ਦਰਬਾਰਾ ਸਿੰਘ ਕਾਹਲੋ *
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਦਰਮਿਆਨ ਚੀਨ ਦੀ ਰਾਜਧਾਨੀ ਬੀਜਿੰਗ ਅੰਦਰ ਸੰਪੰਨ 13 ਤੋਂ 15 ਮਈ ਤੱਕ ਚੱਲੇ ਸਿਖਰ ਸੰਮੇਲਨ ਨੂੰ ਪੂਰੇ ਵਿਸ਼ਵ ਦੇ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਏ ਵੱਲੋਂ ਬੜੇ ਧੂਮ ਧੜੱਕੇ ਨਾਲ ਪ੍ਰਚਾਰਿਆ ਗਿਆ ਸੀ ।ਇੱਕਵੀਂ ਸਦੀ ਦੇ ਮੌਜੂਦਾ ਦੌਰ ਵਿੱਚ ਅਮਰੀਕਾ ਅਤੇ ਚੀਨ ਦੋ ਮਹਾਂ ਸ਼ਕਤੀਆਂ ਦੇ ਰਾਸ਼ਟਰਪਤੀ ਦਰਮਿਆਨ ਇਸ ਸਿਖਰ ਸੰਮੇਲਨ ਨੂੰ ਇਤਿਹਾਸਿਕ ਅਤੇ ਮਹੱਤਵਪੂਰਨ ਕਰਾਰ ਦਿੰਦੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਨੂੰ ਜੀ -2ਦੇ ਨਵੇਂ ਨਾਮ ਹੇਠ ਘੜ ਕੇ ਸੰਬੋਧਨ ਕਰਨ ਦਾ ਯਤਨ ਕੀਤਾ ।ਵੈਸੇ ਸਿਆਸੀ ਪੰਡਤ ਇਸ ਸੰਮੇਲਨ ਨੂੰ ਦੋ ਕੁਲੀਨ ਸ਼ਖਸੀਅਤਾਂ ਦਰਮਿਆਨ ਉੱਚ ਪੱਧਰੀ ਗੱਲਬਾਤ ਦਾ ਨਾਮ ਵੀ ਦੇ ਰਹੇ ਸਨ ।ਚੀਨੀ ਰਾਸ਼ਟਰਪਤੀ ਸੀ ਜਿਨਪਿੰਗ ਨੇ ਇਸ ਸਿਖਰ ਸੰਮੇਲਨ ਰਾਹੀਂ ਪੂਰੇ ਵਿਸ਼ਵ ਨੂੰ ਸਪਸ਼ਟ ਸੰਦੇਸ਼ ਦਿੱਤਾ ਕਿ ਇਸ ਵਿਸ਼ਵ ਨੂੰ ਇਸ ਸਮੇਂ ਸਿਰਫ ਦੋ ਬਰਾਬਰ ਦੀਆਂ ਮਹਾਂ ਸ਼ਕਤੀਆਂ ਮੁਤਾਸਰ ਕਰਦੀਆਂ ਹਨ ।ਇਸ ਸਥਿਤੀ ਵਿੱਚੋਂ ਵਾਪਸੀ ਦੀ ਕੋਈ ਥਾਂ ਨਹੀਂ ਭਾਵ ਕੋਈ ਤੀਜੀ ਸ਼ਕਤੀ ਹੈ ਹੀ ਨਹੀਂ ।ਇਸੇ ਦੌਰਾਨ ਹਰਵਾਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਗ੍ਰਾਹਮ ਐਲੀਸਨ ਨੇ ਚੀਨ ਜਹੀ ਉਭਰ ਰਹੀ ਮਹਾ ਸ਼ਕਤੀ ਸੰਬੰਧੀ ਅਮਰੀਕਾ ਨੂੰ “ਥੁਕੀਡਾਈਡਸ ਜਾਲ “ਦਾ ਹਵਾਲਾ ਦਿੰਦੇ ਆਗਾਹ ਕੀਤਾ ਕਿ ਕਿਵੇਂ ਚੀਨ ਪ੍ਰਤਿਭਾਸ਼ਾਲੀ ਸ਼ਕਤੀ ਅਮਰੀਕਾ ਨੂੰ ਚਣੌਤੀ ਦੇ ਰਿਹਾ ਹੈ ਅਤੇ ਉਸ ਨੂੰ ਪੱਤਨ ਦਾ ਸ਼ਿਕਾਰ ਦਰਸਾਅ ਰਿਹਾ ਹੈ।ਅਮਰੀਕੀ ਰਾਸ਼ਟਰਪਤੀ ਨੇ ਇਸੇ ਵੇਲੇ ਇਨਸਾਫ ਕੀਤਾ ਕਿ ਅਮਰੀਕੀ ਮਹਾਂ ਸ਼ਕਤੀ ਪੱਤਣ ਦਾ ਸ਼ਿਕਾਰ ਨਹੀਂ ਹੈ ।ਦੋ ਸਾਲ ਪਹਿਲਾਂ ਇਹ ਸ਼ਿਕਾਰ ਹੋ ਰਹੀ ਸੀ ਜਿਸ ਲਈ ਮੇਰੇ ਪੂਰਵਧਿਕਾਰੀ ਜੋਅ ਬਾਈਡਨ ਜਿੰਮੇਵਾਰ ਸਨ।ਪਰ ਹੁਣ ਅਮਰੀਕਾ ਪੂਰੇ ਵਿਸ਼ਵ ਵਿੱਚ ਛਾਇਆ ਪਿਆ ਹੈ ।
ਜੁਮਲੇਬਾਜੀ :
ਸਭ ਜਾਣਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਆਪਣੇ ਜੁਮਲੇਬਾਜ ਅਤੇ ਧੋਖੇਬਾਜ ਤੱਕੀਏ ਕਲਾਮ ਕਰਕੇ ਪੂਰੇ ਵਿਸ਼ਵ ਅੰਦਰ ਅਮਰੀਕੀ ਮਹਾ ਸ਼ਕਤੀ ਦੇ ਅਕਸ ਨੂੰ ਲਗਾਤਾਰ ਵੱਡੀ ਢਾਹ ਲਗਾ ਰਿਹਾ ਹੈ।ਇਸ ਸਿਖਰ ਸੰਮੇਲਨ ਵਿੱਚ ਉਸਨੇ ਆਪਣਾ ਐਸਾ ਜੁਮਲੇਬਾਜ ਤਕੀਆ ਕਲਾਮ ਜਾਰੀ ਰੱਖਦਿਆਂ ਚੀਨ -ਅਮਰੀਕਾ ਗੱਲਬਾਤ ਵਿਚ ਆਪਸੀ ਸਬੰਧਾ ਨੂੰ ਉਸਾਰੂ ,ਰਣਨੀਤਕ ਅਤੇ ਮਜਬੂਤ ਬਣਾਉਣ ਦੀ ਪ੍ਰਤੀਬੱਧਤਾ ਜਿਤਾਈ ।ਚੀਨੀ ਰਾਸ਼ਟਰਪਤੀ ਸੀ ਨੂੰ ਆਪਣਾ ਮਿੱਤਰ ਦਰਸਾਇਆ ।ਉਹਨਾਂ ਨੂੰ ਇੱਕ ਮਹਾਨ ਲੀਡਰ ਵਜੋਂ ਸੰਬੋਧਨ ਕਰਦੇ ਉਹਨਾਂ ਨਾਲ ਮਿਲ ਕੇ ਇੱਕ ਅਦਭੁਤ ਭਵਿੱਖ ਭਰਿਆ ਸੰਸਾਰ ਉਸਾਰਨ ਦਾ ਜੁਮਲਾ ਦੋਹਰਾਇਆ ।ਉਸਨੇ ਸੀ ਅਤੇ ਸੁਪਤਨੀ ਪਿੰਗ ਲਯੂਆਨ ਨੂੰ 24 ਸਤੰਬਰ 2026 ਨੂੰ ਵਾਈਟ ਹਾਊਸ ਵਿਖੇ ਅਮਰੀਕੀ ਦੌਰੇ ਦਾ ਸੱਦਾ ਦਿੱਤਾ ।ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਦੇ ਮੁਖੀ ਹੋਣ ਕਰਕੇ ਅਜੋਕੇ ਵਿਸ਼ਵ ਅਤੇ ਇੱਥੇ ਵਸਦੇ ਲੋਕਾਂ ਨੂੰ ਦਰਪੇਸ਼ ਮੁਸੀਬਤਾਂ ਦੇ ਹੱਲ ਦੀ ਵਚਨਬੱਧਤਾ ਦੁਹਰਾਈ। 600 ਸਾਲ ਪੁਰਾਣੇ “ਸਵਰਗ ਦੇ ਮੰਦਰ “ਦੇ ਦੌਰੇ ਸਮੇਂ ਸੀ ਨਾਲ ਅਮਰੀਕਾ -ਚੀਨ ਭਵਿੱਖ ਬਾਰੇ ਗੱਲਬਾਤ ਕਰਦਿਆਂ ਉਹਨਾਂ ਖਦਸ਼ਾ ਜਤਾਇਆ ਕਿ ਇਸ ਸਿਖਰ ਸੰਮੇਲਨ ਦੀ ਅਸਫਲਤਾ ਦੇ ਬਹੁਤ ਭਿਆਨਕ ਨਿਕਲ ਸਕਦੇ ਹਨ ।ਇਸ ਤੋਂ ਪ੍ਰਭਾਵ ਮਿਲ ਰਿਹਾ ਸੀ ਕਿ ਬਾਹਰੀ ਤੌਰ ਤੇ ਜੋ ਆਪਸੀ ਵਧੀਆ ਸਬੰਧਾਂ ਦੀ ਗੱਲਬਾਤ ਕੀਤੀ ਜਾ ਰਹੀ ਸੀ ਇਸ ਦੇ ਅੰਦਰੇ ਅੰਦਰ ਗੈਰ ਭਰੋਸੇ ਯੋਗਤਾ ਲਗਾਤਾਰ ਕਾਇਮ ਸੀ ।
ਇਹ ਸਿਖਰ ਸੰਮੇਲਨ ਵਿੱਚ ਸੀ ਦਾ ਕਹਿਣਾ ਸੀ ਕਿ ਦੋਹਾਂ ਦੇਸ਼ਾਂ ਨੂੰ ਇੱਕ ਦੂਜੇ ਦੇ ਸ਼ਰੀਕ ਬਣਨ ਦੀ ਥਾਂ ਸਹਿਯੋਗੀ ਬਣਨਾ ਚਾਹੀਦਾ ਹੈ ਅਤੇ ਥੁੱਕੀਡਾਈਡਸ ਜਾਲ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ।ਉਨਾਂ ਨੇ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ 21ਵੀਂ ਸਦੀ ਦੇ ਅਹਿਮ ਸਵਾਲਾਂ ਦੀ ਖੋਜ ਦੇ ਯਤਨਾਂ ਦੀ ਤਰਜਮਾਨੀ ਕਰਦਿਆਂ ਅਤੀ ਮਾਅਨਾਖੇਜ ਸਵਾਲ ਉਠਾਏ ਕਿ ਕੀ ਚੀਨ ਅਤੇ ਅਮਰੀਕਾ ਥੁੱਕੀਡਾਈਡਸ ਜਾਲ ਵਿੱਚੋਂ ਬਾਹਰ ਨਿਕਲ ਪਾਉਣਗੇ ਅਤੇ ਪ੍ਰਮੁੱਖ ਦੇਸ਼ਾਂ ਰਾਹੀਂ ਨਵੇਂ ਗਲੋਬਲ ਨਕਸ਼ੇ ਦੀ ਤਾਮੀਰ ਕਰਨਗੇ ?ਕੀ ਦੋਵੇਂ ਦੇਸ਼ ਗਲੋਬਲ ਚੁਣੌਤੀਆਂ ਦਾ ਮੁਕਾਬਲਾ ਮਿਲ ਕੇ ਕਰਨਗੇ ਅਤੇ ਵਿਸ਼ਵ ਨੂੰ ਵੱਡੀ ਮਜਬੂਤ ਸਥਿਰਤਾ ਮੁਹਈਆ ਕਰਵਾਉਣਗੇ ?ਕੀ ਦੋਵੇਂ ਆਪਸੀ ਸਬੰਧਾਂ ਦੇ ਰਾਹੀਂ ਦੋਵਾਂ ਦੇਸ਼ਾਂ ਅਤੇ ਮਾਨਵਤਾ ਦੇ ਉਜਲ ਭਵਿੱਖ ਲਈ ਇੱਕ ਚਮਕਦਾਰ ਨਵ ਉਸਾਰੀ ਕਰ ਸਕਣਗੇ ?
ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀ ਨੇ ਸਹਿਮਤੀ ਜਤਾਈ ਕਿ ਆਪਸੀ ਰਾਜਨੀਤਕ, ਡਿਪਲੋਮੈਟਿਕ ,ਮਿਲਟਰੀ ਤੋਂ ਮਿਲਟਰੀ ਪਹੁੰਚ ਰਾਹੀਂ ਆਰਥਿਕ ,ਵਪਾਰ ,ਸਿਹਤ ,ਖੇਤੀ,ਸੈਰ ਸਪਾਟਾ , ਜਨਤਕ ਮੇਲ ਜੋਲ , ਕਾਨੂੰਨ ਨਾਫਜ ਕਰਨ ਦੇ ਖੇਤਰਾਂ ਦੇ ਵਿਕਾਸ ਲਈ ਭਵਿੱਖ ਵਿੱਚ ਇੱਕ ਦੂਸਰੇ ਦੇ ਜਾਮਨ ਸਿੱਧ ਹੋਣਗੇ ।
ਅਤੀ ਕੌੜੀ ਮਿਰਚ :
ਇਸੇ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨ ਪਿੰਗ ਨੇ ਜਿੱਥੇ ਟਰੰਪ ਦੇ ਨਵੇਂ ਗਲੋਬਲ ਦ੍ਰਿਸ਼ਟੀਕੋਣ ਨਾਲ ਸਹਿਮਤੀ ਜਤਾਈ ਉਥੇ ਅਮਰੀਕਾ ਅਤੇ ਚੀਨ ਨੂੰ ਮਿਲ ਕੇ ਰਣਨੀਤਕ ਸਥਿਰਤਾ ਨੂੰ ਗਲੋਬਲ ਪੱਧਰ ਤੇ ਸੁਨਿਸ਼ਚਿਤ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਦਾਰਵਾਦੀ ਮੁਕਾਬਲੇਬਾਜੀ ,ਲਗਾਤਾਰ ਆਪਸੀ ਤੰਨਾਜਿਆ ਦੇ ਬਾਵਜੂਦ ਸਥਿਰਤਾ ਅਤੇ ਸ਼ਾਂਤੀ ਸਬੰਧੀ ਪ੍ਰਤੀਬਧਤਾ ਕਾਇਮ ਰੱਖਣਾ ਜਰੂਰੀ ਹੈ। ਇਹ ਸਿਰਫ ਨਾਰੇਬਾਜ ਜੁਮਲੇਬਾਜੀ ਨਹੀਂ ਬਲਕਿ ਸਾਂਝਾ ਟੀਚਾ ਹੋਣਾ ਚਾਹੀਦਾ ਹੈ ।ਚੀਨ ਹਮੇਸ਼ਾ ਤਾਈਵਾਨ ਨੂੰ ਆਪਣਾ ਅਭਿਨ ਹਿੱਸਾ ਮੰਨਦਾ ਹੈ ।ਸੋ ਇਸ ਮੁੱਦੇ ਤੇ ਦੋ ਟੁਕ ਤਿੱਖੀ ਸ਼ਬਦਾਵਲੀ ਵਿੱਚ ਗੱਲ ਕਰਦਿਆਂ ਸਪਸ਼ਟ ਕੀਤਾ ਕਿ ਚੀਨ -ਅਮਰੀਕਾ ਦਰਮਿਆਨ ਤਾਈਵਾਨ ਦੀ ਆਜ਼ਾਦੀ ਅਤੇ ਤਾਈਵਾਨ ਜਲ ਡਮਰੂ ਵਿਚ ਸ਼ਾਂਤੀ ਬਣਾਈ ਰੱਖਣਾ ਅੱਗ ਅਤੇ ਪਾਣੀ ਦੀ ਤਰ੍ਹਾਂ ਅਸੰਗਤ ਹੈ ।ਇ ਸ ਹਕੀਕਤ ਨੂੰ ਅਮਰੀਕਾ ਨੂੰ ਸਮਝਣਾ ਚਾਹੀਦਾ ਹੈ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਅਤੇ ਆਪਸੀ ਸਬੰਧਾਂ ਦੀ ਸਥਾਈ ਮਜ਼ਬੂਤੀ ਲਈ ।ਤਾਈਵਾਨ ਮੁੱਦਾ ਦੋਵਾਂ ਦੇਸ਼ਾਂ ਦਰਮਿਆਨ ਅਤੀ ਸੰਵੇਦਨਸ਼ੀਲ ਹੈ ਜੋ ਜਰਾ ਕੁ ਕੁਤਾਹੀ ਕਰਕੇ ਜੰਗ ਦੇ ਭਾਂਬੜ ਮਚਾ ਸਕਦਾ ਹੈ ।ਇਸ ਸਬੰਧੀ ਅਮਰੀਕਾ ਨੂੰ ਚੌਕਸ ਰਹਿਣ ਦੀ ਲੋੜ ਹੈ ਨਹੀਂ ਤਾਂ ਦੋਵੇਂ ਮੁਲਕਾਂ ਦਰਮਿਆਨ ਕਿਸੇ ਵੀ ਪਲ ਝੜਪਾਂ ਅਤੇ ਟਕਰਾਅ ਪ੍ਰਚੰਡ ਹੋ ਸਕਦਾ ਹੈ ।
ਬਸ !ਇਹੀ ਸ਼ਬਦ ਸਨ ਜਿਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਹ ਅਤੇ ਅੰਤਰ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ । ਇਸੇ ਕਰਕੇ ਆਖਰ ਉਹ ਦੋਵਾਂ ਦੇਸ਼ਾਂ ਵਿੱਚ ਅਤੀ ਮਹੱਤਵਪੂਰਨ ਮੁੱਦੇ ਬਗੈਰ ਸਲਝਾਉਣ ਦੇ ਵਿੱਚੇ ਛੱਡ ਕੇ ਸੁਦੇਸ਼ ਪਰਤ ਗਏ ।ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵੱਲੋਂ ਕੋਈ ਸਾਂਝੀ ਪ੍ਰੈਸ ਕਾਨਫਰੰਸ ਅਤੇ ਸਾਂਝਾ ਬਿਆਨ ਜਾਰੀ ਵੀ ਨਾ ਕੀਤਾ ਗਿਆ ।ਇਹਨਾਂ ਮੁੱਦਿਆਂ ਹਾਂਜੀ ਲੈ ਆਉਨਾ ਦਾ ਖੁਲਾਸਾ ਅਮਰੀਕਾ ਵਾਪਸ ਪਰਤਣ ਤੇ ਉਹਨਾਂ ਨੇ ਫੋਕਸ ਨਿਊਜ ਨਾਲ ਖੁੱਲ ਕੇ ਕੀਤਾ ।
ਅਣਸੁਲਝੇ ਮੁੱਦੇ :
ਇਸ ਸਿਖਰ ਸੰਮੇਲਨ ਸਮੇਂ ਭਾਵੇਂ ਦੋਵੇਂ ਦੇਸ਼ਾਂ ਦੇ ਆਗੂ ਸਿੱਧੀ ਲੀਡਰਸ਼ਿਪ ਅਤੇ ਕੈਬਨਟ ਪੱਧਰ ਤੇ ਆਪਸੀ ਅੰਦਾਜੇ ਦੂਰ ਕਰਨ ਲਈ ਸੰਪਰਕ ਜਾਰੀ ਰੱਖਣਗੇ , ਯੂਕਰੇਨ ,ਇਰਾਨ ਅਤੇ ਵੱਡੇ ਖੇਤਰੀ ਸੁਰੱਖਿਆ ਦੇ ਮਾਮਲਿਆਂ ਪ੍ਰਤੀ ਪ੍ਰਤੀਬੱਧ ਰਹਿਣਗੇ , ਆਪਸੀ ਵਪਾਰ ,ਏ ਆਈ ਸੁਰੱਖਿਆ ਅਤੇ ਮਾਪ ਦੰਡਾਂ ਪ੍ਰਤੀ ਸਹਿਮਤੀ ,ਸੱਭਿਆਚਾਰਕ ਸਬੰਧ ਨਿਗੇ ਬਣਾਉਣ,ਨਿਰਯਾਤ ਤੇ ਕੰਟਰੋਲ ਕਰਨ ਅਤੇ ਗਲੋਬਲ ਆਰਥਿਕ ਸਥਿਰਤਾ ਲਈ ਕੰਮ ਕਰਨਾ ਜਾਰੀ ਰੱਖਣਗੇ ਲੇਕਿਨ ਅਤੀ ਪ੍ਰਮੁੱਖ ਵਿਚਾਰੇ ਜਾਣ ਵਾਲੇ ਮੁੱਦੇ ਅਨਸੁਲਝੇ ਨਜ਼ਰ ਆਏ ।ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇਹ ਬਿਆਨ ਕਿ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਮਿਲ ਕੇ ਜਿੰਨੇ ਅਹਿਮ ਮਸਲੇ ਨਜਿਠੇ ਹਨ ਉਹਨਾਂ ਨੂੰ ਵਿਸ਼ਵ ਦਾ ਕੋਈ ਹੋਰ ਆਗੂ ਨਹੀਂ ਸੀ ਨਿਜਿੱਠ ਸਕਦਾ ,ਬਿਲਕੁਲ ਖੋਖਲਾ ਅਤੇ ਨਿਰਮੂਲ ਦਿਖਾਈ ਦਿੰਦਾ ਹੈ ।ਯੂਰਰੇਸ਼ੀਆ ਗਰੁੱਪ ਦਾ ਡਾਇਰੈਕਟਰ ਅਮਾਂਡਾ ਹੈਸੀਓ ਕਹਿੰਦਾ ਹੈ ਕਿ ‘ਸੰਬੰਧਾਂ ਦੇ ਮੂਲ ਆਧਾਰਾਂ ਵਿੱਚ ਕੋਈ ਤਬਦੀਲੀ ਨਹੀਂ ਆਈ ‘ਭਾਵ ਸਥਿਤੀਆਂ ਜਿਉਂ ਦੀਆਂ ਤਿਉਂ ਬਣੀਆਂ ਰਹੀਆਂ ।ਉਸਨੇ ਸਪਸ਼ਟ ਕਿਹਾ ਕਿ ਇਸ ਸਿਖਰ ਸੰਮੇਲਨ ਨੂੰ “ਬੇਸਿਟਾ ਸਿਖਰ ਸੰਮੇਲਨ” ਕਿਹਾ ਜਾ ਸਕਦਾ ਹੈ ਕਿਉਂਕਿ ਅਤੀ ਮਹੱਤਵਪੂਰਨ ਮਸਲੇ ਅਮਰੀਕੀ ਰਾਸ਼ਟਰਪਤੀ ਟਰੰਪ ਵਿੱਚ ਹੀ ਛੱਡ ਕੇ ਵਾਪਸ ਚਲਾ ਗਿਆ ।ਹਕੀਕਤ ਇਹ ਵੀ ਹੈ ਕਿ ਚੀਨੀ ਰਾਸ਼ਟਰਪਤੀ ਸੀ ਜਿਨ ਪਿੰਗ ਸਾਹਮਣੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਦਬੰਗਪੁਣਾ ਨਹੀਂ ਚਲ ਸਕਿਆ ।
ਈਰਾਨ:
ਇਰਾਨ ਦੇ ਮਸਲੇ ਤੇ ਗੱਲ ਤਾਂ ਹੋਈ ਪਰ ਇਸ ਦਾ ਕੋਈ ਵਿਸ਼ੇਸ਼ ਹੱਲ ਨਹੀਂ ਨਿਕਲਿਆ ।ਅਮਰੀਕਾ ਨੇ ਆਪਣਾ ਰੁਖ ਸਪਸ਼ਟ ਕਰਦਿਆਂ ਕਿਹਾ ਕਿ ਇਰਾਨ ਕੋਈ ਪਰਮਾਣੂ ਹਥਿਆਰ ਦਾ ਸੰਚਾਲਨ ਨਾ ਕਰੇ ।ਹਰਮੋਸ ਜਲਡਮਰੂ ਨੂੰ ਖੁੱਲਾ ਰੱਖਿਆ ਜਾਵੇ ।ਲੇਕਿਨ ਇਸ ਸਬੰਧੀ ਚੀਨ ਦਾ ਮਤ ਸੀ ਕਿ ਜਦ ਇਸ ਮੁੱਦੇ ਤੇ ਕੋਈ ਟਕਰਾਅ ਹੀ ਨਹੀਂ ਹੋਇਆ ਤਾਂ ਇਸ ਨੂੰ ਗੱਲਬਾਤ ਦਾ ਆਧਾਰ ਬਣਾਉਣ ਦਾ ਕੋਈ ਮਤਲਬ ਨਹੀਂ ।ਹੁਰਮਜ ਜਲਡਮਰੂ ਖੁੱਲਾ ਸੀ ਉਲਟਾ ਅਮਰੀਕਾ ਨੇ ਇਸ ਨੂੰ ਨਾਕਾਬੰਦੀ ਰਾਹੀਂ ਬੰਦ ਕੀਤਾ ।ਫੋਕਸ ਨਿਊਜ਼ ਨਾਲ ਗੱਲਬਾਤ ਕਰਦੇ ਰਾਸ਼ਟਰਪਤੀ ਸੈਂਪ ਨੇ ਕਿਹਾ ਕਿ ਉਹ ਇਰਾਨ ਤੋਂ ਤੇਲ ਖਰੀਦਣ ਵਾਲੀਆਂ ਚੀਨੀ ਕੰਪਨੀਆਂ ਤੇ ਲੱਗੀਆਂ ਪਾਬੰਦੀਆਂ ਵਾਪਸ ਲੈਣ ਤੇ ਵਿਚਾਰ ਕਰ ਰਹੇ ਹਨ ਅਗਲੇ ਦਿਨਾਂ ਵਿੱਚ ਕੋਈ ਨਤੀਜਾ ਵੇਖਣ ਨੂੰ ਮਿਲ ਸਕਦਾ ਹੈ ।
ਤਾਈਵਾਨ :
ਹਕੀਕਤ ਵਿੱਚ ਇਸ ਸਿਖਰ ਸੰਮੇਲਨ ਦੀ ਸਫਲਤਾ ਦਾ ਦਾਰੋਮਦਾਰ ਤਾਈਵਾਨ ਮੁੱਦੇ ਤੇ ਟਿਕਿਆ ਪਿਆ ਸੀ ਜਿਸ ਨੂੰ ਹਰ ਹੀਲੇ ਚੀਨ ਆਪਣੇ ਵਿੱਚ ਜਜ਼ਬ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਫੌਜੀ ਤਾਕਤ ਦੀ ਵਰਤੋਂ ਕਰਨ ਤੋਂ ਵੀ ਬਾਜ ਨਹੀਂ ਆਵੇਗਾ ।ਅਮਰੀਕਾ ਨੇ ਸੰਨ 1982 ਵਿੱਚ ਰੋਨਾਲਡ ਰੀਗਨ ਪ੍ਰਸ਼ਾਸਨ ਸਮੇਂ ਪ੍ਰਤੀਬੱਤਾ ਜਤਾਈ ਸੀ ਕਿ ਉਹ ਤਾਈਵਾਨ ਨੂੰ ਹਥਿਆਰ ਵਿਕਰੀ ਬਾਰੇ ਚੀਨ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕਰੇਗਾ ।ਇਸੇ ਕਰਕੇ ਸਨ ਵੀ 2024 ਵਿੱਚ ਸੀ -ਬਾਈਡਨ ਮਿਲਣੀ ਸਮੇਂ ਰਾਸ਼ਟਰਪਤੀ ਜੋਅ ਬਾਈਡਨ ਨੇ ਚੀਨੀ ਬੋਲੀ ਬੋਲਣ ਤੋਂ ਨਾਹ ਕਰ ਦਿੱਤੀ ਸੀ ।ਟਰੰਪ ਤੇ ਦੋਸ਼ ਸੀ ਕਿ ਉਸ ਨੇ ਇਸ ਨੀਤੀ ਦਾ ਉਲੰਘਣ ਕੀਤਾ ਹੈ ।ਫਰਵਰੀ ,2026ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਸੀ ਕਿ ਸ਼ੀ ਅਤੇ ਉਸਨੇ ਤਾਈਵਾਨ ਨੂੰ ਹੋਰ ਹਥਿਆਰ ਵਿਕਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਹੈ ।ਇਸ ਸਾਲ 11 ਬਿਲੀਅਨ ਡਾਲਰ ਦੇ ਹਥਿਆਰ ਤਾਈਵਾਨ ਨੂੰ ਦੇਣ ਦਾ ਫੈਸਲਾ ਕੀਤਾ ਹੋਇਆ ਹੈ ਅਤੇ ਅੱਗੋਂ 14 ਬਿਲੀਅਨ ਡਾਲਰ ਦੇ ਹਥਿਆਰ ਦੇਣ ਦਾ ਪ੍ਰੋਗਰਾਮ ਵੀ ਹੈ । ਟਰੰਪ ਨੇ ਸਪਸ਼ਟ ਕੀਤਾ ਕਿ ਉਸਨੇ ਚੀਨੀ ਰਾਸ਼ਟਰਪਤੀ ਨੂੰ ਤਾਈਵਾਨ ਸਬੰਧੀ ਕੋਈ ਵਚਨ ਬੱਧਤਾ ਨਹੀਂ ਦਿੱਤੀ ਹੈ ।ਵਿਦੇਸ਼ ਸਕੱਤਰ ਮਾਰਕੋ ਰੂਬੀਓ ਨੇ ਕਿਹਾ ਕਿ ਤਾਈਵਾਨ ਸਬੰਧੀ ਅਮਰੀਕੀ ਸਟੈਂਡ ਵਿੱਚ ਕੋਈ ਤਬਦੀਲੀ ਨਹੀਂ ।ਦਰਅਸਲ ਇਸ ਸਿਖਰ ਸੰਮੇਲਨ ਵਿੱਚ ਚੀਨ ਚਾਹੁੰਦਾ ਸੀ ਕਿ ਅਮਰੀਕਾ ਇਹ ਐਲਾਨ ਕਰੇ ਕਿ ਉਹ ਤਾਈਵਾਨ ਦੀ ਆਜ਼ਾਦੀ ਦੇ ਵਿਰੁੱਧ ਹੈ ਜਾਂ ਉਹ ਤਾਈਵਾਨ ਦੀ ਆਜ਼ਾਦੀ ਦੀ ਹਿਮਾਇਤ ਨਹੀਂ ਕਰਦਾ ।ਲੇਕਿਨ ਹਾਲ ਦੀ ਘੜੀ ਅਮਰੀਕਾ ਨੂੰ ਅਜਿਹਾ ਮਨਜ਼ੂਰ ਨਹੀਂ ।
ਵਪਾਰ:
ਚੀਨ ਨਾਲ ਵਪਾਰਕ ਰਿਸ਼ਤੇ ਵਧਾਉਣ ਲਈ ਟਰੰਪ ਵੱਖ-ਵੱਖ ਵੱਡੀਆਂ ਕੰਪਨੀਆਂ ਜਿਵੇਂ ਨਵੀਦੀਆ ,ਐਪਲ ,ਐਕਸੋਨ ,ਕੁਆਲਕਮ ਆਦਿ ਸਬੰਧਿਤ ਦਰਜਣਾ ਕਾਰਜਕਾਰੀ ਅਧਿਕਾਰੀ ਆਪਣੇ ਵਫਦ ਨਾਲ ਲੈ ਕੇ ਗਏ ਤਾਂ ਕਿ ਚੀਨੀ ਲੀਡਰਸ਼ਿਪ ਅਤੇ ਵਪਾਰਕ ਖੇਤਰ ਨੂੰ ਪ੍ਰਭਾਵਿਤ ਕੀਤਾ ਜਾ ਸਕੇ ।ਲੇਕਿਨ ਇਸ ਖੇਤਰ ਵਿੱਚ ਵੀ ਕੋਈ ਵੱਡੀ ਪ੍ਰਾਪਤੀ ਨਜ਼ਰ ਨਹੀਂ ਆਈ ।ਟਰੰਪ ਲਈ ਤਿੰਨ ਬੱਬੇ ਤਰਜੀਹੀ ਸਨ 1ਬੀਫ 2 ਬੀਨਸ 3ਬੋਇੰਗ ਹਵਾਈ ਜਹਾਜ ਨਿਰਯਾਤ। ਵਪਾਰਕ ਪ੍ਰਤੀਨਿਧ ਜੈਮੀਸਨ ਗਰੀਰ ਅਨੁਸਾਰ ਚੀਨ ਦਾਹਾਈ ਬਿਲੀਅਨ ਦੀਆਂ ਅਮਰੀਕੀ ਖੇਤੀ ਵਸਤਾਂ ਅਗਲੇ ਤਿੰਨ ਸਾਲਾਂ ਵਿੱਚ ਖਰੀਦੇਗਾ ਅਤੇ 26 ਬੋਇੰਗ ਹਵਾਈ ਜਹਾਜ ਖਰੀਦੇਗਾ ਜਦਕਿ ਟਰੰਪ ਦਾ ਟੀਚਾ 750 ਹਵਾਈ ਜਹਾਜ ਸਨ ।
ਦੁਰਲਭ ਧਰਤੀ ਤਤ :
ਚੀਨ ਅੰਦਰ ਦੁਰਲਭ ਧਰਤੀ ਤਤਾਂ ਦੀ ਬਹੁਤਾਤ ਪਾਈ ਜਾਂਦੀ ਹੈ ।ਇਸ ਵਿਸ਼ੇ ਤੇ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ ਹੋਇਆ ਕਿਉਂਕਿ ਚੀਨ ਅਕਤੂਬਰ ਵਿੱਚ ਟੈਰਫ ਜੰਗ ਸਬੰਧੀ ਕਿਸੇ ਫੈਸਲੇ ਬਾਅਦ ਇਸ ਸਬੰਧੀ ਸੋਚ ਵਿਚਾਰ ਕਰੇਗਾ ।ਅਮਰੀਕੀ ਪ੍ਰਸ਼ਾਸਨ ਨੂੰ ਇਹ ਤੱਤ ਖਰੀਦਣ ਵਾਲੀਆਂ ਕੰਪਨੀਆਂ ਵੱਲੋਂ ਵਕਾਲਤ ਕਰਨੀ ਪਵੇਗੀ ।ਵੈਸੇ ਚੀਨ ਨੇ ਆਪਣੇ ਵੱਲੋਂ ਜਾਰੀ ਬਿਆਨ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ ।
ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਇਤਿਹਾਸਿਕ ਦਾਵੋਸ ਭਾਸ਼ਣ ਨੇ ਪੂਰੇ ਵਿਸ਼ਵ ਅੰਦਰ ਸਪਸ਼ਟ ਕਰ ਦਿੱਤਾ ਸੀ ਕਿ ਅਜੋਕਾ ਗਲੋਬਲ ਨਿਜ਼ਾਮ ਪੁਰਾ ਖੰਡਤ ਹੋ ਚੁੱਕਾ ਹੈ । ਸ਼ਕਤੀਆਂ ਦਾ ਬਹੁਪੱਖੀ ਧੁਰਵੀਕਰਨ ਜਨਮ ਲੈ ਚੁੱਕਾ ਹੈ । ਦਰਮਿਆਨੇ ਦਰਜੇ ਵਾਲੀਆ ਸ਼ਕਤੀਆਂ ਨੂੰ ਇੱਕਜੁੱਟ ਹੋ ਕੇ ਨਵੇਂ ਗਲੋਬਲ ਨਿਜ਼ਾਮ ਨੂੰ ਸਥਾਪਿਤ ਕਰਨ ਦੀ ਲੋੜ ਹੈ । ਇਸ ਸਿਖਰ ਸੰਮੇਲਨ ਰਾਹੀਂ ਜਿਵੇਂ ਅਮਰੀਕਾ ਅਤੇ ਚੀਨ ਨੇ ਪੂਰੇ ਗਲੋਬਲ ਨਿਜ਼ਾਮ ਨੂੰ ਆਪਸੀ ਬਾਂਦਰ ਵੰਡ ਰਾਹੀਂ ਕਬਜ਼ੇ ਹੇਠ ਕਰਨ ਦਾ ਯਤਨ ਕੀਤਾ ਉਹ ਆਪਸੀ ਭਰੋਸੇਯੋਗਤਾ ਦੀ ਘਾਟ ਕਰਕੇ ਬੁਰੀ ਤਰਹਾਂ ਨਾਕਾਮ ਰਿਹਾ ।ਸੋ ਇਹ ਸਿਖਰ ਸੰਮੇਲਨ ਬਿਲਕੁਲ ਬੇਸਿੱਟਾ ਰਿਹਾ ।
* ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ
ਕਿੰਗਸਟਨ -ਕੈਨੇਡਾ
Darbara Singh Kahlon.

