ਆਸਾਮ ਵਿਚ ਭਾਜਪਾ ਦੀ ਤੀਜੀ ਵਾਰ ਬਣੇਗੀ ਸਰਕਾਰ-ਤਾਮਿਲਨਾਡੂ ਵਿਚ ਫਿਲਮੀ ਹੋਰੀ ਵਿਜੇ ਦਾ ਕ੍ਰਿਸ਼ਮਾ -ਕੇਰਲੀ ਵਿਚ ਕਾਂਗਰਸ ਗਠਜੋੜ ਤੇ ਪੁਡੂਚੇਰੀ ਵਿਚ ਐਨ ਡੀ ਏ ਗਠਜੋੜ ਜੇਤੂ






ਨਵੀਂ ਦਿੱਲੀ ( ਏਜੰਸੀਆਂ)- ਭਾਰਤ ਦੇ 5 ਪੰਜ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਅੱਜ ਆਏ ਚੋਣ ਨਤੀਜਿਆਂ ਵਿਚ ਭਾਜਪਾ ਨੇ ਪੱਛਮੀ ਬੰਗਾਲ ਅਸੈਂਬਲੀ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਭਾਜਪਾ ਨੇ 294 ਮੈਂਬਰੀ ਪੱਛਮੀ ਬੰਗਾਲ ਅਸੈਂਬਲੀ ਵਿੱਚ 206 ਸੀਟਾਂ ਜਿੱਤਕੇ ਭਾਰੀ ਬਹੁਮਤ ਨਾਲ ਅਗਲੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕਰ ਲਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਕੇਵਲ 81 ਸੀਟਾਂ ’ਤੇ ਸਿਮਟ ਕੇ ਰਹਿ ਗਈ ਹੈ।
ਆਸਾਮ ਵਿਚ ਵੀ ਭਾਜਪਾ ਨੇ ਹੈਟ੍ਰਿਕ ਲਗਾਉਂਦਿਆਂ 126 ਮੈਬਰੀ ਵਿਧਾਨ ਸਭਾ ਵਿਚ 82 ਸੀਟਾਂ ਜਿੱਤੀਆਂ ਹਨ ਤੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਤੀਸਰੀ ਵਾਰ ਮੁਖ ਮੰਤਰੀ ਬਣਨਗੇ। ਸਾਊਥ ਦੇ ਵੱਡੇ ਸੂਬੇ ਤਾਮਿਲਨਾਡੂ ਵਿਚ ਫਿਲਮੀ ਕਲਾਕਾਰ ਵਿਜੇ ਦੀ ਪਾਰਟੀ ਟੀਵੀਕੇ ਨੇ ਕਮਾਲ ਕਰ ਵਿਖਾਇਆ ਹੈ। ਤਾਮਿਲਨਾਡੂ ਦੀਆਂ 234 ਸੀਟਾਂ ਚੋ ਟੀਵਕੇ ਨੇ 107 ਸੀਟਾਂ ਜਿੱਤੀਆਂ ਹਨ ਜਦੋਂਕਿ ਡੀ ਐਮਕੇ ਨੂੰ 60 ਅਤੇ ਅੰਨਾਡੀਐਮਕੇ ਨੂੰ 47 ਸੀਟਾਂ ਮਿਲੀਆਂ ਹਨ। ਕੇਰਲਾ ਦੀ 140 ਮੈਂਬਰੀ ਵਿਧਾਨ ਸਭਾ ਵਿਚ ਕਾਂਗਰਸ ਨੇ 63, ਸੀਪੀਐਮ ਨੇ 26, ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ 22 ਅਤੇ ਹੋਰਾਂ ਨੇ 26 ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ ਇਥੇ ਸਰਕਾਰ ਬਣਾਉਣ ਲੀ 7 ਸੀਟਾਂ ਦੀ ਲੋੜ ਪਵੇਗੀ। ਪੁਡੂਚੇਰੀ ਦੀਆਂ 30 ਸੀਟਾਂ ਚੋਂ ਆਲ ਇੰਡੀਆ ਐਨ ਆਰ ਕਾਂਗਰਸ ਨੇ 13, ਭਾਜਪਾ ਨੇ 4, ਕਾਂਗਰਸ 1 ਅਤੇ ਹੋਰਾਂ ਨੇ 12 ਸੀਟਾਂ ਜਿੱਤੀਆਂ ਹਨ। ਭਾਜਪਾ ਨੇ ਸਭ ਤੋਂ ਵੱਡਾ ਕ੍ਰਿਸ਼ਮਾ ਪੱਛਮੀ ਬੰਗਾਲ ਵਿਚ ਕੀਤਾ ਹੈ ਜਿਥੇ ਤ੍ਰਿਣਾਮੂਲ ਕਾਂਗਰਸ ਦੇ 15 ਸਾਲ ਦੇ ਰਾਜ ਨੂੰ ਉਖਾੜ ਕੇ ਪਹਿਲੀ ਵਾਰ ਸੁਭੇਂਦੂ ਅਧਿਕਾਰੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਬਣਨ ਜਾ ਰਹੀ ਹੈ।
ਅਸਾਮ ਵਿੱਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਜਦੋਂਕਿ ਪੁੱਡੂਚੇਰੀ ਵਿੱਚ ਏ ਆਈ ਐੱਨ ਆਰ ਸੀ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਦੀ ਸੱਤਾ ਵਿੱਚ ਵਾਪਸੀ ਹੋਈ ਹੈ। ਤਾਮਿਲ ਨਾਡੂ ਵਿੱਚ ਅਦਾਕਾਰ ਵਿਜੈ ਦੀ ਅਗਵਾਈ ਵਾਲੀ ਟੀ ਵੀ ਕੇ (ਤਾਮਿਲ ਵੈਤਰੀ ਕੜਗਮ) 107 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲਾ ਯੂ ਡੀ ਐੱਫ ਗੱਠਜੋੜ ਜੇਤੂ ਰਿਹਾ। ਮਮਤਾ ਬੈਨਰਜੀ ਨੂੰ ਭਾਜਪਾ ਦੇ ਸੁਵੇਂਦੂ ਅਧਿਕਾਰੀ ਨੇ ਭਵਾਨੀਪੁਰ ਹਲਕੇ ’ਚ 15,105 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਅਧਿਕਾਰੀ ਨੇ ਨੰਦੀਗ੍ਰਾਮ ਹਲਕੇ ਤੋਂ ਵੀ ਜਿੱਤ ਦਰਜ ਕੀਤੀ ਹੈ। ਤ੍ਰਿਣਮੂਲ ਸੁਪਰੀਮੋ ਨੇ ਪਾਰਟੀ ਦੀ ਨਮੋਜ਼ੀਜਨਕ ਹਾਰ ਦਾ ਠੀਕਰਾ ਚੋਣ ਕਮਿਸ਼ਨ ਤੇ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ (ਐੱਸ ਆਈ ਆਰ) ਸਿਰ ਭੰਨਿਆ ਹੈ। ਉਨ੍ਹਾਂ ਕਿਹਾ ਕਿ ‘ਐੱਸ ਆਈ ਆਰ’ ਕਰ ਕੇ 100 ਸੀਟਾਂ ’ਤੇ ਕਥਿਤ ‘ਵੋਟਾਂ ਦੀ ਲੁੱਟ’ ਹੋਈ ਹੈ।
ਅਸਾਮ ਵਿੱਚ ਸੱਤਾਧਾਰੀ ਐੱਨ ਡੀ ਏ ਗੱਠਜੋੜ ਨੇ 126 ਮੈਂਬਰੀ ਵਿਧਾਨ ਸਭਾ ਵਿੱਚ 102 ਸੀਟਾਂ ਜਿੱਤੀਆਂ ਹਨ, ਜੋ ਸਰਕਾਰ ਬਣਾਉਣ ਲਈ ਲੋੜੀਂਦੇ 68 ਸੀਟਾਂ ਦੇ ਜਾਦੂਈ ਅੰਕੜੇ ਤੋਂ ਵੱਧ ਹਨ। ਭਾਜਪਾ ਨੇ 82 ਸੀਟਾਂ ਜਿੱਤੀਆਂ ਹਨ ਤੇ ਪਾਰਟੀ 1 ਸੀਟ ’ਤੇ ਅੱਗੇ ਹੈ। ਗੱਠਜੋੜ ਭਾਈਵਾਲ ਬੋਡੋ ਪੀਪਲਜ਼ ਫਰੰਟ (ਬੀ ਪੀ ਐੱਫ) ਤੇ ਅਸਮ ਗਣ ਪਰਿਸ਼ਦ (ਏ ਜੀ ਪੀ) ਨੇ 10-10 ਸੀਟਾਂ ਜਿੱਤ ਲਈਆਂ ਸਨ। ਵਿਰੋਧੀ ਧਿਰ ’ਚੋਂ ਕਾਂਗਰਸ ਨੇ 18 ਸੀਟਾਂ ਜਿੱਤ ਲਈਆਂ ਸਨ ਤੇ ਪਾਰਟੀ ਉਮੀਦਵਾਰ 1 ਸੀਟ ’ਤੇ ਅੱਗੇ ਸੀ। ਏ ਆਈ ਯੂ ਡੀ ਐੱਫ, ਰਾਇਜੋਰ ਦਲ ਤੇ ਤ੍ਰਿਣਮੂਲ ਕਾਂਗਰਸ ਨੇ ਕ੍ਰਮਵਾਰ 2, 2 ਤੇ ਇਕ ਸੀਟ ਜਿੱਤ ਲਈ ਸੀ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਜਾਲੁਕਬਾਰੀ ਹਲਕੇ ਤੋਂ ਕਾਂਗਰਸ ਦੀ ਬਿਦਿਸ਼ਾ ਨਿਓਗ ਨੂੰ 89,434 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਕਾਂਗਰਸ ਦੇ ਸੂਬਾਈ ਪ੍ਰਧਾਨ ਗੌਰਵ ਗੋਗੋਈ ਨੂੰ ਵੱਡਾ ਝਟਕਾ ਲੱਗਾ। ਉਹ ਜੋਰਹਾਟ ਹਲਕੇ ਤੋਂ ਮੌਜੂਦਾ ਭਾਜਪਾ ਵਿਧਾਇਕ ਹਿਤੇਂਦਰਨਾਥ ਗੋਸਵਾਮੀ ਕੋਲੋਂ 23,181 ਵੋਟਾਂ ਨਾਲ ਹਾਰ ਗਏ।
ਤਾਮਿਲ ਅਦਾਕਾਰ ਵਿਜੈ ਦੀ ਪਾਰਟੀ ਤਾਮਿਲ ਵੇਤਰੀ ਕੜਗਮ (ਟੀ ਵੀ ਕੇ) ਨੇ ਤਾਮਿਲ ਨਾਡੂ ਵਿੱਚ ਚੋਣ ਸਰਵੇਖਣਾਂ ਦੇ ਉਲਟ ਵੱਡੀ ਜਿੱਤ ਦਰਜ ਕਰਦਿਆਂ 107 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ। ਪਾਰਟੀ ਨੇ ਸਾਰੀਆਂ 234 ਸੀਟਾਂ ਲਈ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਸਨ, ਪਰ ਸੇਲਮ ਦੇ ਏੜਾਪਾੜੀ ਵਿੱਚ ਤਕਨੀਕੀ ਅਧਾਰ ਉੱਤੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋ ਗਈ ਸੀ। ਵਿਜੈ ਨੇ ਪੇਰਾਂਬੁਰ ਤੇ ਤਿਰੂਚਰਾਪੱਲੀ (ਪੂਰਬੀ) ਦੋਵਾਂ ਸੀਟਾਂ ਤੋਂ ਜਿੱਤ ਦਰਜ ਕੀਤੀ। ਸੱਤਾਧਾਰੀ ਡੀ ਐੱਮ ਕੇ 60 ਸੀਟਾਂ ਨਾਲ ਦੂਜੇ ਸਥਾਨ ਉੱਤੇ ਹਨ। ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਚੇਨੱਈ ਦੀ ਕੋਲਾਥੁਰ ਸੀਟ ਤੋਂ ਟੀ ਵੀ ਕੇ ਦੇ ਵੀ ਐੱਸ ਬਾਬੂ ਕੋਲੋਂ 8795 ਵੋਟਾਂ ਨਾਲ ਹਾਰ ਗਏ।
ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਸਾਂਝੇ ਜਮਹੂਰੀ ਗੱਠਜੋੜ (ਯੂ ਡੀ ਐੱਫ) ਨੇ ਸੱਤਾ ਵਿੱਚ ਵਾਪਸੀ ਕੀਤੀ ਹੈ। 140 ਮੈਂਬਰੀ ਸਦਨ ਵਿੱਚ ਕਾਂਗਰਸ ਨੇ 63 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਤੇ ਉਸ ਦੇ ਅਹਿਮ ਭਾਈਵਾਲ ਆਈ ਯੂ ਐੱਮ ਐੱਲ ਨੇ 22 ਸੀਟਾਂ ਜਿੱਤੀਆਂ। ਸੱਤਾਧਾਰੀ ਸੀ ਪੀ ਆਈ (ਐੱਮ) ਨੇ 22, ਸੀ ਪੀ ਐੱਮ ਨੇ 8 ਤੇ ਕੇ ਈ ਸੀ ਨੇ 7 ਸੀਟਾਂ ਜਿੱਤੀਆਂ। ਯੂ ਡੀ ਐੱਫ ਨੇ ਪਿਛਲੇ ਦਸ ਸਾਲਾਂ ਤੋਂ ਸੱਤਾ ਉੱਤੇ ਕਾਬਜ਼ ਸੀ ਪੀ ਆਈ (ਐੱਮ) ਦੀ ਅਗਵਾਈ ਵਾਲੇ ਐੱਲ ਡੀ ਐੱਫ ਗੱਠਜੋੜ ਨੂੰ ਸੱਤਾ ’ਚੋਂ ਬਾਹਰ ਕੀਤਾ ਹੈ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਧਰਮਾਦਮ ਸੀਟ ਤੋਂ ਜਿੱਤ ਦੀ ਹੈਟ੍ਰਿਕ ਲਾਈ ਹੈ। ਵਿਜਯਨ ਨੇ ਇਸ ਸੀਟ ਤੋਂ ਕਾਂਗਰਸ ਦੇ ਐਡਵੋਕੇਟ ਵੀ ਪੀ ਅਬਦੁਲ ਰਸ਼ੀਦ ਨੂੰ 19247 ਵੋਟਾਂ ਨਾਲ ਹਰਾਇਆ।
ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਵਿੱਚ ਏ ਆਈ ਐੱਨ ਆਰ ਸੀ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਦੀ ਲਗਾਤਾਰ ਦੂਜੇ ਸਾਲ ਸੱਤਾ ’ਚ ਵਾਪਸੀ ਹੋਈ ਹੈ। ਗੱਠਜੋੜ ਵਿੱਚ ਸ਼ਾਮਲ, ਏ ਆਈ ਐੱਨ ਆਰ ਸੀ, ਭਾਜਪਾ ਤੇ ਅੰਨਾ ਡੀ ਐੱਮ ਕੇ ਨੇ 30 ਮੈਂਬਰੀ ਸਦਨ ਵਿੱਚ 17 ਸੀਟਾਂ ਜਿੱਤੀਆਂ ਹਨ। ਡੀ ਐੱਮ ਕੇ ਨੂੰ 5 ਤੇ ਟੀ ਵੀ ਕੇ ਨੂੰ ਇਕ ਸੀਟ ਮਿਲੀ ਹੈ।
_ਭਾਜਪਾ ਨੇ 100 ਤੋਂ ਵੱਧ ਸੀਟਾਂ ਲੁੱਟੀਆਂ-ਮਮਤਾ ਦਾ ਦੋਸ਼-
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ ਐੱਮ ਸੀ ਦੀ ਚੇਅਰਪਰਸਨ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਨੇ ਉਨ੍ਹਾਂ ਦੀਆਂ 100 ਤੋਂ ਵੱਧ ਸੀਟਾਂ ‘ਲੁੱਟੀਆਂ’ ਹਨ ਅਤੇ ਚੋਣ ਕਮਿਸ਼ਨ ਨੂੰ ‘ਭਾਜਪਾ ਦਾ ਕਮਿਸ਼ਨ’ ਕਰਾਰ ਦਿੰਦਿਆਂ ਇਸ ਜਿੱਤ ਨੂੰ ‘ਅਨੈਤਿਕ’ ਅਤੇ ‘ਗੈਰ-ਕਾਨੂੰਨੀ’ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਅਧਿਕਾਰੀ ਅਤੇ ਮਨੋਜ ਅਗਰਵਾਲ ਕੋਲ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਚੋਣ ਕਮਿਸ਼ਨ ਦੇ ਵਿਹਾਰ ਦੇ ਨਾਲ-ਨਾਲ ਕੇਂਦਰੀ ਬਲਾਂ ਦੀ ਤਾਇਨਾਤੀ ਅਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਭੂਮਿਕਾ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਭਾਜਪਾ ਨੇ 100 ਤੋਂ ਵੱਧ ਸੀਟਾਂ ਲੁੱਟੀਆਂ ਹਨ। ਚੋਣ ਕਮਿਸ਼ਨ ਭਾਜਪਾ ਦਾ ਕਮਿਸ਼ਨ ਹੈ। ਮੈਂ ਮੁੱਖ ਅਫਸਰ ਅਤੇ ਮਨੋਜ ਅਗਰਵਾਲ ਨੂੰ ਵੀ ਸ਼ਿਕਾਇਤ ਕੀਤੀ ਸੀ, ਪਰ ਉਹ ਕੁਝ ਨਹੀਂ ਕਰ ਰਹੇ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਿੱਤ ਹੈ? ਇਹ ਅਨੈਤਿਕ ਜਿੱਤ ਹੈ, ਨੈਤਿਕ ਜਿੱਤ ਨਹੀਂ। ਚੋਣ ਕਮਿਸ਼ਨ ਨੇ ਕੇਂਦਰੀ ਬਲਾਂ ਅਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਨਾਲ ਮਿਲ ਕੇ ਜੋ ਵੀ ਕੀਤਾ ਹੈ, ਉਹ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ। ਇਹ ਸਿਰਫ ਲੁੱਟ, ਲੁੱਟ ਅਤੇ ਲੁੱਟ ਹੈ। ਅਸੀਂ ਵਾਪਸੀ ਕਰਾਂਗੇ।’’ ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਗਿਣਤੀ ਕੇਂਦਰਾਂ ’ਤੇ ਬੇਨਿਯਮੀਆਂ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੁਪਹਿਰ 3 ਵਜੇ ਤੋਂ ਬਾਅਦ ਹਿੰਸਾ ਸ਼ੁਰੂ ਹੋ ਗਈ ਸੀ ਅਤੇ ਉਨ੍ਹਾਂ ’ਤੇ ਸਰੀਰਕ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸੀ ਸੀ ਟੀ ਵੀ ਕੈਮਰੇ ਬੰਦ ਕਰ ਦਿੱਤੇ ਗਏ ਸਨ ਅਤੇ ਜ਼ਿਲ੍ਹਾ ਅਧਿਕਾਰੀ ਦੇ ਭਰੋਸੇ ਦੇ ਬਾਵਜੂਦ ਪਾਰਟੀ ਏਜੰਟਾਂ ਨੂੰ ਕੇਂਦਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
—ਭਾਜਪਾ ਨੇ ਚੋਣਾਂ ਵਿਚ ਚੋਰੀ ਕੀਤੀ-ਰਾਹੁਲ ਗਾਂਧੀ-
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਅਸਾਮ ਅਤੇ ਪੱਛਮੀ ਬੰਗਾਲ ਚੋਣਾਂ ‘ਚੋਰੀ’ ਕੀਤੇ ਜਾਣ ਦੇ ਸਪੱਸ਼ਟ ਮਾਮਲੇ ਹਨ, ਜੋ ਕਿ ਭਾਜਪਾ ਨੇ ਚੋਣ ਕਮਿਸ਼ਨ ਦੇ ਸਹਿਯੋਗ ਨਾਲ ਕੀਤੀ ਹੈ।
ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨਾਲ ਸਹਿਮਤ ਹੈ ਕਿ ਪੱਛਮੀ ਬੰਗਾਲ ਵਿੱਚ 100 ਤੋਂ ਵੱਧ ਸੀਟਾਂ ਚੋਰੀ ਕੀਤੀਆਂ ਗਈਆਂ ਹਨ। ਉਨ੍ਹਾਂ ਐਕਸ ’ਤੇ ਕਿਹਾ, ‘‘ਅਸੀਂ ਇਹ ਖੇਡ ਪਹਿਲਾਂ ਵੀ ਦੇਖ ਚੁੱਕੇ ਹਾਂ: ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਲੋਕ ਸਭਾ ਚੋਣਾਂ 2024 ਆਦਿ। ਚੋਣ ਚੋਰੀ, ਸੰਸਥਾ ਚੋਰੀ। ਹੁਣ ਹੋਰ ਚਾਰਾ ਹੀ ਕੀ ਹੈ!’’
