ਸੰਗਤੀ ਗਰੁੱਪ ਵਲੋਂ ਮੌਜੂਦਾ ਪ੍ਰਧਾਨ ਅਮਨਦੀਪ ਸਿੰਘ ਜੌਹਲ ਤੇ ਕਮੇਟੀ ਖਿਲਾਫ ਨਵੀਂ ਮੈਂਬਰਸ਼ਿਪ ਤੇ ਚੋਣ ਕਰਵਾਉਣ ਤੋਂ ਟਾਲਾ ਵੱਟਣ ਦੇ ਦੋਸ਼-
ਗੁਰੂ ਨਾਨਕ ਸਿੱਖ ਸਕੂਲ ਦੇ ਪ੍ਰਬੰਧ ਵਿਚ ਵੀ ਬੇਨਿਯਮੀਆਂ ਦੀ ਸ਼ੰਕਾ-ਕਮੇਟੀ ਤੋਂ ਵਰਕਰ ਸਪਾਂਸਰਸ਼ਿਪਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਮੰਗੀ-
ਕਮੇਟੀ ਤੋਂ ਜਵਾਬਦੇਹੀ ਲਈ 29 ਮਾਰਚ ਨੂੰ ਵਿਸ਼ਾਲ ਇਕੱਤਰਤਾ ਦਾ ਐਲਾਨ-
ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਵਿਚ ਵਸਦੇ ਸਿੱਖ ਭਾਈਚਾਰੇ ਦੇ ਸੰਗਤੀ ਗਰੁੱਪ ਵਲੋਂ ਇਥੇ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੀ ਐਗਜੈਕਟਿਵ ਕਮੇਟੀ ਦੀ ਮਿਆਦ ਖਤਮ ਹੋਣ, ਨਵੀਂ ਮੈਂਬਰਸ਼ਿਪ ਨਾ ਕਰਨ, ਸਾਲਾਨਾ ਵਿੱਤੀ ਰਿਪੋਰਟ ਵਿਚ ਖਾਮੀਆਂ, ਪਾਰਦਸ਼ਤਾ ਦੀ ਘਾਟ ਅਤੇ ਪ੍ਰਬੰਧ ਵਿਚ ਬੇਨਿਯਮੀਆਂ ਨੂੰ ਲੈਕੇ ਮੌਜੂਦਾ ਪ੍ਰਧਾਨ ਅਤੇ ਐਗਜੈਕਟਿਵ ਕਮੇਟੀ ਖਿਲਾਫ ਗੰਭੀਰ ਦੋਸ਼ ਲਗਾਏ ਹਨ।
ਸੰਗਤੀ ਬੋਰਡ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਮੌਜੂਦਾ ਐਗਜੈਕਟਿਵ ਕਮੇਟੀ ਦੀ ਮਿਆਦ 31 ਦਸੰਬਰ 2025 ਨੂੰ ਖਤਮ ਹੋ ਚੁੱਕੀ ਹੈ ਪਰ ਮੌਜੂਦਾ ਪ੍ਰਧਾਨ ਅਮਨਦੀਪ ਸਿੰਘ ਜੌਹਲ ਅਤੇ ਉਸਦੇ ਸਾਥੀ ਕਮੇਟੀ ਉਪਰ ਕਬਜ਼ਾ ਜਮਾਕੇ ਬੈਠੇ ਹਨ ਤੇ ਨਵੀਂ ਚੋਣ ਲਈ ਨਵੀਂ ਭਰਤੀ ਕੀਤੇ ਜਾਣ ਦੇ ਸਾਰੇ ਵਾਅਦਿਆਂ ਤੋਂ ਭੱਜ ਗਏ ਹਨ। ਸੰਗਤੀ ਗਰੁੱਪ ਵਲੋਂ ਗੁਰਦੁਆਰਾ ਪ੍ਰਬੰਧ ਨਾਲ ਸਬੰਧਿਤ ਮੁੱਦਿਆਂ ਦੇ ਹੱਲ ਲਈ 1 ਫਰਵਰੀ ਤੇ 16 ਫਰਵਰੀ 2026 ਨੂੰ ਪ੍ਰਧਾਨ ਅਤੇ ਸੁਸਾਇਟੀ ਦੇ ਵਕੀਲ ਨੂੰ ਪੱਤਰ ਲਿਖੇ ਗਏ ਹਨ ਪਰ ਉਹਨਾਂ ਦਾ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਆਗੂਆਂ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ 2019 ਵਿਚ ਕੀਤੀ ਗਈ ਸਰਬਸੰਮਤੀ ਨਾਲ ਚੋਣ ਵਿਚ ਸ ਹਰਦੀਪ ਸਿੰਘ ਨਿੱਝਰ ਨੂੰ ਪ੍ਰਧਾਨ ਚੁਣਿਆ ਗਿਆ ਸੀ। ਸ ਨਿੱਝਰ ਦੀ ਸ਼ਹਾਦਤ ਉਪਰੰਤ ਅਮਨਦੀਪ ਸਿੰਘ ਜੌਹਲ ਪ੍ਰਧਾਨ ਬਣੇ। ਪਰ ਹੁਣ ਸੰਗਤਾਂ ਦੀ ਮੰਗ ਮੁਤਾਬਿਕ ਪ੍ਰਧਾਨ ਅਤੇ ਨਵੀਂ ਕਮੇਟੀ ਦੀ ਚੋਣ ਨਹੀਂ ਕਰਵਾਈ ਜਾ ਰਹੀ ਬਲਕਿ ਜੌਹਲ ਅਤੇ ਉਸਦੇ ਸਾਥੀ ਕਮੇਟੀ ਉਪਰ ਕਬਜਾ ਜਮਾਕੇ ਨਵੀਂ ਚੋਣ ਕਰਵਾਉਣ ਤੋਂ ਆਨਾਕਾਨੀ ਕਰ ਰਹੇ ਹਨ। ਉਹਨਾਂ ਦੱਸਿਆ ਕਿ 18 ਮੈਂਬਰੀ ਐਗਜੈਕਟਿਵ ਕਮੇਟੀ 2023 ਤੋਂ ਦੋ ਧੜਿਆਂ ਵਿਚ ਵੰਡੀ ਹੋਈ ਹੈ। ਕਮੇਟੀ ਦੇ 7 ਮੈਂਬਰ ਜਿਹਨਾਂ ਵਿਚ ਮੀਤ ਪ੍ਰਧਾਨ ਗੁਰਮੀਤ ਸਿੰਘ ਗਿੱਲ ਤੇ ਸਹਾਇਕ ਸੈਕਟਰੀ ਗੁਰਮੀਤ ਸਿੰਘ ਤੂਰ ਸ਼ਾਮਿਲ ਹਨ, ਸੰਗਤਾਂ ਦੀ ਮੰਗ ਨਾਲ ਸਹਿਮਤ ਹਨ ਜਦੋਂਕਿ ਪ੍ਰਧਾਨ ਤੇ ਬਾਕੀ ਮੈਂਬਰ ਮਨਮਾਨੀਆਂ ਕਰ ਰਹੇ ਹਨ। ਕਮੇਟੀ ਨੇ ਅਪ੍ਰੈਲ 2025ਤੋਂ 30 ਜੂਨ 2025 ਤੱਕ ਨਵੀਂ ਮੈਂਬਰਸ਼ਿਪ ਕਰਨੀ ਸੀ ਜੋ ਨਿਰਪੱਖਤਾ ਤੇ ਪਾਰਦਰਸ਼ਤਾ ਦੀ ਘਾਟ ਕਾਰਣ ਸਿਰੇ ਨਹੀ ਚੜੀ। ਨਵੰਬਰ 2025 ਵਿਚ ਪ੍ਰਧਾਨ ਜੌਹਲ ਨੇ ਵਾਅਦਾ ਕੀਤਾ ਸੀ ਮਾਰਚ 2026 ਵਿਚ ਨਵੀਂ ਮੈਂਬਰਸ਼ਿਪ ਕੀਤੀ ਜਾਵੇਗੀ ਪਰ ਇਹ ਵਾਅਦਾ ਵੀ ਹੁਣ ਤੱਕ ਪੂਰਾ ਨਹੀ ਹੋ ਸਕਿਆ। ਆਗੂਆਂ ਨੇ ਗੁਰਦੁਆਰਾ ਪ੍ਰਬੰਧ ਵਿਚ ਵਿੱਤੀ ਬੇਨਿਯਮੀਆਂ ਦਾ ਦੋਸ਼ ਲਗਾਉਂਦਿਆਂ ਦੱਸਿਆ ਕਿ 20 ਦਸੰਬਰ 2025 ਨੂੰ ਸਾਲਾਨਾ ਜਨਰਲ ਮੀਟਿੰਗ ਦੌਰਾਨ ਕਮੇਟੀ ਵਲੋਂ ਜੋ ਫਾਈਨੈਂਸ਼ੀਅਲ ਰਿਪੋਰਟ ਪੇਸ਼ ਕੀਤੀ ਗਈ ਉਸ ਉਪਰ ਸੰਗਤਾਂ ਨੇ ਕਈ ਇਤਰਾਜ ਉਠਾਏ ਪਰ ਕਮੇਟੀ ਵਲੋਂ ਸੋਧੀ ਹੋਈ ਰਿਪੋਰਟ ਅੱਜ ਤੱਕ ਪੇਸ਼ ਨਹੀ ਕੀਤੀ ਗਈ। ਉਹਨਾਂ ਗੁਰਦੁਆਰਾ ਪ੍ਰਬੰਧ ਅਧੀਨ ਚਲਾਏ ਜਾ ਰਹੇ ਗੁਰੂ ਨਾਨਕ ਸਿੱਖ ਸਕੂਲ ਦੇ ਪ੍ਰਬੰਧ ਵਿਚ ਵੀ ਬੇਨਿਯਮੀਆਂ ਦੇ ਦੋਸ਼ ਲਗਾਏ ਹਨ। ਉਹਨਾਂ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਸਕੂਲ ਡਾਇਰੈਕਟਰਾਂ ਦੀ ਮਹੀਨਾਵਾਰ ਕੋਈ ਮੀਟਿੰਗ ਨਹੀ ਕੀਤੀ ਗਈ। ਏਜੀਐਮ ਦੌਰਾਨ ਫਰਵਰੀ 2026 ਵਿਚ ਸਕੂਲ ਦੇ ਪ੍ਰਬੰਧ ਅਤੇ ਵਿੱਤੀ ਹਾਲਾਤ ਬਾਰੇ ਮੀਟਿੰਗ ਕਰਨ ਦਾ ਐਲਾਨ ਕੀਤਾ ਸੀ ਪਰ ਸੈਕਟਰੀ ਵਲੋਂ ਇਸ ਫੈਸਲੇ ਨੂੰ ਮਿਥੀ ਮਿਤੀ 7 ਮਾਰਚ ਉਪਰੰਤ ਵੀ ਟਾਲ ਦਿੱਤਾ ਗਿਆ। ਸੰਗਤੀ ਆਗੂਆਂ ਨੇ ਗੁਰਦੁਆਰਾ ਕਮੇਟੀ ਵਲੋਂ ਪਿਛਲੇ ਸਾਲਾਂ ਦੌਰਾਨ ਇੰਡੀਆ ਜਾਂ ਹੋਰ ਮੁਲਕਾਂ ਤੋਂ ਮੰਗਵਾਏ ਗਏ ਧਾਰਮਿਕ ਪ੍ਰਚਾਰਕਾਂ ਲਈ ਵਰਕਰ ਸਪਾਂਸਰਸ਼ਿਪਾਂ ਵਿਚ ਪਾਰਦਰਸ਼ਤਾ ਦੀ ਕਮੀ ਤੇ ਉਂਗਲ ਉਠਾਉਂਦਿਆਂ ਇਸਦੀ ਵਿਸਥਾਰਤ ਜਾਣਕਾਰੀ ਦੀ ਵੀ ਮੰਗ ਕੀਤੀ ਹੈ।
ਗੁਰਦੁਆਰਾ ਪ੍ਰਬੰਧ ਵਿਚ ਬੇਨਿਯਮੀਆਂ ਤੇ ਪਾਰਦਰਸ਼ਤਾ ਤੇ ਸਵਾਲ ਕਰਦਿਆਂ ਸੰਗਤੀ ਗਰੁੱਪ ਨੇ ਇਕ ਵਿਸ਼ਾਲ ਇਕੱਤਰਤਾ 29 ਮਾਰਚ ਨੂੰ ਦੁਪਹਿਰ 12.30 ਵਜੇ ਗੁਰਦੁਆਰਾ ਸਾਹਿਬ ਵਿਖੇ ਸੱਦਣ ਦਾ ਐਲਾਨ ਕੀਤਾ ਹੈ। ਉਹਨਾਂ ਸਮੂਹ ਸੰਗਤਾਂ ਨੂੰ ਇਸ ਇਕੱਤਰਤਾ ਵਿਚ ਪੁੱਜਣ ਅਤੇ ਆਪਣੇ ਸੁਝਾਅ ਦੇਣ ਦੀ ਅਪੀਲ ਕੀਤੀ ਹੈ।
ਇਸ ਪ੍ਰੈਸ ਕਾਨਫਰੰਸ ਦੌਰਾਨ ਸੰਗਤੀ ਗਰੁੱਪ ਵਲੋਂ ਸ ਕਰਨੈਲ ਸਿੰਘ ਰਾਏ, ਰਘਬੀਰ ਸਿੰਘ, ਜਸਬੀਰ ਸਿੰਘ ਚੱਠਾ, ਜਗਤਾਰ ਸਿੰਘ, ਜਸਬੀਰ ਸਿੰਘ ਬਰਾੜ, ਤਰਨਜੀਤ ਸਿੰਘ, ਗੁਰਬਚਨ ਸਿੰਘ, ਜਸਦੀਪ ਸਿੰਘ, ਗੁਰਦੀਪ ਸਿੰਘ ਕੰਦੋਲਾ, ਅਵਤਾਰ ਸਿੰਘ, ਸੁਖਰਾਜ ਸਿੰਘ ਬੱਲ, ਤਰਲੋਚਨ ਸਿੰਘ, ਬਲਦੀਪ ਸਿੰਘ, ਧਰਮ ਸਿੰਘ, ਜਸਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਵਰਿੰਦਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਗਿੱਲ, ਗੁਰਮੀਤ ਸਿੰਘ ਤੂਰ, ਮਹਿਤਾਬ ਸਿੰਘ ਗਿੱਲ, ਅਵਤਾਰ ਸਿੰਘ ਖਹਿਰਾ ਤੇ ਰਾਜਿੰਦਰ ਸਿੰਘ ਨੱਤ ਹਾਜ਼ਰ ਸਨ।
ਜਿਕਰਯੋਗ ਹੈ ਕਿ ਸਰੀ ਵਿਚ ਸਥਿਤ ਇਹ ਗੁਰੂ ਨਾਨਕ ਸਿੱਖ ਗੁਰਦੁਆਰਾ ਉਹੀ ਸਥਾਨ ਹੈ ਜਿਸਦੇ ਪ੍ਰਧਾਨ ਸਿੱਖ ਆਗੂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਰਹੇ ਹਨ ਤੇ ਅੱਜਕੱਲ ਇਸ ਸਥਾਨ ਨੂੰ ਖਾਲਿਸਤਾਨੀ ਲਹਿਰ ਦੇ ਹੈਡਕੁਆਰਟਰ ਵਜੋਂ ਪ੍ਰਚਾਰਿਆ ਜਾਂਦਾ ਹੈ।



