Screenshot
ਦੋਸ਼ੀਆਂ ਦੀ ਪਛਾਣ ਅਭਿਜੀਤ, ਗੁਰਕਰਨ ਅਤੇ ਖੁਸ਼ਵੀਰ ਤੂਰ ਵਜੋਂ ਹੋਈ-
ਐਬਸਫਰੋਡ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ 2022 ਵਿੱਚ ਐਬਟਸਫੋਰਡ ਦੇ ਇੱਕ ਘਰ ਵਿੱਚ ਹੋਏ ਇਕ ਬਜੁਰਗ ਜੋੜੇ ਦੀ ਹੱਤਿਆ ਲਈ ਤਿੰਨ ਪੰਜਾਬੀ ਨੌਜਵਾਨਾਂ ਨੂੰ ਫਸਟ ਡਿਗਰੀ ਕਤਲ ਲਈ ਦੋਸ਼ੀ ਪਾਇਆ ਹੈ।
ਜਸਟਿਸ ਬ੍ਰੇਂਡਾ ਬ੍ਰਾਊਨ ਨੇ ਸੁਣਵਾਈ ਦੌਰਾਨ ਵਿਚ ਕਿਹਾ ਕਿ 77 ਸਾਲਾ ਅਰਨੋਲਡ ਡੀ ਜੌਂਗ ਅਤੇ 76 ਸਾਲਾ ਜੋਆਨ ਡੀ ਜੌਂਗ ਦੀ ਮੌਤ ਲਈ ਗ੍ਰਿਫਤਾਰ ਕੀਤੇ ਗਏ ਨੌਜਵਾਨ ਅਭਿਜੀਤ ਸਿੰਘ, ਗੁਰਕਰਨ ਸਿੰਘ ਅਤੇ ਖੁਸ਼ਵੀਰ ਤੂਰ ਦੋਹਰੇ ਕਤਲ ਲਈ ਦੋਸ਼ੀ ਹਨ।ਅਦਾਲਤ ਨੇ ਪਹਿਲਾਂ ਸੁਣਿਆ ਸੀ ਕਿ ਆਰਨੋਲਡ ਦੀ ਮੌਤ ਦਮ ਘੁੱਟਣ ਨਾਲ ਹੋਈ ਸੀ। ਉਸਦੇ ਪੂਰੇ ਸਿਰ ਅਤੇ ਚਿਹਰੇ ਨੂੰ ਡਕਟ ਟੇਪ ਵਿੱਚ ਲਪੇਟਿਆ ਗਿਆ ਸੀ, ਜਦੋਂ ਕਿ ਜੋਆਨ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ ਸੀ। ਉਸਦਾ ਗਲਾ ਕੱਟਿਆ ਗਿਆ ਸੀ।
ਇਸ ਮਾਮਲੇ ਵਿਚ ਗ੍ਰਿਫਤਾਰ ਤਿੰਨਾਂ ਵਿਅਕਤੀਆਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਦੋਸ਼ੀ ਨਾ ਹੋਣ ਦੀ ਦਲੀਲ ਦਿੱਤੀ ਸੀ।
ਤਿੰਨੇ ਨੌਜਵਾਨ ਜੋ ਉਸ ਸਮੇਂ ਸਾਰੇ 20 ਸਾਲਾਂ ਦੇ ਸਨ, ਨੂੰ ਦਸੰਬਰ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 9 ਮਈ 2022 ਨੂੰ ਐਬਟਸਫੋਰਡ ਦੇ 33600 ਅਰਕੇਡੀਅਨ ਵੇਅ ਘਰ ਵਿੱਚ ਡੀ ਜੋਂਗ ਜੋੜੇ ਦੀਆਂ ਲਾਸ਼ਾਂ ਮਿਲੀਆਂ ਸਨ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਸ਼ੱਕੀਆਂ ਨੇ ਘਰ ਵਿੱਚ ਕਤਲਾਂ ਤੋਂ ਪਹਿਲਾਂ ਉੱਥੇ ਸਫਾਈ ਦਾ ਕੰਮ ਕੀਤਾ ਸੀ। ਕਤਲ ਉਪਰੰਤ ਘਰ ਚੋਂ ਚੈੱਕ, ਕ੍ਰੈਡਿਟ ਕਾਰਡ ਤੇ ਕੁਝ ਹੋਰ ਸਮਾਨ ਚੋਰੀ ਕਰ ਲਏ ਸਨ।ਪਹਿਲਾਂ ਇਹ ਮਾਮਲਾ ਚੋਰੀ ਤੇ ਲੁੱਟ ਖੋਙ ਦਾ ਸਮਝਿਆ ਗਿਆ ਸੀ। ਪਰ ਹੁਣ ਸਪੱਸ਼ਟ ਹੋਇਆ ਹੈ ਕਿ ਘਰ ਵਿਚ ਸਫਾਈ ਕਰਨ ਆਏ ਵਿਅਕਤੀਆਂ ਨੇ ਇਸ ਦੋਹਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਂ ਨੂੰ ਬਿਨਾਂ ਪੈਰੋਲ ਤੋਂ 25 ਸਾਲ ਉਮਰ ਕੈਦ ਦੀ ਸਜ਼ਾ ਹੋ ਸਕਦਾ ਹੈ।


