ਪਟਿਆਲਾ-ਸਰਕਾਰੀ ਮੈਡੀਕਲ ਕਾਲਜ ਦੇ ਚੌਥੇ ਸਾਲ ਦੇ ਇੱਕ ਵਿਦਿਆਰਥੀ ਦਾ ਸੋਮਵਾਰ ਨੂੰ ਕਈ ਵਾਰ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਤੋਂ ਦੋ ਦਿਨ ਬਾਅਦ, ਪਟਿਆਲਾ ਪੁਲੀਸ ਨੇ ਮ੍ਰਿਤਕ ਦੇ ਬਚਪਨ ਦੇ ਦੋਸਤ ਨੂੰ ਗ੍ਰਿਫ਼ਤਾਰ ਕਰਕੇ ਇਸ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੁਲਜ਼ਮ ਨੂੰ ਦਬੋਚਣ ਲਈ ਪੁਲੀਸ ਦੀਆਂ ਤਿੰਨ ਟੀਮਾਂ ਨੇ 49 ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਲਗਾਤਾਰ ਮਿਹਨਤ ਕੀਤੀ।
ਸੀਨੀਅਰ ਅਧਿਕਾਰੀਆਂ ਨੇ ਮੋਹਿਤ ਵਰਮਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ, ਜਿਸ ਨੇ ਕਥਿਤ ਤੌਰ ‘ਤੇ ਪੀੜਤ ਕਮਲਦੀਪ ਮਿੱਤਲ ਨੂੰ 28 ਤੋਂ ਵੱਧ ਵਾਰ ਚਾਕੂ ਮਾਰੇ ਅਤੇ ਇਹ ਯਕੀਨੀ ਬਣਾਇਆ ਕਿ “ਉਹ ਮਰ ਚੁੱਕਾ ਹੈ।” ਪੁਲੀਸ ਮੁਤਾਬਕ, “ਮੋਹਿਤ ਨੇ ਸ਼ੁਰੂਆਤੀ ਤੌਰ ‘ਤੇ ਕਬੂਲ ਕੀਤਾ ਹੈ ਕਿ ਉਸਨੇ ਪੀੜਤ ਦੇ 12 ਤੋਂ 13 ਲੱਖ ਰੁਪਏ ਹੜੱਪ ਲਏ ਸਨ ਅਤੇ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਉਸ ਨੇ ਪਹਿਲਾ ਲਿਆ ਕਰਜ਼ਾ ਵੀ ਵਾਪਸ ਨਹੀਂ ਕੀਤਾ ਸੀ ਅਤੇ ਜਦੋਂ ਪੀੜਤ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਹ ਗੁੱਸੇ ਵਿੱਚ ਆ ਗਿਆ।”
