ਮਨਿੰਦਰ ਸਿੰਘ ਗਿੱਲ-
ਸਰੀ (ਕੈਨੇਡਾ)-ਬੀਸੀ ਕੰਜਰਵੇਟਿਵ ਪਾਰਟੀ ਸੂਬੇ ਦੀ ਸਿਆਸਤ ਵਿੱਚ ਬੜੇ ਲੰਬੇ ਸਮੇਂ ਤੋਂ ਹਾਸ਼ੀਏ ਉੱਤੇ ਚੱਲੀ ਆ ਰਹੀ ਹੈ, ਇਸ ਹਾਸ਼ੀਏ ਤੋਂ ਸਿਆਸਤ ਦੀ ਮੁੱਖ ਧਾਰਾ ਵਿੱਚ ਆਉਣ ਦਾ ਮੌਕਾ ਬੀਸੀ ਕੰਸਰਵੇਟਿਵ ਨੂੰ ਉਦੋਂ ਮਿਲਿਆ ਜਦੋਂ ਸੂਬੇ ਦੀ ਪ੍ਰਮੁੱਖ ਰਾਈਟ ਟੂ ਸੈਂਟਰ ਪਾਰਟੀ ਬੀਸੀ ਲਿਬਰਲ, ਬੀਸੀ ਯੂਨਾਈਟਡ ਦਾ ਰੂਪ ਧਾਰ ਗਈ ਅਤੇ ਬਾਅਦ ਵਿੱਚ ਸਿਆਸੀ ਪਿੜ ਵਿੱਚੋਂ ਹੱਥ ਖੜੇ ਕਰਕੇ ਬਾਹਰ ਹੋ ਗਈ। ਬੀਸੀ ਯੂਨਾਈਟਡ ਦੇ ਸਿਆਸਤ ਵਿੱਚੋਂ ਬਾਹਰ ਹੋ ਜਾਣ ਨਾਲ ਅਤੇ ਕੰਜਰਵੇਟਿਵ ਬ੍ਰਾਂਡ ਦੇ ਉਭਾਰ ਦੇ ਕਾਰਨ ਪੈਦਾ ਹੋਏ ਸਿਆਸੀ ਗੈਪ ਨੂੰ ਬੀਸੀ ਕੰਜਰਵੇਟਿਵ ਪਾਰਟੀ ਨੇ ਭਰਿਆ। ਇਸ ਪਾਰਟੀ ਦੇ ਉਭਾਰ ਵਿੱਚ ਬੀਸੀ ਕੰਜਰਵੇਟਿਵ ਦੇ ਸਾਬਕਾ ਲੀਡਰ ਜੋਨ ਰਸਟਡ ਅਤੇ ਪਾਰਟੀ ਦੇ ਸਾਬਕਾ ਵਾਈਸ ਪ੍ਰੈਸੀਡੈਂਟ ਹਰਮਨ ਭੰਗੂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਪਾਰਟੀ ਪਿਛਲੀਆਂ ਚੋਣਾਂ ਵਿੱਚ ਸਰਕਾਰ ਬਣਾਉਣ ਵਿੱਚ ਤਾਂ ਨਾ-ਕਾਮਯਾਬ ਰਹੀ ਪਰ ਮੁੱਖ ਵਿਰੋਧੀ ਧਿਰ ਜਰੂਰ ਬਣ ਗਈ। ਵਿਰੋਧੀ ਧਿਰ ਦੇ ਰੂਪ ਵਿੱਚ ਵਿਚਰਦਿਆਂ ਪਾਰਟੀ ਵਿੱਚ ਕਈ ਅੰਦਰੂਨੀ ਕਲੇਸ਼ ਖੜ੍ਹੇ ਹੋਏ ਜੋ ਹੱਲ ਨਾ ਹੋ ਸਕਣ ਕਰਕੇ ਪਾਰਟੀ ਚੋਂ ਵਨ ਬੀਸੀ ਪਾਰਟੀ ਦੇ ਨਾਂ ਹੇਠ ਇੱਕ ਧੜਾ ਪਾਸੇ ਹੋ ਗਿਆ ਅਤੇ ਕਈ ਐਮਐਲਏਜ਼ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਗਿਆ। ਇਸ ਘਟਨਾ ਉਪਰੰਤ ਛੇਤੀ ਹੀ ਜੋਨ ਰਸਟਡ ਦੇ ਲੀਡਰਸ਼ਿਪ ਸਟਾਈਲ ‘ਤੇ ਸਵਾਲ ਖੜੇ ਹੋਣ ਲੱਗੇ ਅਤੇ ਉਹ ਲੀਡਰਸ਼ਿਪ ਤੋਂ ਲਾਂਭੇ ਹਟ ਗਏ ਜਿਸਨੇ ਲੀਡਰਸ਼ਿਪ ਰੇਸ ਨੂੰ ਇੱਕ ਵਾਰ ਫਿਰ ਸ਼ੁਰੂ ਕਰ ਦਿੱਤਾ। ਹੁਣ ਭਾਵੇਂ ਇਸ ਲੀਡਰਸ਼ਿਪ ਰੇਸ ਵਿੱਚ ਬਹੁਤ ਸਾਰੇ ਉਮੀਦਵਾਰ ਸਾਹਮਣੇ ਆਏ ਪਰ ਅਖੀਰ ‘ਚ ਪੰਜ ਪ੍ਰਮੁੱਖ ਦਾਵੇਦਾਰ ਹੀ ਸਾਹਮਣੇ ਰਹਿ ਗਏ ਹਨ ਜਿਨਾਂ ਵਿੱਚੋਂ ਸਾਬਕਾ ਐਮਪੀ ਕੈਰੀਲਿਨ ਫਿਨਲੀ ਜੋ ਸਰੀ ਤੋਂ ਆਪਣੀ ਹੀ ਸੀਟ ਬਚਾਉਣ ਵਿੱਚ ਨਾ ਕਾਮਯਾਬ ਰਹੇ ਸਨ। ਕੈਰੋਲਿਨ ਏਲੀਏਟ ਜਿਨ੍ਹਾਂ ਦਾ ਪਿਛੋਕੜ ਬੀਸੀ ਯੂਨਾਈਟਡ ਨਾਲ ਜੁੜਦਾ ਹੈ। ਯੂਰੀਫੁਲਮਰ ਜੋ ਪ੍ਰਾਈਵੇਟ ਸੈਕਟਰ ਵਿੱਚੋਂ ਆਏ ਹਨ। ਸਾਬਕਾ ਮੰਤਰੀ ਈਅਨ ਬਲੈਕ ਅਤੇ ਐਮਐਲਏ ਪੀਟਰ ਮਿਲੋਵਾਰ ਹੁਣ ਦਾਅਵੇਦਾਰਾਂ ‘ਚ ਸ਼ੁਮਾਰ ਹਨ।
ਲੀਡਰਸ਼ਿੱਪ ਲਈ 18 ਅਪ੍ਰੈਲ ਤੱਕ ਹਰੇਕ ਕੈਂਡੀਡੇਟ ਨੇ ਵੱਧ ਚੜ ਕੇ ਵੋਟਾਂ ਬਣਾਈਆਂ ਅਤੇ ਉਸਤੋਂ ਬਾਅਦ ਨੌਮੀਨੇਸ਼ਨ ਵਾਸਤੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਤੇ ਵੋਟਾਂ ਦੀ ਵੈਰੀਫਿਕੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਵੈਰੀਫਿਕੇਸ਼ਨ ਪ੍ਰਕਿਰਿਆ ਵਿੱਚ ਬਹੁਤ ਚਿੰਤਾਜਨਕ ਟਰੈਂਡ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਸੀਟਾਂ ਦੇ ਉੱਪਰ ਵੋਟਾਂ ਵੈਰੀਫਾਈ ਨਹੀਂ ਕੀਤੀਆਂ ਜਾ ਰਹੀਆਂ ਅਤੇ ਵੈਰੀਫਿਕੇਸ਼ਨ ਤੋਂ ਬਿਨਾਂ ਇਹਨਾਂ ਵੋਟਰਾਂ ਨੂੰ ਲੀਡਰ ਚੁਣਨ ਦੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ। ਇਕ ਤਰੀਕੇ ਨਾਲ ਪੰਜਾਬੀ ਹਲਕਿਆਂ ਵਿੱਚ ਅਨਵੈਰੀਫਾਈਡ ਵੋਟਰਸ ਤੋਂ ਵੋਟਿੰਗ ਦਾ ਅਧਿਕਾਰ ਹੀ ਖੋਹ ਲਿਆ ਜਾਵੇਗਾ। ਜਿੱਥੇ ਮੇਨ ਸਟਰੀਮ ਭਾਈਚਾਰੇ ਨਾਲ ਸੰਬੰਧਿਤ ਸੀਟਾਂ ਦੇ ਉੱਪਰ ਵੈਰੀਫਿਕੇਸ਼ਨ ਦੀ ਦਰ ਔਸਤਨ 25% ਤੋਂ ਉੱਪਰ ਹੈ ਅਤੇ ਕਿਤੇ ਕਿਤੇ 30% ਜਾਂ 40% ਵੀ ਹੈ ਉਥੇ ਸਰੀ ਦੀਆਂ ਪੰਜਾਬੀ ਬਹੁਤਾਤ ਵਾਲੀਆਂ ਸੀਟਾਂ ਜਿਨਾਂ ਵਿੱਚ ਸਰੀ ਸਿਟੀ ਸੈਂਟਰ ਜਿੱਥੇ ਹਥਲਾ ਆਰਟੀਕਲ ਲਿਖੇ ਜਾਣ ਤੱਕ 491 ਵਿੱਚੋਂ ਸਿਰਫ 24 ਵੋਟਾਂ ਵੇਰੀਫਾਈਡ ਕੀਤੀਆਂ ਗਈਆਂ ਜਿਸਦੀ ਵੈਰੀਫਿਕੇਸ਼ਨ ਦਰ ਸਿਰਫ ਚਾਰ ਪੁਆਇੰਟ ਬਣਦੀ ਹੈ। ਸਰੀ ਫਲੀਟਵੁੱਡ ਵਿੱਚ 426 ਵਿੱਚੋਂ ਸਿਰਫ 50 ਵੋਟਾਂ ਵੈਰੀਫਾਈਡ ਕੀਤੀਆਂ ਗਈਆਂ ਜਿੱਥੇ ਵੈਰੀਫਿਕੇਸ਼ਨ ਦਰ 8% ਹੈ। ਸਰੀ ਨਿਊਟਨ ਦੀਆਂ 807 ਵੋਟਾਂ ਵਿੱਚੋਂ ਸਿਰਫ 52 ਵੋਟਾਂ ਵੈਰੀਫਾਈਡ ਹਨ ਅਤੇ ਵੈਰੀਫਿਕੇਸ਼ਨ ਰੇਟ 6.4% ਬਣਦੀ ਹੈ। ਇਸੇ ਤਰ੍ਹਾਂ ਸਰੀ ਨੌਰਥ ਵਿੱਚ 825 ਵੋਟਾਂ ਦੇ ਵਿੱਚੋਂ ਮਾਤਰ 23 ਵੋਟਾਂ ਵੈਰੀਫਾਈਡ ਹਨ ਅਤੇ ਵੈਰੀਫਿਕੇਸ਼ਨ ਰੇਟ 2.8% ਹੈ। ਸਰੀ ਪੈਨੋਰਮਾ ਵਿੱਚ 753 ਵੋਟਾਂ ਵਿੱਚੋਂ 59 ਵੋਟਾਂ ਵੈਰੀਫਾਈਡ ਹਨ ਅਤੇ ਵੈਰੀਫਿਕੇਸ਼ਨ ਰੇਟ 7.8% ਹੈ। ਸਰੀ ਸਰਪਨ ਟਾਈਨ ਵਿੱਚ 1005 ਵੋਟਾਂ ਵਿੱਚੋਂ ਸਿਰਫ 90 ਵੋਟਾਂ ਵੈਰੀਫਾਈਡ ਹਨ ਅਤੇ ਵੈਰੀਫਿਕੇਸ਼ਨ ਦੀ ਦਰ ਕੇਵਲ 9% ਹੈ। ਪਰ ਜਦੋਂ ਗੱਲ ਸਾਊਥ ਸਰੀ ਦੀ ਆਉਂਦੀ ਹੈ ਜਿੱਥੇ ਮੇਨ ਸਟਰੀਮ ਭਾਈਚਾਰਾ ਬਹੁ ਗਿਣਤੀ ਵਿੱਚ ਹੈ ਉੱਥੇ 964 ਵੋਟਾਂ ਦੇ ਵਿੱਚੋਂ 231 ਵੋਟਾਂ ਵੈਰੀਫਾਈਡ ਹਨ ਅਤੇ ਵੈਰੀਫਿਕੇਸ਼ਨ ਰੇਟ 24% ਹੈ ਅਤੇ ਸਰੀ ਵਾਈਟਰੌਕ ਵਿੱਚ 928 ਵੋਟਾਂ ਦੇ ਵਿੱਚੋ 277 ਵੋਟਾਂ ਵੈਰੀਫਾਈਡ ਹਨ ਅਤੇ ਵੈਰੀਫਿਕੇਸ਼ਨ ਰੇਟ 29% ਹੈ। ਇਸੇ ਤਰ੍ਹਾਂ ਡੈਲਟਾ ਵਿੱਚ ਡੈਲਟਾ ਨੋਰਥ ਜਿੱਥੇ ਪੰਜਾਬੀ ਭਾਈਚਾਰਾ ਵਸਦਾ ਹੈ ਉੱਥੇ 768 ਵੋਟਾਂ ਦੇ ਵਿੱਚੋਂ ਕੇਵਲ 52 ਵੋਟਾਂ ਵੈਰੀਫਾਈਡ ਹਨ ਅਤੇ ਵੈਰੀਫਿਕੇਸ਼ਨ ਰੇਟ 6.8% ਹੈ ਅਤੇ ਡੈਲਟਾ ਸਾਊਥ ਵਿੱਚ ਜਿੱਥੇ ਪੰਜਾਬੀ ਭਾਈਚਾਰਾ ਘੱਟ ਹੈ ਉੱਥੇ 514 ਵਿੱਚੋਂ 163 ਵੋਟਾਂ ਵੈਰੀਫਾਈਡ ਹਨ ਅਤੇ ਵੈਰੀਫਿਕੇਸ਼ਨ ਦਾ ਰੇਟ 31.7% ਹੈ। ਕੰਜ਼ਰਵੇਟਿਵ ਪਾਰਟੀ ਦੀ ਨੀਅਤ ਇਥੋਂ ਵੀ ਸਪਸ਼ਟ ਹੋ ਜਾਂਦੀ ਹੈ ਕਿ ਵਾਕ ਇਨ ਵੋਟ ਵੈਰੀਫਾਈ ਕਰਨ ਲਈ ਪਾਰਟੀ ਨੇ ਮੇਨ ਸਟਰੀਮ ਭਾਈਚਾਰੇ ਦੀ ਬਹੁਤਾਤ ਵਾਲੇ ਖੇਤਰਾਂ ਕੂਟਨੀ, ਲੈਂਗਫੋਰਡ, ਲੈਂਗਲੀ, ਕੈਮਲੂਪਸ, ਕਲੋਨਾ, ਪ੍ਰਿੰਸ ਜੌਰਜ, ਕਰੈਨਬਰੁਕ, ਟੈਰਿਸ, ਫੋਰਟ ਸੇਂਟ ਜੌਹਨ ਅਤੇ ਵੈਨਕੂਵਰ ਵਿੱਚ ਤਾਂ ਸੈਂਟਰ ਸਥਾਪਤ ਕੀਤੇ ਹਨ ਪਰ ਪੰਜਾਬੀ ਬਹੁਤਾਤ ਵਾਲੇ ਸਰੀ, ਡੈਲਟਾ ਆਦਿ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ।
ਇਹ ਅੰਕੜੇ ਕੰਜਰਵੇਟਿਵ ਪਾਰਟੀ ਅੱਗੇ ਅਤੇ ਪੰਜਾਬੀ ਭਾਈਚਾਰੇ ਅੱਗੇ ਵੀ ਗੰਭੀਰ ਸਵਾਲ ਖੜੇ ਕਰਦੇ ਹਨ ਕੀ ਇਹ ਮਹਿਜ਼ ਇੱਕ ਇਤਫਾਕ ਹੈ ਕਿ ਜਿਹੜੇ ਵੀ ਹਲਕੇ ਵਿੱਚ ਪੰਜਾਬੀ ਭਾਈਚਾਰੇ ਦੀ ਵਸੋਂ ਜਿਆਦਾ ਹੈ ਉਥੇ ਵੋਟਰਾਂ ਨੂੰ ਵੈਰੀਫਾਈ ਨਹੀਂ ਕੀਤਾ ਜਾ ਰਿਹਾ ਜਾਂ ਫਿਰ ਕੰਜਰਵੇਟਿਵ ਪਾਰਟੀ ਇੱਕ ਯੋਜਨਾਬੱਧ ਤਰੀਕੇ ਨਾਲ ਪੰਜਾਬੀਆਂ ਨੂੰ ਚੋਣ ਪ੍ਰਕਿਰਿਆ ਵਿੱਚੋਂ ਬਾਹਰ ਕਰ ਰਹੀ ਹੈ। ਇਸ ਦਾ ਜਵਾਬ ਕੰਜਰਵੇਟਿਵ ਪਾਰਟੀ ਦੇ ਨੁਮਾਇੰਦਿਆਂ ਨੂੰ ਲੋਕਾਂ ਵਿੱਚ ਆ ਕੇ ਦੇਣਾ ਚਾਹੀਦਾ ਹੈ ਅਤੇ ਕੰਜਰਵੇਟਿਵ ਪਾਰਟੀ ਵਿੱਚ ਚੁਣੇ ਗਏ ਪੰਜਾਬੀ ਨੁਮਾਇੰਦੇ ਜਿਨ੍ਹਾਂ ਵਿੱਚੋਂ ਮਨਦੀਪ ਧਾਲੀਵਾਲ, ਜੋਡੀ ਤੂਰ, ਹਰਮਨ ਭੰਗੂ ਤੇ ਸਟੀਵ ਕੂਨਰ ਪ੍ਰਮੁੱਖ ਹਨ ਨੂੰ ਆ ਕੇ ਆਪਣੇ ਭਾਈਚਾਰੇ ਵਿੱਚ ਸਪਸ਼ਟੀਕਰਨ ਦੇਣਾ ਚਾਹੀਦਾ ਹੈ
ਪੰਜਾਬੀ ਭਾਈਚਾਰਾ ਬਾਕੀ ਸਾਰੇ ਭਾਈਚਾਰਿਆਂ ਦੀ ਤਰ੍ਹਾਂ ਡੇਵਿਡ ਈਬੀ ਦੀ ਸਰਕਾਰ ਦੀ ਕਾਰਜਸ਼ੈਲੀ ਤੋਂ ਖੁਸ਼ ਨਹੀਂ ਹੈ ਅਤੇ ਬਦਲਾਅ ਚਾਹੁੰਦਾ ਹੈ ਪਰ ਜੇ ਮੁੱਖ ਵਿਰੋਧੀ ਧਿਰ ਪੰਜਾਬੀਆਂ ਨੂੰ ਇਸ ਕਾਬਲ ਵੀ ਨਹੀਂ ਸਮਝਦੀ ਕਿ ਉਹ ਲੀਡਰਸ਼ਿਪ ਰਿਜ ਵਿੱਚ ਭਾਗ ਲੈਕੇ ਆਪਣਾ ਲੀਡਰ ਚੁਣ ਸਕਣ ਤਾਂ ਫਿਰ ਲੀਡਰ ਚੁਣਨ ਤੋਂ ਬਾਅਦ ਵੀ ਕੰਜਰਵੇਟਿਵ ਪਾਰਟੀ ਨੂੰ ਨੋਟ ਅਤੇ ਵੋਟ ਬਟੋਰਨ ਲਈ ਸਰੀ ਅਤੇ ਡੈਲਟਾ ਦਾ ਰੁੱਖ ਨਹੀਂ ਕਰਨਾ ਚਾਹੀਦਾ। ਬੀਸੀ ਕੰਜਰਵੇਟਿਵ ਪਾਰਟੀ ਸ਼ਾਇਦ ਭੁੱਲ ਗਈ ਹੈ ਕਿ ਸਰੀ ਇੱਕ ਬੈਟਲ ਗਰਾਊਂਡ ਸ਼ਹਿਰ ਹੈ ਜਿਸਨੇ ਸੂਬੇ ਦੀ ਸਰਕਾਰ ਦਾ ਫੈਸਲਾ ਕਰਨਾ ਹੈ ਪਿਛਲੀਆਂ ਚੋਣਾਂ ਵਿੱਚ ਵੀ ਐਨਡੀਪੀ ਬਹੁਮਤ ਸਰਕਾਰ ਤੋਂ ਇਸੇ ਲਈ ਖੁੰਝ ਗਈ ਸੀ ਕਿਉਂਕਿ ਸਰੀ ਸ਼ਹਿਰ ਨੇ ਐਨਡੀਪੀ ਨੂੰ ਉਹਨਾਂ ਦੀਆਂ ਸੁਰੱਖਿਅਤ ਸੀਟਾਂ ਤੋਂ ਵੀ ਹਰਾ ਦਿੱਤਾ ਸੀ, ਜਿਸ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਸਿੱਖਿਆ ਮੰਤਰੀ ਰਚਨਾ ਸਿੰਘ ਦਾ ਲੋਕਾਂ ਪ੍ਰਤੀ ਅਤੇ ਛੋਟੇ ਛੋਟੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਨਕਾਰਾਤਮਕ ਰਵਈਆ ਸੀ, ਪਰ ਕੰਜਰਵੇਟਿਵ ਪਾਰਟੀ ਇਹ ਨਾ ਸਮਝੇ ਕਿ ਪੰਜਾਬੀ ਭਾਈਚਾਰੇ ਨੂੰ ਇਸ ਤਰ੍ਹਾਂ ਜਲੀਲ ਕਰਕੇ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਜਾਂ ਕੋਈ ਵੱਡੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
1907 ਵਿੱਚ ਕੈਨੇਡਾ ਅੰਦਰ ਪ੍ਰਵਾਸੀਆਂ ਤੋਂ ਵੋਟਿੰਗ ਦਾ ਅਧਿਕਾਰ ਖੋਹ ਲਿਆ ਗਿਆ ਸੀ ਜਿਸ ਨੂੰ ਸਰਦਾਰ ਦਰਸ਼ਨ ਸਿੰਘ ਕਨੇਡੀਅਨ ਵਰਗੇ ਜੁਝਾਰੂ ਲੋਕਾਂ ਨੇ ਬੜੇ ਹੀ ਸੰਘਰਸ਼ ਨਾਲ 1947 ਦੇ ਵਿੱਚ ਫਿਰ ਹਾਸਿਲ ਕੀਤਾ ਗਿਆ ਸੀ। ਹੁਣ ਕੰਜਰਵੇਟਿਵ ਪਾਰਟੀ ਨੇ ਪੰਜਾਬੀ ਭਾਈਚਾਰੇ ਨੂੰ ਉਸੇ ਇਤਿਹਾਸਕ ਬੇਇਨਸਾਫੀ ਦੀ ਯਾਦ ਇੱਕ ਵਾਰ ਫਿਰ ਦਵਾ ਦਿੱਤੀ ਹੈ ਜਿਸ ਦਾ ਖਾਮਿਆਜ਼ਾ ਇਸ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਜੇ ਇਹ ਗਲਤੀ ਵੇਲੇ ਸਿਰ ਨਾ ਸੁਧਾਰੀ ਗਈ ਤਾਂ ਕੰਜ਼ਰਵੇਟਿਵ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਜਾ ਰਹੀ ਹੈ।
