ਲਾਲਾ ਕੇਦਾਰਨਾਥ ਸਹਿਗਲ ਦੀ ਯਾਦ ਵਿਚ ਯੂਨੀਵਰਸਿਟੀ ਬਣਾਉਣ ਦੀ ਮੰਗ-
ਚੰਡੀਗੜ੍ਹ-: ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਦੇ ਪ੍ਰਧਾਨ ਅਤੇ ਸਰੀ ਵਿਚ ਗ਼ਦਰੀ ਬਾਬਿਆਂ ਦੀ ਯਾਦ ਵਿਚ ਮੇਲਾ ਕਰਵਾਉਣ ਵਾਲੇ ਸਾਹਿਬ ਸਿੰਘ ਥਿੰਦ ਨੇ ਆਪਣੇ ਭਾਰਤ ਦੌਰੇ ਦੌਰਾਨ ਬੀਤੀ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਡਾ. ਪ੍ਰੀਤਮ ਸਿੰਘ ਡੋਡ ਦੇ ਵਿਸ਼ੇਸ਼ ਉਦਮ ਨਾਲ ਹੋਈ ਇਸ ਮੀਟਿੰਗ ਦੌਰਾਨ ਹਰਿਆਣਾ ਦੇ ਸਪੀਕਰ ਹਰਵਿੰਦਰ ਕਲਿਆਣ ਵੀ ਹਾਜ਼ਰ ਸਨ। ਇਸ ਮੌਕੇ ਸਾਹਿਬ ਸਿੰਘ ਥਿੰਦ ਨੇ ਮੁੱਖ ਮੰਤਰੀ ਨੂੰ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੀ ਸੰਭਾਲ ਅਤੇ ਪ੍ਰਚਾਰ ਨਾਲ ਸਬੰਧਤ ਕਈ ਮੰਗਾਂ ਤੋਂ ਜਾਣੂ ਕਰਵਾਇਆ।
ਇਸ ਮੌਕੇ ਥਿੰਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਉਹਨਾਂ ਦੀਆਂ ਮੰਗਾਂ ਪ੍ਰਤੀ ਵਿਖਾਈ ਗਈ ਗਰਮਜੋਸ਼ੀ ਅਤੇ ਸਾਕਾਰਤਮਕ ਪਹੁੰਚ ਲਈ ਵਿਸ਼ੇਸ਼ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਸਾਹਿਬ ਥਿੰਦ ਜੋ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ ਅਤੇ ਹੋਰ ਇਨਕਲਾਬੀਆਂ ਦੀਆਂ ਕੁਰਬਾਨੀਆਂ ਦੇ ਸਨਮਾਨ ਲਈ ਇੱਕ ਵਿਸ਼ਵਵਿਆਪੀ ਪਹਿਲਕਦਮੀ ਦੀ ਅਗਵਾਈ ਕਰ ਰਹੇ ਹਨ। ਇਸ ਪਹਿਲਕਦਮੀ ਤਹਿਤ, ਕੈਨੇਡਾ ਦੇ ਸਰੀ ਵਿੱਚ ਹਰ ਸਾਲ “ਗ਼ਦਰੀ ਬਾਬਾ ਮੇਲਾ” ਆਯੋਜਿਤ ਕੀਤਾ ਜਾਂਦਾ ਹੈ, ਜਿੱਥੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਇਕ ਮੰਗ ਪੱਤਰ ਸੌਂਪਿਆ ਜਿਸ ਵਿਚ ਮੰਗ ਕੀਤੀ ਗਈ ਕਿ ਆਜ਼ਾਦੀ ਘੁਲਾਟੀਏ ਅਤੇ “ਪਗੜੀ ਸੰਭਾਲ ਜੱਟਾ” ਲਹਿਰ ਦੇ ਨੇਤਾ ਲਾਲਾ ਕੇਦਾਰਨਾਥ ਸਹਿਗਲ ਨੂੰ ਬਣਦੀ ਮਾਨਤਾ ਦਿੱਤੀ ਜਾਵੇ। ਇਸ ਲਈ ਅੰਬਾਲਾ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਯੂਨੀਵਰਸਿਟੀ ਸਥਾਪਿਤ ਕਰਨ ਅਤੇ ਆਜ਼ਾਦੀ ਸੰਘਰਸ਼ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ।
ਲਾਲਾ ਕੇਦਾਰਨਾਥ ਸਹਿਗਲ ਕੌਣ ਸਨ ?
ਥਿੰਦ ਦੇ ਅਨੁਸਾਰ, ਲਾਲਾ ਕੇਦਾਰਨਾਥ ਸਹਿਗਲ ਸਿਰਫ਼ 11 ਸਾਲ ਦੀ ਉਮਰ ਵਿੱਚ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋਏ ਅਤੇ ਲਗਭਗ 26 ਸਾਲ ਅੰਗੇਰਜਾਂ ਦੀ ਕੈਦ ਵਿਚ ਬਿਤਾਏ। ਉਹ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਜ਼ਦੀਕੀ ਸਾਥੀ ਸਨ ਅਤੇ ਸਰਦਾਰ ਅਜੀਤ ਸਿੰਘ ਅਤੇ ਸੂਫੀ ਅੰਬਾ ਪ੍ਰਸਾਦ ਵਰਗੇ ਆਗੂਆਂ ਦੇ ਨਾਲ 1907 ਦੇ “ਪਗੜੀ ਸੰਭਾਲ ਜੱਟਾ” ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਨੇ 1928 ਵਿੱਚ ਨੌਜਵਾਨ ਭਾਰਤ ਸਭਾ ਦੇ ਪਹਿਲੇ ਸੰਮੇਲਨ ਦੀ ਪ੍ਰਧਾਨਗੀ ਵੀ ਕੀਤੀ। ਸਹਿਗਲ ਨੂੰ “ਸਿਆਹਪੋਸ਼ ਜਨਰਲ” ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਉਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਮਿਲਣ ਤੱਕ ਬ੍ਰਿਟਿਸ਼ ਸ਼ਾਸਨ ਦੇ ਵਿਰੋਧ ਵਿੱਚ ਕਾਲੇ ਕੱਪੜੇ ਪਹਿਨਣ ਦੀ ਆਪਣੀ ਜ਼ਿੰਦਗੀ ਭਰ ਦੀ ਸਹੁੰ ਖਾਧੀ ਸੀ। ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਵੀ ਇਸ ਵਚਨਬੱਧਤਾ ਨੂੰ ਕਾਇਮ ਰੱਖਿਆ, ਅਤੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ, ਉਨ੍ਹਾਂ ਦਾ ਸਸਕਾਰ ਵੀ ਕਾਲੇ ਰੰਗ ਦੇ ਕਫਨ ਵਿੱਚ ਕੀਤਾ ਗਿਆ। ਉਨ੍ਹਾਂ ਦਾ ਦੇਹਾਂਤ 1963 ਵਿੱਚ ਹੋਇਆ ਸੀ। ਉਨ੍ਹਾਂ ਦੀ ਮੌਤ ਦੇ ਸਮੇਂ ਸ਼ਰਧਾਂਜਲੀ ਭੇਟ ਕਰਦੇ ਹੋਏ, ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਟਿੱਪਣੀ ਕੀਤੀ ਸੀ ਕਿ “ਇੱਕ ਤਾਰਾ ਜੋ 50 ਸਾਲਾਂ ਤੋਂ ਦੇਸ਼ ਦੇ ਅਸਮਾਨ ਵਿੱਚ ਚਮਕ ਰਿਹਾ ਸੀ, ਅੱਜ ਡੁੱਬ ਗਿਆ ਹੈ।
ਥਿੰਦ ਨੇ ਉਮੀਦ ਪ੍ਰਗਟ ਕੀਤੀ ਕਿ ਹਰਿਆਣਾ ਸਰਕਾਰ ਇਸ ਮਹਾਨ ਆਜ਼ਾਦੀ ਘੁਲਾਟੀਏ ਦੀ ਯਾਦ ਵਿਚ ਯੂਨੀਵਰਸਿਟੀ ਸਥਾਪਤ ਕਰਕੇ ਸਨਮਾਨਿਤ ਕਰੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀ ਵਿਰਾਸਤ ਤੋਂ ਪ੍ਰੇਰਿਤ ਕਰੇਗੀ।
