ਸਰਬੱਤ ਦਾ ਭਲਾ ਦੇ ਸਿਧਾਂਤ ਤੋਂ ਅਣਜਾਣ ਨੇ ਨਫਰਤ ਦੇ ਵਣਜਾਰੇ-
–ਮਨਿੰਦਰ ਸਿੰਘ ਗਿੱਲ *–
ਸਰੀ- ਪੰਜਾਬ ਦੀ ਧਰਤੀ ਨੇ ਹਮੇਸ਼ਾਂ ਪਿਆਰ, ਭਾਈਚਾਰੇ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਇਹ ਉਹ ਮਿੱਟੀ ਹੈ ਜਿੱਥੇ ਗੁਰੂਆਂ, ਸੂਫੀਆਂ ਅਤੇ ਸੰਤਾਂ ਨੇ ਮਨੁੱਖਤਾ ਨੂੰ ਜੋੜਨ ਦੀ ਗੱਲ ਕੀਤੀ। ਸਿੱਖੀ ਦਾ ਮੂਲ ਸਿਧਾਂਤ “ਸਰਬੱਤ ਦਾ ਭਲਾ” ਹੈ, ਜੋ ਹਰ ਧਰਮ, ਹਰ ਜਾਤ ਅਤੇ ਹਰ ਇਨਸਾਨ ਦੀ ਭਲਾਈ ਦੀ ਗੱਲ ਕਰਦਾ ਹੈ। ਪਰ ਖਾਲਿਸਤਾਨ ਦੀ ਵਿਚਾਰਧਾਰਾ ਇਸੇ ਸਿੱਖੀ ਦੇ ਮੂਲ ਸਿਧਾਂਤਾਂ ਦੇ ਖਿਲਾਫ ਖੜ੍ਹੀ ਨਜ਼ਰ ਆਉਂਦੀ ਹੈ।
ਖਾਲਿਸਤਾਨ ਦੀ ਸੋਚ ਨਫਰਤ, ਵੰਡ ਅਤੇ ਹਿੰਸਾ ਨੂੰ ਜਨਮ ਦਿੰਦੀ ਹੈ। ਇਹ ਵਿਚਾਰਧਾਰਾ ਪੰਜਾਬ ਦੀ ਸਾਂਝੀ ਸੰਸਕ੍ਰਿਤੀ ਅਤੇ ਪੰਜਾਬੀਅਤ ਦੇ ਅਸਲ ਰੂਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਪੰਜਾਬ ਦੀ ਪਹਿਚਾਣ ਕਦੇ ਵੀ ਤੰਗ ਸੋਚ ਜਾਂ ਵੰਡਵਾਦ ਨਾਲ ਨਹੀਂ ਰਹੀ। ਪੰਜਾਬ ਨੇ ਹਮੇਸ਼ਾਂ ਹਰ ਕਿਸੇ ਨੂੰ ਗਲੇ ਲਾਇਆ ਹੈ, ਭਾਵੇਂ ਉਹ ਕਿਸੇ ਵੀ ਧਰਮ ਜਾਂ ਭਾਈਚਾਰੇ ਨਾਲ ਸੰਬੰਧਿਤ ਹੋਵੇ। ਸਾਡੇ ਤਾਂ ਧਰਮ ਅਸਥਾਨਾਂ ਦੇ ਚਾਰ ਦਰਵਾਜ਼ੇ ਇਸੇ ਸੰਕਲਪ ਦੇ ਪ੍ਰਤੀਕ ਹਨ।
ਜਦੋਂ ਪੰਜਾਬ ਵਿੱਚ ਖਾਲਿਸਤਾਨੀ ਅੱਤਵਾਦ ਦਾ ਦੌਰ ਸੀ, ਉਸ ਵੇਲੇ ਪੰਜਾਬ ਨੇ ਆਪਣਾ ਸਭ ਤੋਂ ਦਰਦਨਾਕ ਸਮਾਂ ਆਪਣੇ ਪਿੰਡੇ ‘ਤੇ ਹੰਢਾਇਆ। ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ, ਪਰਿਵਾਰ ਉਜੜ ਗਏ ਅਤੇ ਪੰਜਾਬ ਦੀ ਅਰਥਵਿਵਸਥਾ ਤਬਾਹ ਹੋ ਗਈ। ਪੰਜਾਬੀ ਕਲਾ ਅਤੇ ਸੱਭਿਆਚਾਰ ਨਾਲ ਜੁੜੇ ਅਨੇਕਾਂ ਪੰਜਾਬੀ ਕਲਾਕਾਰ ਵੀ ਇਸ ਅੱਤਵਾਦ ਦਾ ਸ਼ਿਕਾਰ ਬਣੇ। ਕਈ ਪੰਜਾਬੀ ਕਲਾਕਾਰਾਂ ਨੂੰ ਆਪਣਾ ਗਾਇਕੀ ਅਤੇ ਕਲਾ ਦਾ ਕੰਮ ਛੱਡ ਕੇ ਆਟਾ ਚੱਕੀਆਂ ਜਾਂ ਹੋਰ ਛੋਟੇ ਰੋਜ਼ਗਾਰ ਕਰਨ ਲਈ ਮਜਬੂਰ ਹੋਣਾ ਪਿਆ, ਕਿਉਂਕਿ ਅੱਤਵਾਦ ਦੇ ਡਰ ਨੇ ਰਚਨਾਤਮਕ ਆਵਾਜ਼ਾਂ ਨੂੰ ਚੁੱਪ ਕਰਾ ਦਿੱਤਾ ਸੀ।
ਅੱਜ ਵੀ ਉਹੀ ਨਫਰਤੀ ਸੋਚ ਨਵੇਂ ਰੂਪ ਵਿੱਚ ਸਾਹਮਣੇ ਆ ਰਹੀ ਹੈ। ਇਕ ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲੇ ਕੁਝ ਲੋਕਾਂ ਦਾ ਇਕ ਗਰੁੱਪ ਪੰਜਾਬ ਦੇ ਉਹਨਾਂ ਹੀਰਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ। ਗੁਰਦਾਸ ਮਾਨ ਅਤੇ ਦਲਜੀਤ ਦੁਸਾਂਝ ਵਰਗੇ ਕਲਾਕਾਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀਆਂ, ਬਹਿਸਕਾਰ ਮੁਹਿੰਮਾਂ ਅਤੇ ਨਫਰਤ ਦਾ ਸਾਹਮਣਾ ਕਰਵਾਇਆ ਜਾ ਰਿਹਾ ਹੈ। ਇਹ ਉਹੀ ਸੋਚ ਹੈ ਜੋ ਕਲਾ, ਵਿਚਾਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੋਂ ਡਰਦੀ ਹੈ। ਪੰਜਾਬੀਅਤ ਨੂੰ ਦੁਨੀਆਂ ਭਰ ਵਿਚ ਸਨਮਾਨਯੋਗ ਸਥਾਨ ਦੁਆਉਣ ਵਾਲੇ ਤੇ ” ਮੈਂ ਧਰਤੀ ਪੰਜਾਬ ਦੀ ਲੋਕੋ ਵੱਸਦੀ ਉੱਜੜ ਗਈ ” ਵਰਗੇ ਗੀਤ ਗਾਉਣ ਵਾਲੇ ਗੁਰਦਾਸ ਮਾਨ ਨੂੰ ਇਸ ਗਰੁੱਪ ਵੱਲੋਂ ਜਿਸ ਕਦਰ ਨਫਰਤ ਦਾ ਸ਼ਿਕਾਰ ਬਣਾਇਆ ਗਿਆ ਉਸਦਾ ਸੇਕ ਅਜੇ ਘਟਿਆ ਨਹੀਂ ਸੀ ਕਿ ਹੁਣ ਇਹੀ ਗਰੁੱਪ ਦਲਜੀਤ ਦੁਸਾਂਝ ਦੇ ਦੁਆਲੇ ਹੋ ਗਿਆ ਹੈ। ਅੱਜ ਦਲਜੀਤ ਦੁਸਾਂਝ ਨੂੰ ਸਿੱਖੀ ਦਾ ਗ਼ਦਾਰ ਅਤੇ ਏਜੰਸੀਆਂ ਦਾ ਟੂਲ ਦੱਸਣ ਵਾਲੇ ਇਹ ਲੋਕ, ਦੱਸ ਸਕਦੇ ਹਨ ਕਿ ਸਿੱਖ ਹਿਰਦਿਆਂ ਦੀ ਪੀੜ੍ਹ ‘1984’ ਵਰਗੀ ਫਿਲਮ ਬਣਾਕੇ, ਦਿੱਲੀ ਸਿੱਖ ਕਤਲੇਆਮ ‘ਤੇ ‘ਜੋਗੀ’ ਵਰਗੀ ਫਿਲਮ ਬਣਾਕੇ, ਸਰਦਾਰ ਜਸਵੰਤ ਸਿੰਘ ਖਾਲੜਾ ‘ਤੇ ‘1995’ ਵਰਗੀ ਫਿਲਮ (ਜੋ ਭਾਰਤ ਸਰਕਾਰ ਨੇ ਅਜੇ ਤੱਕ ਰਿਲੀਜ਼ ਨਹੀਂ ਹੋਣ ਦਿੱਤੀ) ਬਣਾਕੇ, ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਕਰੋੜਾਂ ਰੁਪਏ ਸੰਘਰਸ਼ ਦੇ ਲੇਖੇ ਲਗਾਕੇ ਕਿਹੜੀ ਗਲਤੀ ਕੀਤੀ ਸੀ ਜਿਸਨੂੰ ਅਸੀਂ ਗ਼ਦਾਰੀ ਦਾ ਲਕਬ ਦੇਕੇ ਨਿੰਦ ਸਕੀਏ ? ਅਸੀਂ ਕਿਵੇਂ ਭੁੱਲ ਜਾਈਏ ਕਿ ਦਲਜੀਤ ਦੁਸਾਂਝ ਨੇ ਦੁਨੀਆਂ ਭਰ ਵਿੱਚ ਪੱਗ ਦੀ ਸ਼ਾਨ ਵਧਾਈ ਹੈ। ਅੱਜ ਇਹ ‘ਲੋਕ ‘ ਦਲਜੀਤ ਦੁਸਾਂਝ ‘ਤੇ ਗਿਲਾ ਕਰਦੇ ਹੈ ਕਿ ਉਸਨੇ ਆਪਣੇ ਸ਼ੋਅ ਦੌਰਾਨ ਭਾਰਤੀ ਤਿਰੰਗਾ ਕਿਉਂ ਲਹਿਰਾਇਆ ? ਪਰ ਇਹ ਲੋਕ ਕਿਓਂ ਭੁੱਲ ਜਾਂਦੇ ਹਨ ਕਿ ਕਿ ਇਹ ਉਹੀ ਤਿਰੰਗਾ ਹੈ ਜਿਸਦਾ ਸਿਖ਼ਰਲਾ ‘ਕੇਸਰੀ’ ਰੰਗ ਭਾਰਤ ਵਿੱਚ ਸਾਡੀ ਮਾਨਤਾ ਦਾ ਪ੍ਰਤੀਕ ਹੈ ਤੇ ਇਸੇ ਤਿਰੰਗੇ ਲਈ ਸਾਡੇ ਵੱਡ ਵਡੇਰੇ ਸਿੱਖਾਂ ਤੇ ਪੰਜਾਬੀਆਂ ਨੇ 87% ਕੁਰਬਾਨੀਆਂ ਦਿੱਤੀਆਂ ਸੀ। ਕੀ ਅੱਜ ਤਿਰੰਗੇ ਦਾ ਵਿਰੋਧ ਕਰਕੇ ਅਤੇ ਉਸਨੂੰ ਪੈਰਾਂ ਹੇਠ ਲਤਾੜਕੇ ਅਸੀਂ ਕੁਰਬਾਨੀਆਂ ਦੇਣ ਵਾਲੇ ਆਪਣੇ ਉਨ੍ਹਾਂ ਬਜ਼ੁਰਗਾਂ ਦੀਆਂ ਪੱਗਾਂ ਨੂੰ ਪੈਰਾਂ ਹੇਠ ਨਹੀਂ ਲਤਾੜ ਰਹੇ ? ਕੀ ਅਸੀਂ ਆਪਣੇ ਬਜ਼ੁਰਗਾਂ ਦੀਆਂ ਦੇਹਾਂ ਤੇ ਭੰਗੜੇ ਨਹੀਂ ਪਾ ਰਹੇ। ਤੁਸੀਂ ਭਾਰਤੀ ਸਰਕਾਰ ਦਾ ਵਿਰੋਧ ਕਰਨਾ ਹੈ ਜੰਮ-ਜੰਮ ਕਰੋ ਪਰ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਉਨ੍ਹਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਪੈਰਾਂ ਹੇਠ ਲਤਾੜੋਂ ਜਿਨ੍ਹਾਂ ਕਰਕੇ ਤੁਹਾਡੀ ਹੋਂਦ ਕਾਇਮ ਹੈ।
ਸਵਾਲ ਇਹ ਹੈ ਕਿ ਇਹ ਕੌਣ ਹਨ ਜੋ ਸਿੱਖੀ ਅਤੇ ਪੰਜਾਬੀਅਤ ਦੇ ਸਰਟੀਫਿਕੇਟ ਵੰਡਣ ਲੱਗ ਪਏ ਹਨ ? ਸਿੱਖੀ ਕਿਸੇ ਇੱਕ ਧਿਰ ਦੀ ਜਾਇਦਾਦ ਨਹੀਂ ਅਤੇ ਨਾ ਹੀ ਪੰਜਾਬੀਅਤ ਨੂੰ ਕੁਝ ਲੋਕ ਆਪਣੇ ਮਾਪਦੰਡਾਂ ਨਾਲ ਤੋਲ ਸਕਦੇ ਹਨ। ਪੰਜਾਬੀਅਤ ਇੱਕ ਖੁੱਲ੍ਹੀ ਸੋਚ ਹੈ — ਪਿਆਰ, ਸਤਿਕਾਰ, ਸਾਂਝ ਅਤੇ ਇਨਸਾਨੀਅਤ ਦੀ ਸੋਚ। ਅਜੋਕੇ ਵਿਰੋਧ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਜਿਹੜੇ ਲੋਕ ਖੁਦ ਵਿਦੇਸ਼ਾਂ ਵਿੱਚ ਬੈਠ ਕੇ ਅਮਰੀਕਨ ਬੋਲਬਾਣੀ ਵਿੱਚ ਪੰਜਾਬੀਅਤ ਦੇ ਪਾਠ ਪੜ੍ਹਾਉਂਦੇ ਹਨ, ਕੀ ਉਹ ਪੰਜਾਬ ਦੀ ਮਿੱਟੀ, ਪੰਜਾਬ ਦੇ ਦਰਦ ਅਤੇ ਪੰਜਾਬ ਦੀ ਅਸਲੀ ਰੂਹ ਨੂੰ ਸਮਝਣ ਦਾ ਦਾਅਵਾ ਕਰ ਸਕਦੇ ਹਨ ? ਪੰਜਾਬੀਅਤ ਨਾ ਤਾਂ ਉੱਚੀਆਂ ਆਵਾਜ਼ਾਂ ਨਾਲ ਸਾਬਤ ਹੁੰਦੀ ਹੈ ਅਤੇ ਨਾ ਹੀ ਸੋਸ਼ਲ ਮੀਡੀਆ ਦੇ ਫਤਵਿਆਂ ਨਾਲ। ਪੰਜਾਬੀਅਤ ਲੋਕਾਂ ਨੂੰ ਜੋੜਦੀ ਹੈ, ਤੋੜਦੀ ਨਹੀਂ।
* ਮੈਨਜਿੰਗ ਡਾਇਰੈਕਟਰ,
‘ਰੇਡੀਓ ਇੰਡੀਆ’ ਸਰੀ (ਬੀਸੀ) ਕੈਨੇਡਾ

