰਤ ਸਿੰਘ ਮਨੋਚਾ ਨੂੰ ਬੁਰੀ ਤਰਾਂ ਕਤਲ ਕਰ ਦਿੱਤਾ ਗਿਆ।

ਲਡੂਕ ਵਿਚ ਮਾਰੇ ਗਏ ਬਿਰਿੰਦਰ ਸਿੰਘ ਦੇ ਦੋਸਤਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਉਸਦੀ ਹੱਤਿਆ ਨਸਲੀ ਨਫਰਤ ਦਾ ਮਾਮਲਾ ਹੈ। ਆਰ ਸੀ ਐਮ ਪੀ ਹਵਾਲੇ ਨਾਲ ਐਡਮਿੰਟਨ ਸਿਟੀ ਨਿਊਜ਼ ਪੋਰਟਲ ਨੇ ਸੋਮਵਾਰ ਨੂੰ ਦੱਸਿਆ, “ਜਾਂਚ ਰਾਹੀਂ ਪੁਲੀਸ ਨੂੰ ਪਤਾ ਲੱਗਾ ਹੈ ਕਿ ਸਿਵਿਕ ਕਾਰ ਵੱਲ ਬਾਹਰੋਂ ਗੋਲੀ ਚਲਾਈ ਗਈ ਸੀ, ਜਿਸ ਦੇ ਨਤੀਜੇ ਵਜੋਂ ਡਰਾਈਵਰ ਦੀ ਮੌਤ ਹੋ ਗਈ।

ਸੇਂਟ ਜੌਹਨ ਵਿਚ  ਗੁਰਕੀਰਤ ਸਿੰਘ ਮਨੋਚਾ ਦੀ ਹੱਤਿਆ-

ਦੂਜੇ ਮਾਮਲੇ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ, ਵਿਦਿਆਰਥੀ ਗੁਰਕੀਰਤ ਸਿੰਘ ਮਨੋਚਾ, ਜੋ ਬਿਜ਼ਨਸ ਮੈਨੇਜਮੈਂਟ ਦੀ ਡਿਗਰੀ ਲੈਣ ਲਈ ਫੋਰਟ ਸੇਂਟ ਜੌਨ ਆਇਆ ਸੀ, ਸ਼ੁੱਕਰਵਾਰ ਰਾਤ ਲਗਪਗ 11:10 ਵਜੇ ਚਾਰਲੀ ਲੇਕ ਬੋਟ ਰੈਂਪ ‘ਤੇ ਇੱਕ ਝਗੜੇ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਪੁਲਿਸ ਅਧਿਕਾਰੀ ਉੱਥੇ ਪਹੁੰਚੇ ਤਾਂ ਉਸ ਨੂੰ ਗੰਭੀਰ ਹਾਲਤ ਵਿੱਚ ਪਾਇਆ, ਅਤੇ ਐਮਰਜੈਂਸੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਗੁਰਕੀਰਤ ਭਾਰਤ ਦੇ ਉਜੈਨ ਤੋਂ ਫੋਰਟ ਸੇਂਟ ਜੌਨ ਕਾਲਜ ਵਿੱਚ ਪੜ੍ਹਨ ਲਈ ਆਇਆ ਸੀ।

ਮੋਗਾ ਦੇ ਦਵਿੰਦਰ ਸਿੰਘ ਦਾ ਸੈਸਕੈਚਵਨ ਵਿਚ ਕਤਲ-

ਤੀਜੇ ਮਾਮਲੇ ਵਿੱਚ ਦਵਿੰਦਰ ਸਿੰਘ 13 ਮਾਰਚ ਨੂੰ ਕ੍ਰਾਊਨ ਕੈਬ ਲਈ ਗੱਡੀ ਚਲਾ ਰਿਹਾ ਸੀ ਜਦੋਂ ਉਸ ਨੇ ਹਿਚਿੰਗ ਪੋਸਟ ਮੋਟਲ ਤੋਂ ਇੱਕ ਕਾਲ ਦਾ ਜਵਾਬ ਦਿੱਤਾ। ਦਵਿੰਦਰ ਨੂੰ ਪਤਾ ਨਹੀਂ ਸੀ ਕਿ ਇਹ ਉਸਦੀ ਆਖਰੀ ਸਵਾਰੀ ਹੋਵੇਗੀ ਅਤੇ ਬਾਅਦ ਵਿੱਚ ਸਵੇਰੇ 8 ਵਜੇ ਤੋਂ ਪਹਿਲਾਂ,ਆਰ ਸੀ ਐਮ ਪੀ ਨੂੰ ਮੋਟਲ ਵਿੱਚ ਇੱਕ ਜ਼ਖਮੀ ਵਿਅਕਤੀ ਦੀ ਰਿਪੋਰਟ ਮਿਲੀ।

ਦਵਿੰਦਰ ਸਿੰਘ ਪਾਰਕਿੰਗ ਵਿੱਚ ਬੇਹੋਸ਼ ਪਾਇਆ ਗਿਆ ਅਤੇ ਪੈਰਾਮੈਡਿਕਸ ਵੱਲੋਂ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਸਸਕੈਚਵਨ ਟੂਡੇ ਨਿਊਜ਼ ਪੋਰਟਲ ਨੇ ਆਰ ਸੀ ਐਮ ਪੀ ਦੇ ਹਵਾਲੇ ਨਾਲ ਦੱਸਿਆ ਕਿ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਦੋ ਮੁਲਜ਼ਮਾਂ ਵਿੱਚੋਂ ਇੱਕ ਨੇ ਕਥਿਤ ਤੌਰ ‘ਤੇ ਕਾਰੋਬਾਰੀ ਸਥਾਨ ‘ਤੇ ਇੱਕ ਹੋਰ ਵਿਅਕਤੀ ‘ਤੇ ਹਮਲਾ ਕੀਤਾ ਅਤੇ ਹਥਿਆਰ ਤਾਣਿਆ, ਅਤੇ ਮਿਲ ਕੇ ਉਨ੍ਹਾਂ ਨੇ ਕਥਿਤ ਤੌਰ ‘ਤੇ ਉਸ ਵਿਅਕਤੀ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ।

ਦਵਿੰਦਰ ਸਿੰਘ ਦੇ ਕਤਲ ਦੇ ਸਬੰਧ ਵਿੱਚ ਦੋ 19 ਸਾਲਾ ਨੌਜਵਾਨਾਂ, ਕੋਜੈਕ ਐਡਮਜ਼ ਅਤੇ ਗੈਰੇਨ ਬੈਪਟਿਸਟ ‘ਤੇ ਦੋਸ਼ ਲਾਏ ਗਏ ਹਨ। ਮੁਲਜ਼ਮਾਂ ਨੂੰ 30 ਮਾਰਚ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।