Jul 13, 2026

ਇਸਲਾਮਿਕ ਸੈਂਟਰ ਇਲਾਕੇ ਦੀ ਸਭ ਤੋਂ ਵੱਡੀ ਮਸਜਿਦ ਹੈ, ਜਿੱਥੇ ਬੱਚਿਆਂ ਲਈ ਅਲ ਰਸ਼ੀਦ ਸਕੂਲ ਵੀ ਚੱਲਦਾ ਹੈ। ਪੁਲੀਸ ਨੇ ਸਾਫ਼ ਕੀਤਾ ਕਿ ਸਕੂਲ ਦੇ ਸਾਰੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੋਲੀਬਾਰੀ ਨੂੰ ਬਹੁਤ ਹੀ ਭਿਆਨਕ ਸਥਿਤੀ ਕਰਾਰ ਦਿੱਤਾ ਹੈ। ਮਸਜਿਦ ਦੇ ਨਿਰਦੇਸ਼ਕ ਇਮਾਮ ਤਾਹਾ ਹਸਨ ਨੇ ਘਟਨਾ ਨੂੰ ਅਤਿ ਨਿੰਦਣਯੋਗ ਦੱਸਦਿਆਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਅਮਰੀਕਨ-ਇਸਲਾਮਿਕ ਰਿਲੇਸ਼ਨਜ਼ ਕੌਂਸਲ ਅਤੇ ਗਵਰਨਰ ਗੈਵਿਨ ਨਿਊਜ਼ਮ ਦੇ ਦਫ਼ਤਰ ਨੇ ਵੀ ਇਸ ਹਿੰਸਕ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ ਹੈ। ਪੁਲੀਸ ਮੁਖੀ ਸਕੌਟ ਵਾਹਲ ਅਨੁਸਾਰ ਮੁੱਖ ਹਮਲਾਵਰ ਦੀ ਮਾਂ ਨੇ ਗੋਲੀਬਾਰੀ ਦੀ ਘਟਨਾ ਤੋਂ ਤਕਰੀਬਨ ਦੋ ਘੰਟੇ ਪਹਿਲਾਂ ਫੋਨ ਕਰ ਕੇ ਦੱਸਿਆ ਸੀ ਕਿ ਉਸ ਦਾ ਪੁੱਤਰ ਘਰੋਂ ਕਈ ਖ਼ਤਰਨਾਕ ਹਥਿਆਰ ਅਤੇ ਗੱਡੀ ਲੈ ਕੇ ਕਿਤੇ ਚਲਾ ਗਿਆ ਹੈ। ਇਸ ਸੂਚਨਾ ਤੋਂ ਬਾਅਦ ਪੁਲੀਸ ਹਰਕਤ ਵਿੱਚ ਆਈ ਅਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਇਹ ਵਾਰਦਾਤ ਰੋਕੀ ਨਹੀਂ ਜਾ ਸਕੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਮਲਾਵਰ ਦਾ ਘਰ ਮਸਜਿਦ ਤੋਂ ਕੁੱਝ ਹੀ ਦੂਰੀ ’ਤੇ ਹੀ ਹੈ।