157 ਕਰੋੜ ਦੀ ਮਨੀ ਲਾਂਡਰਿੰਗ ਦਾ ਮਾਮਲਾ ਸਾਹਮਣੇ ਆਇਆ-
ਚੰਡੀਗੜ-ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਨਅਤਕਾਰ ਸੰਜੀਵ ਅਰੋੜਾ ਨੂੰ ਉਨ੍ਹਾਂ ਦੀ ਚੰਡੀਗੜ੍ਹ ਦੇ ਸੈਕਟਰ 2 ਵਿਚਲੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਸੈਂਕੜੇ ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿੱਚ ਕੀਤੀ ਗਈ ਹੈ। ਆਮ ਆਦਮੀ ਪਾਰਟੀ (ਆਪ) ਨੇ ਇਸ ਕਾਰਵਾਈ ਨੂੰ ਸਿਆਸੀ ਬਦਲਾਖ਼ੋਰੀ ਦੱਸਿਆ ਹੈ।
ਈ ਡੀ ਦੀਆਂ ਵੱਖ-ਵੱਖ ਟੀਮਾਂ ਨੇ ਬੀਤੇ ਤੜਕੇ 5 ਵਜੇ ਦੇ ਕਰੀਬ ਇਕੋ ਸਮੇਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਚੰਡੀਗੜ੍ਹ ਸਥਿਤ ਘਰ ਅਤੇ ਦਿੱਲੀ ਤੇ ਗੁਰੂਗ੍ਰਾਮ ਵਿਚਲੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ। ਅੱਠ ਗੱਡੀਆਂ ਵਿੱਚ ਪਹੁੰਚੇ ਫੈਡਰਲ ਏਜੰਸੀ ਦੇ ਡੇਢ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਸੰਜੀਵ ਅਰੋੜਾ ਦੇ ਮੋਬਾਈਲ ਫੋਨ, ਹੋਰ ਤਕਨੀਕੀ ਵਸਤਾਂ ਤੇ ਵਪਾਰ ਨਾਲ ਜੁੜੇ ਵੱਡੀ ਗਿਣਤੀ ਦਸਤਾਵੇਜ਼ਾਂ ਦੀ ਜਾਂਚ ਕੀਤੀ। ਈ ਡੀ ਦੀ ਟੀਮ ਨੇ ਕਰੀਬ 10 ਘੰਟਿਆਂ ਦੀ ਜਾਂਚ ਪੜਤਾਲ ਤੋਂ ਬਾਅਦ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਆਪਣੇ ਨਾਲ ਦਿੱਲੀ ਲੈ ਗਈ। ਸੂਤਰਾਂ ਮੁਤਾਬਕ ਸੰਜੀਵ ਅਰੋੜਾ ਵੱਲੋਂ ਆਪਣੀ ਕੰਪਨੀ ਰਾਹੀਂ 157 ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਫੋਨਾਂ ਦੀ ਫ਼ਰਜ਼ੀ ਜੀ ਐੱਸ ਟੀ ਖ਼ਰੀਦ ਅਤੇ ਦੁਬਈ ਤੋਂ ਭਾਰਤ ਵਿੱਚ ਨਾਜਾਇਜ਼ ਫੰਡਾਂ ਨੂੰ ਵਾਪਸ ਲਿਆਉਣ (ਰਾਊਂਡ ਟ੍ਰਿਪਿੰਗ) ਲਈ ਕੀਤੇ ਗਏ ਵੱਡੇ ਪੱਧਰ ਦੇ ਮਨੀ ਲਾਂਡਰਿੰਗ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਫ਼ਰਜ਼ੀ ਆਮਦਨ ਕਰ ਰਿਟਰਨ ਦਾ ਦਾਅਵਾ ਕਰਨ ਅਤੇ ਬਰਾਮਦ ਕ੍ਰੈਡਿਟ ’ਤੇ ਜੀ ਐੱਸ ਟੀ ਰਿਫੰਡ ਅਤੇ ਡਿਊਟੀ ਡਰਾਅ ਬੈਕ ਪ੍ਰਾਪਤ ਕਰਨ ਲਈ ਦਿੱਲੀ ਦੀਆਂ ਗ਼ੈਰ-ਮੌਜੂਦ ਫਰਮਾਂ ਤੋਂ ਕਈ ਫ਼ਰਜ਼ੀ ਜੀ ਐੱਸ ਟੀ ਖ਼ਰੀਦ ਬਿੱਲ ਪ੍ਰਾਪਤ ਕੀਤੇ ਗਏ ਹਨ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋਇਆ ਹੈ ਅਤੇ ਨਿੱਜੀ ਮੁਨਾਫ਼ਾ ਕਮਾਇਆ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਸੰਜੀਵ ਅਰੋੜਾ ਦੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਸੰਜੀਵ ਅਰੋੜਾ ਨੂੰ ਪੰਜਾਬ ਵਜ਼ਾਰਤ ਵਿੱਚ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਹੈ। ਉਹ ‘ਆਪ’ ਸਰਕਾਰ ਅਤੇ ਰਾਜ ਦੇ ਉਦਯੋਗਪਤੀਆਂ ਵਿਚਕਾਰ ਸਬੰਧ ਬਣਾਉਣ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੇ ਸਨ। ਈ ਡੀ ਵੱਲੋਂ ਇਸ ਤੋਂ ਪਹਿਲਾਂ ਵੀ ਦੋ ਵਾਰ ਸੰਜੀਵ ਅਰੋੜਾ ਦੇ ਘਰ ਛਾਪੇ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਇਕ ਛਾਪਾ 20 ਦਿਨ ਪਹਿਲਾਂ 17 ਅਪਰੈਲ ਨੂੰ ਮਾਰਿਆ ਗਿਆ ਸੀ।
