May 20, 2026

ਬੈਗ ਟੈਗਾਂ ਵਿਚ ਕੀਤੀ ਜਾਂਦੀ ਸੀ ਹੇਰਾਫੇਰੀ- 6 ਕਰਮਚਾਰੀ ਕਾਬੂ-

ਟੋਰਾਂਟੋ- ਕੈਨੇਡਾ ਦੇ ਵੱਡੇ ਹਵਾਈ ਅੱਡਿਆਂ, ਖ਼ਾਸ ਕਰਕੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ, ਇੱਕ ਬੇਹੱਦ ਖ਼ਤਰਨਾਕ ਅਤੇ ਚਲਾਕੀ ਭਰਪੂਰ ਨਸ਼ਾ ਤਸਕਰੀ ਦਾ ਰੈਕਟ ਬੇਨਕਾਬ ਹੋਇਆ ਹੈ। ਮੀਡੀਆ ਦੀ ਜਾਂਚ ਇਕਾਈ W-5 ਦੀ ਰਿਪੋਰਟ ਮੁਤਾਬਕ, ਹਵਾਈ ਅੱਡੇ ਦੇ ਕੁਝ ਭ੍ਰਿਸ਼ਟ ਕਰਮਚਾਰੀ ਆਮ ਅਤੇ ਬੇਗੁਨਾਹ ਯਾਤਰੀਆਂ ਦੇ ਅਸਲੀ ਬੈਗਾਂ ਤੋਂ ਸੁਰੱਖਿਆ ਟੈਗ ਹਟਾ ਕੇ, ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਭਰੇ ਸੂਟਕੇਸਾਂ ’ਤੇ ਲਗਾ ਦਿੰਦੇ ਸਨ। ਇਹ ਨਸ਼ਿਆਂ ਵਾਲੇ ਬੈਗ ਫਿਰ ਵਿਦੇਸ਼ੀ ਮੰਜ਼ਿਲਾਂ ਵੱਲ ਭੇਜੇ ਜਾਂਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਟੋਰਾਂਟੋ ਏਅਰਪੋਰਟ ’ਤੇ ਕਰੀਬ 3,000 ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਇਹ ਗੋਰਖਧੰਦਾ ਬੇਖ਼ੌਫ਼ ਚੱਲ ਰਿਹਾ ਸੀ, ਜਿਸ ਨੇ ਕੈਨੇਡੀਅਨ ਹਵਾਈ ਅੱਡਿਆਂ ਵਿੱਚ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਦੀ ਪਹੁੰਚ ਬਾਰੇ ਗੰਭੀਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਛੇ ਕਰਮਚਾਰੀ ਕਾਬੂ-ਇਸ ਗਿਰੋਹ ਦੇ ਕੰਮ ਕਰਨ ਦਾ ਤਰੀਕਾ  ਬਹੁਤ ਹੀ ਸ਼ਾਤਿਰਾਨਾ ਸੀ। ਹਵਾਈ ਅੱਡੇ ’ਤੇ ਤਾਇਨਾਤ ਇੱਕ ਭ੍ਰਿਸ਼ਟ ਬੈਗੇਜ ਹੈਂਡਲਰ ਜਾਂ ਰੈਂਪ ਵਰਕਰ ਕਿਸੇ ਸਧਾਰਨ ਯਾਤਰੀ ਦੇ ਚੈੱਕ-ਇਨ ਕੀਤੇ ਬੈਗ ਤੋਂ ਅਸਲੀ ਬਾਰਕੋਡ ਵਾਲਾ ਟੈਗ ਉਤਾਰ ਲੈਂਦਾ ਸੀ ਅਤੇ ਉਸ ਨੂੰ ਤਸਕਰੀ ਵਾਲੇ ਨਸ਼ੇ ਦੇ ਬੈਗ ’ਤੇ ਚਿਪਕਾ ਦਿੰਦਾ ਸੀ। ਜੇਕਰ ਉਹ ਨਸ਼ੇ ਵਾਲਾ ਬੈਗ ਅਗਲੇ ਦੇਸ਼ ਦੀ ਕਸਟਮ ਜਾਂਚ ਤੋਂ ਬਚ ਕੇ ਨਿਕਲ ਜਾਂਦਾ, ਤਾਂ ਉੱਥੇ ਮੌਜੂਦ ਗਿਰੋਹ ਦੇ ਮੈਂਬਰ ਉਸ ਨੂੰ ਹਾਸਲ ਕਰ ਲੈਂਦੇ ਸਨ। ਪਰ ਜੇਕਰ ਬੈਗ ਫੜਿਆ ਜਾਂਦਾ, ਤਾਂ ਟੈਗ ’ਤੇ ਦਰਜ ਨਾਮ ਕਾਰਨ ਉਹ ਬੇਗੁਨਾਹ ਯਾਤਰੀ ਹੀ ਮੁੱਖ ਦੋਸ਼ੀ ਬਣ ਜਾਂਦਾ ਸੀ। ਇਸ ਸਬੰਧੀ ਕਾਰਵਾਈ ਕਰਦਿਆਂ ਆਰ ਸੀ ਐਮ ਪੀ ਨੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਛੇ ਬੈਗੇਜ ਅਤੇ ਰੈਂਪ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀਆਂ ਦਾ ਖ਼ਦਸ਼ਾ ਹੈ ਕਿ ਇਹ ਰੈਕਟ ਫੜੇ ਗਏ ਮਾਮਲਿਆਂ ਤੋਂ ਕਿਤੇ ਜ਼ਿਆਦਾ ਵੱਡਾ ਹੋ ਸਕਦਾ ਹੈ।

Leave a Reply

Your email address will not be published. Required fields are marked *