ਲੁਧਿਆਣਾ-ਪੰਜਾਬੀ ਗਾਇਕਾ ਯਸ਼ਇੰਦਰ ਕੌਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰਕੇ ਕਤਲ ਕਰਨ ਅਤੇ ਲਾਸ਼ ਨਹਿਰ ਵਿਚ ਸੁੱਟੇ ਜਾਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਰਾਹਗੀਰ ਨੇ ਨਹਿਰ ਵਿੱਚ ਲਾਸ਼ ਤੈਰਦੀ ਦੇਖ ਕੇ ਸਮਰਾਲਾ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਲਾਸ਼ ਬਾਹਰ ਕਢਵਾ ਕੇ ਜਾਂਚ ਸ਼ੁਰੂ ਕੀਤੀ ਤਾਂ ਉਸ ਦੀ ਪਛਾਣ ਗਾਇਕਾ ਇੰਦਰ ਕੌਰ ਵਜੋਂ ਹੋਈ।ਇਸ ਤੋਂ ਬਾਅਦ ਸਮਰਾਲਾ ਪੁਲੀਸ ਨੇ ਥਾਣਾ ਜਮਾਲਪੁਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜਮਾਲਪੁਰ ਪੁਲੀਸ ਨੇ ਇਸ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ; ਮੁੱਖ ਮੁਲਜ਼ਮ ਵਾਰਦਾਤ ਮਗਰੋਂ ਵਿਦੇਸ਼ ਫ਼ਰਾਰ ਹੋ ਗਿਆ ਹੈ । ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਕਤਲ ਪਿੱਛੇ ਇੱਕਤਰਫ਼ਾ ਪਿਆਰ ਅਤੇ ਵਿਆਹ ਤੋਂ ਇਨਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇੰਦਰ ਕੌਰ ਦੇ ਭਰਾ ਜੋਤਇੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ 13 ਮਈ ਦੀ ਰਾਤ ਕਰੀਬ ਸਾਢੇ ਅੱਠ ਵਜੇ ਇੰਦਰ ਆਪਣੀ ਫੋਰਡ ਫਿਗੋ ਕਾਰ ਵਿੱਚ ਘਰੇਲੂ ਸਾਮਾਨ ਲੈਣ ਲਈ ਬਾਜ਼ਾਰ ਗਈ ਸੀ। ਜਦੋਂ ਉਹ ਕਾਫ਼ੀ ਦੇਰ ਘਰ ਨਾ ਪਰਤੀ ਤਾਂ ਪਰਿਵਾਰ ਨੇ ਆਪਣੇ ਪੱਧਰ ’ਤੇ ਪੜਤਾਲ ਸ਼ੁਰੂ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਮੋਗਾ ਦੇ ਪਿੰਡ ਭਲੂਰ ਦਾ ਕੈਨੇਡਾ ਰਹਿਣ ਵਾਲਾ ਸੁਖਵਿੰਦਰ ਸਿੰਘ ਉਰਫ਼ ਸੁੱਖਾ ਇੰਦਰ ’ਤੇ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਸੁੱਖਾ ਪਹਿਲਾਂ ਹੀ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਬੱਚੇ ਵੀ ਸਨ। ਜਦੋਂ ਇੰਦਰ ਨੇ ਰਿਸ਼ਤਾ ਠੁਕਰਾ ਦਿੱਤਾ ਤਾਂ ਉਸ ਨੇ ਰੰਜਿਸ਼ ਤਹਿਤ ਕਤਲ ਦੀ ਸਾਜ਼ਿਸ਼ ਰਚੀ।ਪਰਿਵਾਰ ਦਾ ਦੋਸ਼ ਹੈ ਕਿ ਸੁਖਵਿੰਦਰ ਬਦਲਾ ਲੈਣ ਦੀ ਨੀਅਤ ਨਾਲ ਕੈਨੇਡਾ ਤੋਂ ਨੇਪਾਲ ਦੇ ਰਸਤੇ ਪੰਜਾਬ ਆਇਆ ਸੀ। ਉਸ ਨੇ ਸਾਥੀਆਂ ਨਾਲ ਮਿਲ ਕੇ ਰਸਤੇ ’ਚ ਗਾਇਕਾ ਦੀ ਕਾਰ ਘੇਰੀ ਅਤੇ ਹਥਿਆਰ ਦੀ ਨੋਕ ’ਤੇ ਅਗਵਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੁੜ ਉਸੇ ਰਸਤੇ ਕੈਨੇਡਾ ਫ਼ਰਾਰ ਹੋ ਗਿਆ।
